ਨਿਗਮ ਚੋਣਾਂ ਨੂੰ ਵੇਖਦਿਆਂ ਹੁਣ ਫਿਰ ਹੋਵੇਗਾ ਦਲ-ਬਦਲ, ਕਈ ਆਗੂ ਜਲਦ ਮਾਰਨਗੇ ਪਲਟੀ
Wednesday, Nov 13, 2024 - 11:31 AM (IST)
ਜਲੰਧਰ (ਖੁਰਾਣਾ)–ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬਾਅਦ ਹੁਣ ਸੁਪਰੀਮ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਨਿਗਮ ਚੋਣਾਂ ਜਲਦ ਕਰਵਾਉਣ ਦੇ ਹੁਕਮ ਦਿੱਤੇ ਹਨ, ਜਿਸ ਦੇ ਤੁਰੰਤ ਬਾਅਦ ਹੁਣ ਆਮ ਆਦਮੀ ਪਾਰਟੀ ਵਿਚ ਵਿਚਾਰ ਮੰਥਨ ਸ਼ੁਰੂ ਹੋ ਚੁੱਕਾ ਹੈ ਕਿ ਇਨ੍ਹਾਂ ਚੋਣਾਂ ਨੂੰ ਕਿਵੇਂ ਜਿੱਤਣਾ ਹੈ ਤਾਂ ਕਿ ਹੇਠਲੇ ਪੱਧਰ ਤਕ ਪਾਰਟੀ ਦਾ ਵਜੂਦ ਨਜ਼ਰ ਆਏ। ਖ਼ਾਸ ਗੱਲ ਇਹ ਹੈ ਕਿ ਨਿਗਮ ਚੋਣਾਂ ਦਾ ਸਿੱਧਾ ਅਸਰ 2027 ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪਵੇਗਾ, ਇਸ ਲਈ ਸੱਤਾ ਧਿਰ ਇਨ੍ਹਾਂ ਨਿਗਮ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਜਲੰਧਰ ਦੀ ਗੱਲ ਕਰੀਏ ਤਾਂ 2023 ਦੀਆਂ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ 3 ਲੱਖ ਤੋਂ ਵੱਧ ਵੋਟਾਂ ਹਾਸਲ ਕਰਕੇ ਸੰਸਦੀ ਚੋਣ ਜਿੱਤੀ ਸੀ ਪਰ ਉਸ ਤੋਂ ਬਾਅਦ ਹੁਣ 2024 ਵਿਚ ਲੋਕ ਸਭਾ ਦੀਆਂ ਆਮ ਚੋਣਾਂ ਹੋਈਆਂ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ ਮੁਸ਼ਕਲ ਨਾਲ ਹੀ 2 ਲੱਖ ਵੋਟਾਂ ਹੀ ਕਰਾਸ ਕਰ ਸਕੇ। ਹੁਣ ਵੇਖਣਾ ਹੋਵੇਗਾ ਕਿ ਆਗਾਮੀ ਨਿਗਮ ਚੋਣਾਂ ਜਿੱਤਣ ਲਈ ਆਮ ਆਦਮੀ ਪਾਰਟੀ ਕੀ ਰਣਨੀਤੀ ਬਣਾਉਂਦੀ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ ’ਚ ਇਕ ਹੋਰ ਗਵਾਹ ਆਇਆ ਸਾਹਮਣੇ, ਹੋਇਆ ਹੁਣ ਤੱਕ ਦਾ ਵੱਡਾ ਖ਼ੁਲਾਸਾ
ਫਿਰ ਸਰਗਰਮ ਹੋਣ ਜਾ ਰਹੇ ਹਨ ਦਲ-ਬਦਲੂ, ਕਈ ਵਾਰਡਾਂ ਵਿਚ ਪਲਟੀ ਮਾਰਨ ਜਾ ਰਹੇ ਛੋਟੇ-ਛੋਟੇ ਆਗੂ
ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਵੈਸਟ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਭਾਰੀ ਜਿੱਤ ਨਸੀਬ ਹੋਈ ਪਰ ਇਸ ਦੌਰਾਨ ਜੰਮ ਕੇ ਦਲ-ਬਦਲ ਹੋਇਆ। ਪਿਛਲੇ ਕੁਝ ਸਾਲਾਂ ਵਿਚ ਜਲੰਧਰ ਦੇ ਆਗੂਆਂ ਦੀ ਗੱਲ ਕਰੀਏ ਤਾਂ ਮਹਿੰਦਰ ਸਿੰਘ ਕੇ. ਪੀ., ਸੁਸ਼ੀਲ ਰਿੰਕੂ, ਕਰਮਜੀਤ ਕੌਰ ਚੌਧਰੀ, ਸ਼ੀਤਲ ਅੰਗੁਰਾਲ, ਪਵਨ ਟੀਨੂੰ, ਗੁਰਚਰਨ ਸਿੰਘ ਚੰਨੀ, ਜਗਬੀਰ ਬਰਾੜ ਆਦਿ ਆਪਣੀਆਂ ਮੂਲ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਜਾ ਚੁੱਕੇ ਹਨ। ਅਜਿਹੀ ਸਥਿਤੀ ਵਿਚ ਵਾਰਡ ਪੱਧਰ ਦੇ ਕਈ ਆਗੂ ਵੀ ਦਲ-ਬਦਲ ਕਰ ਚੁੱਕੇ ਹਨ। ਹੁਣ ਕਿਉਂਕਿ ਨਿਗਮ ਚੋਣਾਂ ਦੀ ਆਹਟ ਸੁਣਾਈ ਦੇਣ ਲੱਗੀ ਹੈ, ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਦਲ-ਬਦਲੂ ਫਿਰ ਸਰਗਰਮ ਹੋ ਸਕਦੇ ਹਨ। 'ਆਪ' ਲੀਡਰਸ਼ਿਪ ਪੂਰਾ ਜ਼ੋਰ ਲਾਵੇਗੀ ਕਿ ਬਾਕੀ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਖੇਮੇ ਵਿਚ ਆਉਣ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ੁਸ਼ਖ਼ਬਰੀ: ਆਦਮਪੁਰ ਏਅਰਪੋਰਟ ਤੋਂ ਸ਼ੁਰੂ ਹੋਣਗੀਆਂ ਇਹ ਦੋ ਫਲਾਈਟਾਂ
ਇਸ ਸਮੇਂ ਹਾਲਾਤ ਇਹ ਹਨ ਕਿ ਸ਼ਹਿਰ ਦੇ ਕਈ ਆਗੂ ਅਜਿਹੇ ਹਨ, ਜਿਨ੍ਹਾਂ ਨੂੰ ਦਲ-ਬਦਲੀ ਕਰਨ ਦੀ ਇਵਜ਼ ਵਿਚ ਕੋਈ ਫਾਇਦਾ ਨਹੀਂ ਹੋਇਆ। ਹੁਣ ਕੌਂਸਲਰ ਪੱਧਰ ਦੇ ਕਈ ਆਗੂ ਆਪਣੇ-ਆਪਣੇ ਵਾਰਡ ਦਾ ਹਿਸਾਬ-ਕਿਤਾਬ ਕਰਨ ਵਿਚ ਜੁਟ ਗਏ ਹਨ ਅਤੇ ਵੱਖ-ਵੱਖ ਹਾਲਾਤ ਦਾ ਵਿਸ਼ਲੇਸ਼ਣ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਕੌਂਸਲਰ ਪੱਧਰ ਦੇ ਕਈ ਆਗੂਆਂ ਨੇ ਵੀ ਪਿਛਲੇ ਸਮੇਂ ਦੌਰਾਨ ਦਲ-ਬਦਲ ਕੀਤਾ ਸੀ ਅਤੇ ਕਈਆਂ ਨੇ ਤਾਂ ਵਾਰ-ਵਾਰ ਆਪਣੀਆਂ ਪਾਰਟੀਆਂ ਨੂੰ ਬਦਲਿਆ, ਜਿਸ ਕਾਰਨ ਉਨ੍ਹਾਂ ਦਾ ਜਨਤਕ ਆਧਾਰ ਹੀ ਕਮਜ਼ੋਰ ਹੋਇਆ ਹੈ। ਉਂਝ ਕਈ ਆਗੂਆਂ ਨੇ ਆਪਣੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਨਿਗਮ ਚੋਣਾਂ ਕਿਸ ਪਾਰਟੀ ਵੱਲੋਂ ਲੜੀਆਂ ਜਾਣ। ਹੁਣ ਦੇਖਣਾ ਹੈ ਕਿ ਕੁਝ ਹਫਤੇ ਬਾਅਦ ਜਦੋਂ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਕੀ ਸਮੀਕਰਨ ਬਣਦੇ ਹਨ।
'ਆਪ' ਐਕਟਿਵ, ਕਾਂਗਰਸੀ ਓਵਰ ਕਾਨਫੀਡੈਂਟ ਅਤੇ ਭਾਜਪਾ ਨੂੰ ਅਕਾਲੀ ਦਲ ਦਾ ਨੁਕਸਾਨ
2024 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦਾ ਜਲੰਧਰ ਲੋਕ ਸਭਾ ਸੀਟ ’ਤੇ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਅਤੇ ਕਾਂਗਰਸੀ ਉਮੀਦਵਾਰ ਨੇ ਪਿਛਲੀ ਵਾਰ ਦੇ ਮੁਕਾਬਲੇ ਲੱਗਭਗ ਇਕ ਲੱਖ ਵੋਟਾਂ ਜ਼ਿਆਦਾ ਹਾਸਲ ਕੀਤੀਆਂ। ਇਸ ਨਾਲ ਲੋਕਲ ਲੈਵਲ ਦੇ ਕਾਂਗਰਸੀ ਆਗੂਆਂ ਦੇ ਹੌਸਲੇ ਕਾਫ਼ੀ ਬੁਲੰਦ ਹਨ ਪਰ ਕਾਂਗਰਸੀ ਓਵਰ ਕਾਨਫੀਡੈਂਟ ਵੀ ਦਿਸ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਸਰਕਾਰ ਹੋਣ ਦਾ ਪੂਰਾ ਲਾਭ ਮਿਲੇਗਾ, ਇਸ ਲਈ ਨਿਗਮ ਚੋਣਾਂ ਦੀ ਆਹਟ ਸੁਣਾਈ ਦਿੰਦੇ ਹੀ 'ਆਪ' ਲੀਡਰਸ਼ਿਪ ਐਕਟਿਵ ਹੋ ਗਈ ਹੈ। ਆਉਣ ਵਾਲੇ 1-2 ਮਹੀਨਿਆਂ ਦੌਰਾਨ ਜਲੰਧਰ ਦੀ ਸ਼ਕਲ ਬਦਲਣ ਦੀ ਪੂਰੀ-ਪੂਰੀ ਕੋਸ਼ਿਸ਼ ਹੋਵੇਗੀ ਅਤੇ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਹੋਵੇਗੀ।
ਭਾਜਪਾ ਦੀ ਗੱਲ ਕਰੀਏ ਤਾਂ ਇਸ ਪਾਰਟੀ ਨੂੰ ਅਕਾਲੀ ਦਲ ਨਾਲ ਨਾਤਾ ਟੁੱਟਣ ਦਾ ਲਗਾਤਾਰ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਹਿਰ ਵਿਚ ਭਾਜਪਾ ਦਾ ਪ੍ਰਦਰਸ਼ਨ ਪਿਛਲੀ ਲੋਕ ਸਭਾ ਜ਼ਿਮਨੀ ਚੋਣ, ਆਮ ਚੋਣਾਂ ਅਤੇ ਵੈਸਟ ਵਿਧਾਨ ਸਭਾ ਚੋਣਾਂ ਦੌਰਾਨ ਕਾਫ਼ੀ ਖ਼ਰਾਬ ਰਿਹਾ ਹੈ। ਇਸ ਲਈ ਇਸ ਪਾਰਟੀ ਨੂੰ ਆਪਣੇ ਵਰਕਰਾਂ ਵਿਚ ਨਵੀਂ ਜਾਨ ਫੂਕਣੀ ਹੋਵੇਗੀ, ਜੋ ਲਗਾਤਾਰ ਮਾਯੂਸ ਹੁੰਦੇ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਹੋਇਆ ਸ਼ਰਮਸਾਰ, ਹਿਮਾਚਲ ਦੀ ਕੁੜੀ ਦੀ ਰੋਲਦਾ ਰਿਹਾ ਪੱਤ, ਡਾਕਟਰ ਕੋਲ ਪੁੱਜੀ ਤਾਂ ਖੁੱਲ੍ਹਿਆ ਭੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8