ਰਾਜਨੀਤੀ ''ਚ ਹਿੱਸਾ ਲੈਣ ''ਤੇ ਜਾਣੋ ਕੀ ਬੋਲੇ ਭਾਈ ਲੌਂਗੋਵਾਲ

Thursday, Jan 23, 2020 - 04:11 PM (IST)

ਰਾਜਨੀਤੀ ''ਚ ਹਿੱਸਾ ਲੈਣ ''ਤੇ ਜਾਣੋ ਕੀ ਬੋਲੇ ਭਾਈ ਲੌਂਗੋਵਾਲ

ਲੌਂਗੋਵਾਲ (ਵਸ਼ਿਸ਼ਟ) : ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਹੀ ਸੰਸਥਾਵਾਂ ਸਿੱਖਾਂ ਦੀਆਂ ਨੁਮਾਇੰਦਾ ਜਮਾਤਾਂ ਹਨ। ਸਾਡਾ ਧਰਮ ਅਤੇ ਰਾਜਨੀਤੀ ਸਾਂਝੀ ਹੈ। ਇਸ ਲਈ ਮੇਰੇ ਵੱਲੋਂ ਰਾਜਨੀਤਕ ਸਰਗਰਮੀਆਂ ਵਿਚ ਹਿੱਸਾ ਲੈਣਾ ਜਾਂ ਬਿਆਨਬਾਜ਼ੀ ਕਰਨਾ ਕੋਈ ਗੈਰ ਵਾਜਬ ਨਹੀਂ। ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਦੋਂ ਕਹੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇਕ ਧਾਰਮਿਕ ਆਗੂ ਨੂੰ ਕੀ ਸਰਗਰਮ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ, ਸਿੱਖਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਅਤੇ ਸਾਨੂੰ ਸੰਤ ਸਿਪਾਹੀ ਦਾ ਰੁਤਬਾ ਬਖਸ਼ਿਆ।

ਭਾਈ ਲੌਂਗੋਵਾਲ ਨੇ ਕਿਹਾ ਕਿ ਜਥੇਦਾਰ ਖੜਕ ਸਿੰਘ, ਮਾਸਟਰ ਤਾਰਾ ਸਿੰਘ ਅਤੇ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਰਾਜਨੀਤੀ ਵਿਚ ਵੀ ਸਰਗਰਮ ਰਹੇ ਹਨ ਅਤੇ ਉਨ੍ਹਾਂ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤੇ। ਦਿੱਲੀ ਵਿਚਲੇ ਅਕਾਲੀ-ਭਾਜਪਾ ਗੱਠਜੋੜ ਟੁੱਟਣ 'ਤੇ ਭਾਈ ਲੌਂਗੋਵਾਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸਿਧਾਂਤਾਂ ਦੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਕਿਸੇ ਧਰਮ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਨਾਗਰਿਕਤਾ ਸੋਧ ਬਿੱਲ ਦੇ ਹੱਕ ਵਿਚ ਹਾਂ, ਜਿਸ ਨਾਲ ਬਾਹਰਲੇ ਸਿੱਖ-ਹਿੰਦੂਆਂ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਭਾਰਤ ਵਿਚ ਨਾਗਰਿਕਤਾ ਮਿਲ ਸਕੇਗੀ। ਐਸ.ਜੀ.ਪੀ.ਸੀ ਪ੍ਰਧਾਨ ਨੇ ਕਿਹਾ ਕਿ ਇਹ ਮੰਗ ਤਾਂ ਅਸੀਂ ਬਹੁਤ ਲੰਬੇ ਸਮੇਂ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਪਰ ਇਸ ਵਿਚ ਵਿਚ ਮੁਸਲਮਾਨ ਭਾਈਚਾਰੇ ਨੂੰ ਨਾ ਰੱਖਣਾ ਅਸੀਂ ਇਸ ਦੇ ਹੱਕ ਵਿਚ ਨਹੀਂ ਹਾਂ। ਉਨ੍ਹਾਂ ਕਿਹਾ ਕਿ ਨਾਗਰਿਕਤਾ ਜਾਤ-ਪਾਤ ਜਾਂ ਧਰਮ ਦੇ ਆਧਾਰ 'ਤੇ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੀ ਅਸੀਂ ਸਮੁੱਚੇ ਧਰਮਾਂ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਕਿ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਸਾਨੂੰ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਤੋਂ ਕਿਨਾਰਾ ਕਰਨਾ ਪਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਸਟੈਂਡ 'ਤੇ ਪੂਰੀ ਤਰ੍ਹਾਂ ਦ੍ਰਿੜ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਕਿ 2 ਫਰਵਰੀ ਦੀ ਸੰਗਰੂਰ ਰੈਲੀ ਸਬੰਧੀ ਹੋ ਰਹੀਆਂ ਮੀਟਿੰਗਾਂ ਵਿਚ ਕੈਪਟਨ ਸਰਕਾਰ ਨੂੰ ਘੱਟ ਅਤੇ ਢੀਂਡਸਾ ਪਰਿਵਾਰ ਨੂੰ ਵੱਧ ਕਿਉਂ ਭੰਡਿਆ ਜਾ ਰਿਹਾ ਹੈ, ਇਸ ਦੇ ਜਵਾਬ ਵਿਚ ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਰੈਲੀ ਕੈਪਟਨ ਸਰਕਾਰ ਦੀਆਂ ਘਟੀਆਂ ਨੀਤੀਆਂ ਦੇ ਨਾਲ-ਨਾਲ ਢੀਂਡਸਾ ਪਿਉ-ਪੁੱਤ ਖਿਲਾਫ ਵੀ ਹੈ। ਕਿਉਂਕਿ ਉਨ੍ਹਾਂ ਨੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲਾ ਸੰਗਰੂਰ ਅਤੇ ਬਰਨਾਲਾ ਵਿਚ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 2 ਫਰਵਰੀ ਨੂੰ ਵਿਰੋਧੀਆਂ ਦੇ ਸਭ ਭੁਲੇਖੇ ਦੂਰ ਹੋ ਜਾਣਗੇ।


author

cherry

Content Editor

Related News