ਲੌਂਗੋਵਾਲ ਦੀ ਅਨੂਬਾ ਜਿੰਦਲ ਹਰਿਆਣਾ ਦੀ ਵੀ ਬਣੀ ਜੱਜ
Thursday, Feb 06, 2020 - 06:11 PM (IST)
ਲੌਂਗੋਵਾਲ (ਵਸ਼ਿਸ਼ਟ) : ਰਾਜਸਥਾਨ ਜੂਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰਕੇ ਜੱਜ ਬਣਨ ਵਾਲੀ ਕਸਬਾ ਲੌਂਗੋਵਾਲ ਦੀ ਬੇਟੀ ਅਨੂਬਾ ਜਿੰਦਲ ਨੇ ਇਕ ਹੋਰ ਬਾਜ਼ੀ ਮਾਰਦਿਆ ਹੁਣ ਹਰਿਆਣਾ ਸਿਵਲ ਸਰਵਿਸ (ਜੂਡੀਸ਼ੀਅਲ ਬ੍ਰਾਂਚ) ਪ੍ਰੀਖਿਆ 'ਚੋਂ 11ਵਾਂ ਰੈਂਕ ਹਾਸਲ ਕੀਤਾ ਹੈ । ਇਥੋਂ ਦੇ ਰਾਮ ਗੋਪਾਲ ਜਿੰਦਲ ਦੀ ਬੇਟੀ ਅਨੂਬਾ ਜਿੰਦਲ ਨਵੰਬਰ 2019 ਵਿਚ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਸੀ। ਆਪਣੀ ਦੂਜੀ ਸਫਲਤਾ ਤੋਂ ਬਾਅਦ ਆਪਣੇ ਘਰ ਪਹੁੰਚੀ ਅਨੂਬਾ ਜਿੰਦਲ ਦਾ ਉਸ ਦੇ ਦਾਦਾ ਦੇਵ ਰਾਜ, ਦਾਦੀ ਹੁਕਮਾ ਦੇਵੀ, ਪਿਤਾ ਰਾਮ ਗੋਪਾਲ ਜਿੰਦਲ, ਮਾਤਾ ਸੁਸ਼ਮਾ ਜਿੰਦਲ, ਭਰਾ ਨਮਨ ਜਿੰਦਲ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਉਸ ਦਾ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਅਨੂਬਾ ਜਿੰਦਲ ਨੇ ਕਿਹਾ ਕਿ ਉਸ ਨੂੰ ਦੂਜੀ ਵਾਰ ਸਫਲਤਾ ਹਾਸਲ ਕਰਕੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਉਸ ਨੇ ਕਿਹਾ ਕਿ ਜਦ ਉਹ ਰਾਜਸਥਨ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਸੀ ਤਾਂ ਉਸ ਨੂੰ ਲੱਗਾ ਸੀ ਕਿ ਉਸ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਹੈ ਪਰ ਜਦ ਪਹਿਲੀ ਵਾਰ ਜੱਜ ਬਣ ਕੇ ਲੌਂਗੋਵਾਲ ਪਹੁੰਚੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਸਿਰਫ ਆਪਣਾ ਹੀ ਨਹੀਂ ਬਲਕਿ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਲੌਗੋਵਾਲ ਨਿਵਾਸੀਆਂ ਦਾ ਵੀ ਸੁਪਨਾ ਪੂਰਾ ਕੀਤਾ ਹੈ। ਪਹਿਲੀ ਅਤੇ ਦੂਜੀ ਸਫਲਤਾ ਦਾ ਸਿਹਰਾ ਅਨੂਬਾ ਨੇ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ, ਵਸੰਤ ਵੈਲੀ ਪਬਲਿਕ ਸਕੂਲ ਲੱਡਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟਾਫ ਅਤੇ ਅਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਹੈ। ਜਿਨ੍ਹਾਂ ਦੀ ਸਿੱਖਿਆ ਅਤੇ ਸਹਿਯੋਗ ਦੀ ਬਦੌਲਤ ਉਹ ਅੱਜ ਇਹ ਮੰਜ਼ਿਲ ਹਾਸਲ ਕਰ ਸਕੀ ਹੈ ।ਉਸ ਨੇ ਕਿਹਾ ਕਿ ਉਹ ਪੂਰੀ ਈਮਾਨਦਾਰੀ ਨਾਲ ਆਪਣੀ ਇਸ ਸੇਵਾ ਨੂੰ ਨਿਭਾਏਗੀ।