''ਆਪ'' ਵਲੋਂ 5 ਲੋਕ ਸਭਾ ਸੀਟਾਂ ''ਤੇ ਉਮੀਦਵਾਰਾਂ ਦਾ ਐਲਾਨ, ਸੌਖੀ ਨਹੀਂ ਹੋਵੇਗੀ ਭਗਵੰਤ ਦੀ ਰਾਹ

10/30/2018 7:21:03 PM

ਜਲੰਧਰ : ਆਮ ਆਦਮੀ ਪਾਰਟੀ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ 5 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਪਾਰਟੀ ਨੇ ਸੀਨੀਅਰ ਆਗੂ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਸੰਗਰੂਰ ਤੋਂ ਹੀ ਚੋਣ ਲੜਾਉਣ ਦਾ ਐਲਾਨ ਕੀਤਾ ਹੈ। ਹੁਣ ਜਦੋਂ ਪਾਰਟੀ ਵਲੋਂ ਪੰਜ ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਹੁਣ ਲੋਕ ਸਭਾ ਚੋਣਾਂ ਲਈ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਕਾਂਗਰਸ ਅਤੇ ਅਕਾਲੀ ਦਲ ਵਲੋਂ ਅਜੇ ਤਕ ਇਸ ਸੀਟ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਕਾਲੀ ਦਲ ਵਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਜੋ ਕਿ ਹੁਣ ਅਸਤੀਫਾ ਦੇ ਕੇ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਸੂਤਰਾਂ ਮੁਤਾਬਾਕ ਅਕਾਲੀ ਦਲ ਕਿਸੇ ਫਿਲਮੀ ਹਸਤੀ ਨੂੰ ਇਸ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਨ 'ਤੇ ਵਿਚਾਰ ਕਰ ਰਿਹਾ ਹੈ। 

ਕੀ ਹੈ ਸੰਗਰੂਰ ਹਲਕੇ ਦਾ ਇਤਿਹਾਸ
ਜੇਕਰ ਸੰਗਰੂਰ ਹਲਕੇ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦੇ ਹੋਏ 4 ਸੀਟਾਂ ਜਿੱਤੀਆਂ ਸਨ। ਪਾਰਟੀ ਦੀ ਸਭ ਤੋਂ ਵੱਡੀ ਜਿੱਤ ਸੰਗਰੂਰ ਲੋਕ ਸਭਾ ਸੀਟ 'ਤੇ ਹੋਈ ਸੀ, ਜਿੱਥੇ ਭਗਵੰਤ ਮਾਨ ਨੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਹ ਸੂਬੇ ਵਿਚ ਲੋਕ ਸਭਾ ਚੋਣਾਂ ਦੀ ਸਭ ਤੋਂ ਵੱਡੀ ਜਿੱਤ ਸੀ। ਪਿਛਲੇ ਸਮੇਂ ਦੌਰਾਨ ਸੰਗਰੂਰ ਦੇ ਸਿਆਸੀ ਹਾਲਾਤ ਵੀ ਬਦਲ ਚੁੱਕੇ ਹਨ। ਅਜਿਹੇ ਵਿਚ ਭਗਵੰਤ ਮਾਨ ਦੀ ਸੰਗਰੂਰ ਦੀ ਲੜਾਈ ਇੰਨੀ ਆਸਾਨ ਨਹੀਂ ਹੋਵੇਗੀ। ਹੁਣ ਜਦੋਂ ਆਮ ਆਦਮੀ ਪਾਰਟੀ ਵੀ ਦੋ ਧੜਿਆਂ ਵਿਚ ਵੰਡੀ ਗਈ ਹੈ ਅਤੇ ਖਹਿਰਾ ਧੜਾ ਵੀ ਖੁੱਲ੍ਹ ਕੇ ਪਾਰਟੀ ਦੀ ਮੁਖਾਲਫਤ ਕਰ ਰਿਹਾ ਹੈ ਤਾਂ ਲਿਹਾਜ਼ਾ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧਣੀਆਂ ਸੁਭਾਵਕ ਹਨ। ਆਓ ਤੁਹਾਨੂੰ ਤੱਥਾਂ ਦੇ ਆਧਾਰ 'ਤੇ ਦੱਸਦੇ ਹਾਂ ਕਿ ਸੰਗਰੂਰ 'ਚ ਭਗਵੰਤ ਮਾਨ ਦਾ ਸਿਆਸੀ ਗਣਿਤ ਕਿਸ ਤਰ੍ਹਾਂ ਵਿਗੜ ਰਿਹਾ ਹੈ। 

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਤਹਿਤ ਆਉਂਦੀਆਂ ਵਿਧਾਨ ਸਭਾ ਦੀਆਂ 9 'ਚੋਂ 8 ਸੀਟਾਂ 'ਤੇ ਕਬਜ਼ਾ ਕੀਤਾ ਸੀ ਪਰ 2017 ਚੋਣਾਂ ਦੌਰਾਨ ਭਗਵੰਤ ਮਾਨ ਦੀ ਇਹ ਬੜ੍ਹਤ 5 ਸੀਟਾਂ 'ਤੇ ਸਿਮਟ ਕੇ ਰਹਿ ਗਈ। ਭਗਵੰਤ ਮਾਨ ਨੇ 2014 ਦੀਆਂ ਚੋਣਾਂ ਵਿਚ ਇਸ ਸੀਟ 'ਤੇ 5,33,237 ਵੋਟਾਂ ਹਾਸਲ ਕੀਤੀਆਂ ਸਨ ਪਰ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਦੀਆਂ 9 ਵਿਧਾਨ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਨੂੰ 4,07,259 ਹਾਸਲ ਹੋਈਆਂ ਹਨ। ਭਾਵ ਪਾਰਟੀ ਨੇ ਪਿਛਲੇ ਕੁਝ ਸਾਲਾਂ 'ਚ ਹੀ ਇਸ ਲੋਕ ਸਭਾ ਸੀਟ ਦੇ ਤਹਿਤ ਆਉਂਦੀਆਂ 9 ਵਿਧਾਨ ਸਭਾ ਸੀਟਾਂ 'ਤੇ 1,25,978 ਵੋਟਾਂ ਗਵਾ ਦਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਨੂੰ 2014 ਵਿਚ ਇਸ ਸੀਟ 'ਤੇ ਸਿਰਫ 1,81,410 ਵੋਟਾਂ ਹਾਸਲ ਹੋਈਆਂ ਸਨ ਪਰ 2017 ਵਿਚ ਪਾਰਟੀ ਨੂੰ 3,87,158 ਵੋਟਾਂ ਹਾਸਲ ਹੋਈਆਂ। ਭਾਵ ਕਾਂਗਰਸ ਨੂੰ ਇਸ ਸੀਟ 'ਤੇ 2,05,748 ਵੋਟਾਂ ਦਾ ਫਾਇਦਾ ਹੋਇਆ ਹੈ। ਅਕਾਲੀ ਦਲ ਵੀ ਵਿਧਾਨ ਸਭਾ ਚੋਣਾਂ ਦੌਰਾਨ ਹਾਲਾਂਕਿ ਸੀਟਾਂ ਦੇ ਲਿਹਾਜ਼ ਨਾਲ ਜ਼ਿਆਦਾ ਸਫਲ ਨਹੀਂ ਰਿਹਾ ਅਤੇ ਲਹਿਰਾ ਸੀਟ 'ਤੇ ਹੀ ਜਿੱਤ ਹਾਸਲ ਕਰ ਸਕਿਆ ਪਰ ਸੰਗਰੂਰ ਲੋਕ ਸਭਾ ਸੀਟ ਦੇ ਤਹਿਤ ਆਉਂਦੀਆਂ ਵਿਧਾਨ ਸਭਾ ਸੀਟਾਂ 'ਤੇ ਅਕਾਲੀ ਦਲ ਨੂੰ 2014 ਦੇ ਮੁਕਾਬਲੇ 38,629 ਵੋਟਾਂ ਦਾ ਫਾਇਦਾ ਹੋਇਆ ਸੀ। ਅਕਾਲੀ ਦਲ ਨੂੰ 2014 ਵਿਚ ਸੀਟ 'ਤੇ 3,21,516 ਵੋਟਾਂ ਹਾਸਲ ਹੋਈਆਂ ਸਨ, ਜੋ ਇਸ ਸਾਲ 3,60, 145 ਹੋ ਗਈਆਂ ਸਨ। 

ਨਗਰ ਪ੍ਰੀਸ਼ਦ ਚੋਣਾਂ 'ਚ ਵੀ ਜਿੱਤੀ ਕਾਂਗਰਸ
ਇਸ ਸਾਲ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਵੀ ਕਾਂਗਰਸ ਨੇ ਸੰਗਰੂਰ ਦੀਆਂ ਜ਼ਿਆਦਾਤਰ ਨਗਰ ਪ੍ਰੀਸ਼ਦਾਂ 'ਤੇ ਕਬਜ਼ਾ ਕੀਤਾ ਹੈ। ਇਨ੍ਹਾਂ ਸੀਟਾਂ 'ਤੇ ਅਕਾਲੀ ਦਲ ਦੂਜੇ ਨੰਬਰ 'ਤੇ ਰਿਹਾ ਅਤੇ ਆਮ ਆਦਮੀ ਪਾਰਟੀ ਤੀਜੇ ਸਥਾਨ 'ਤੇ ਚਲੀ ਗਈ।

ਸੰਗਰੂਰ  ਸੀਟ 'ਆਪ' ਦੀਆਂ ਵੋਟਾਂ ਕਾਂਗਰਸ ਦੀਆਂ ਵੋਟਾਂ ਅਕਾਲੀ ਦਲ ਦੀਆਂ ਵੋਟਾਂ
ਵਿਧਾਨ ਸਭਾ ਸੀਟ 2014        2017 2014        2017 2014        2017
ਲਹਿਰਾ   35230     25089 25594     38735 46606      65550
ਦਿੜ੍ਹਬਾ   59670     46434 17433     44789 43958      44777
ਸੁਨਾਮ   63979     72815 23408     30518 50745      42508
ਭਦੌੜ   60534     57095 13920     26615 31800      36311
ਬਰਨਾਲਾ   67234     47606 18195     45174 28809      31111
ਮਾਹਲ ਕਲਾਂ 67855     57551 11081     25688 29724      30487
ਮਾਲੇਰਕੋਟਲਾ   57981     17635 19435     58982 27892     46280
ਧੂਰੀ   63189     46536 17398     49347 29352    28611
ਸੰਗਰੂਰ   57511     36498 34937     67310 32585    34510

 


 


Related News