ਲੋਕ ਸਭਾ ਚੋਣਾਂ : ਆਖਰੀ ਓਵਰ ਵਿਚ ਧੂੰਆਧਾਰ ਬੈਟਿੰਗ ਦੀ ਤਿਆਰੀ

05/13/2019 9:25:31 PM

ਸ਼ਾਹਕੋਟ, (ਅਰੁਣ)- ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ 59 ਸੀਟਾਂ ਉਤੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਰਣਨੀਤੀ ਬਦਲਣ ਦੇ ਸੰਕੇਤ ਦੇ ਰਹੀਆਂ ਹਨ। ਆਖਰੀ ਪੜਾਅ ਲਈ ਚੋਣਾਂ 19 ਮਈ ਨੂੰ ਹੋਣੀਆਂ ਹਨ। ਜਿਨ੍ਹਾਂ ਸੀਟਾਂ ਉਤੇ ਇਸ ਦਿਨ ਚੋਣ ਹੋਣੀ ਹੈ ਉਨ੍ਹਾਂ ਵਿਚ ਪੰਜਾਬ ਦੀਆਂ 13 ਸੀਟਾਂ ਸਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਨਸੀ ਸੀਟ ਵੀ ਸ਼ਾਮਲ ਹੈ।

ਚੋਣ ਪ੍ਰਚਾਰ ਲਈ 14 ਮਈ ਤੋਂ 17 ਮਈ ਸ਼ਾਮ ਤਕ ਦਾ ਸਮਾਂ ਹੀ ਰਹਿ ਗਿਆ ਹੈ। 17 ਮਈ ਸ਼ਾਮ ਹੁੰਦੇ ਸਾਰ ਹੀ ਚੋਣ ਪ੍ਰਚਾਰ ਦੀ ਰਫਤਾਰ ਵੀ ਰੁਕ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਆਖਰੀ ਵਿਚ ਧੂੰਆਧਾਰ ਬੈਟਿੰਗ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ। ਪੰਜਾਬ ਅੰਦਰ ਚੋਣ ਮੈਦਾਨ ਭਖ ਚੁੱਕਾ ਹੈ। ਇਸ ਮੈਦਾਨ ਵਿਚ ਆਪਣੀ-ਆਪਣੀ ਪਾਰਟੀ ਲਈ ਧੂੰਆਧਾਰ ਬੈਟਿੰਗ (ਪ੍ਰਚਾਰ) ਕਰਨ ਲਈ ਕੋਈ ਵੀ ਕੇਂਦਰੀ ਆਗੂ ਪਿੱਛੇ ਨਹੀਂ ਰਹਿਣਾ ਚਾਹੁੰਦਾ। ਆਓ ਤਹਾਨੂੰ ਦੱਸਦੇ ਹਾਂ ਮੁਖ ਸਿਆਸੀ ਆਗੂਆਂ ਦੀਆਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਅੰਦਰ ਸਰਮਗਰਮੀਆਂ ਬਾਰੇ-

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਪੰਜਾਬ ਵਿਚ ਰੈਲੀਆਂ ਤੇ ਰੋਡ ਸ਼ੋਅ ਕਰਨ ਜਾ ਰਹੇ ਹਨ। 14 ਅਪ੍ਰੈਲ ਨੂੰ ਜਿਥੇ ਪ੍ਰਿਯੰਕਾ ਗਾਂਧੀ ਬਠਿੰਡਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰੇਗੀ ਉਤਥੇ ਹੀ ਇਸ ਤੋਂ ਬਾਅਦ ਉਹ ਪਠਾਨਕੋਟ ਵਿਚ ਰੋਡ ਸ਼ੋਅ ਵਿਚ ਹਿੱਸਾ ਲਵੇਗੀ। ਇਸੇ ਤਰ੍ਹਾਂ 15 ਮਈ ਨੂੰ ਰਾਹੁਲ ਗਾਂਧੀ ਪੰਜਾਬ ਦੌਰਾ ਕਰਨਗੇ। ਜਿਸ ਦੌਰਾਨ ਉਹ ਬਰਗਾੜੀ ਤੇ ਲੁਧਿਆਣਾ ਵਿਚ ਚੋਣ ਰੈਲੀਆਂ  ਨੂੰ ਸੰਬੋਧਨ ਕਰਨਗੇ। ਇਸ ਪਿੱਛੋਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਆਉਣ ਵਾਲੇ ਦਿਨਾਂ ਵਿਚ ਚੋਣ ਰੈਲੀਆਂ ਕਰਨਗੇ।

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੌਰੇ ਉਤੇ ਹਨ। ਉਹ 17 ਮਈ ਤਕ ਪੰਜਾਬ ਵਿਚ ਹੀ ਰਹਿਣਗੇ। 14 ਮਈ ਨੂੰ ਕੇਜਰੀਵਾਲ ਬਰਨਾਲਾ ਤੋਂ ਸੰਗਰੂਰ ਤਕ ਰੋਡ ਸ਼ੋਅ ਕੱਢਣਗੇ। ਇਸ ਤੋਂ ਬਾਅਦ ਉਹ ਭਵਾਨੀਗੜ੍ਹ, ਦਿੜ੍ਹਬਾ ਅਤੇ ਸੁਨਾਮ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। 15 ਮਈ ਨੂੰ ਕੇਜਰੀਵਾਲ ਬਠਿੰਡਾ ਤੇ 16 ਮਈ ਨੂੰ ਫਰੀਦਕੋਟ ਹਲਕੇ ਵਿਚ ਰੋਡ ਸ਼ੋਅ ਕਰਨਗੇ ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਚੋਣ ਪ੍ਰਚਾਰ ਦੇ ਆਖਰੀ ਦਿਨ 17 ਮਈ ਨੂੰ ਅਰਵਿੰਦ ਕੇਜਰੀਵਾਲ ਪਟਿਆਲਾ ਵਿਚ ਆਪ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨਗੇ।

ਇਸ ਤੋਂ ਇਲਾਵਾ ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਦਿਨਾਂ ਵਿਚ  ਲੁਧਿਆਣਾ ਵਿਚ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਵਿਚ ਲਗਾਤਾਰ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

ਆਖਰੀ ਪੜਾਅ ਵਿਚ ਇਥੇ ਹੋਣਗੀਆਂ ਚੋਣਾਂ

ਪੰਜਾਬ, ਬਿਹਾਰ, ਹਿਮਾਚਲ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਪੱਛਮੀ ਬੰਗਾਲ ਤੇ ਚੰਡੀਗੜ੍ਹ


Arun chopra

Content Editor

Related News