ਜਾਣੋ ਲੋਕ ਸਭਾ ਸੀਟ ਪਟਿਆਲਾ ਦਾ ਇਤਿਹਾਸ

Wednesday, Jan 16, 2019 - 01:46 PM (IST)

ਪਟਿਆਲਾ—ਪਟਿਆਲਾ ਲੋਕ ਸਭਾ ਸੀਟ ਇਤਿਹਾਸਕ ਤੌਰ 'ਤੇ ਕਾਂਗਰਸ ਦੇ ਪ੍ਰਭਾਵ ਵਾਲੀ ਮੰਨੀ ਜਾਂਦੀ ਹੈ। ਹੁਣ ਤੱਕ ਹੋਈਆਂ 16 ਲੋਕ ਸਭਾ ਚੋਣਾਂ ਵਿਚ ਕਾਂਗਰਸ 10 ਵਾਰ ਜਿੱਤ ਚੁੱਕੀ ਹੈ। ਅਕਾਲੀ ਦਲ 4 ਵਾਰ ਅਤੇ ਆਜ਼ਾਦ ਉਮੀਦਵਾਰ ਇਕ ਵਾਰ ਜੇਤੂ ਰਿਹਾ ਹੈ। 1999, 2004, 2009 ਵਿਚ ਲਗਾਤਾਰ ਤਿੰਨ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਇਥੋਂ ਜਿੱਤਦੇ ਰਹੇ ਹਨ। ਜਦਕਿ 2014 ਵਿਚ ਆਮ ਆਦਮੀ ਪਾਰਟੀ ਦੇ ਨਿਸ਼ਾਨ 'ਤੇ ਚੋਣਨ ਵਾਲੇ ਡਾ. ਧਰਮਵੀਰ ਗਾਂਧੀ ਜੇਤੂ ਰਹੇ। 2014 ਵਿਚ ਕਾਂਗਰਸ ਵਲੋਂ ਪਰਨੀਤ ਕੌਰ ਅਤੇ ਅਕਾਲੀ ਦਲ ਵਲੋਂ ਦੀਪਇੰਦਰ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ  ਸੀ। 

ਕੀ ਹੈ ਪਟਿਆਲਾ ਹਲਕੇ ਦਾ ਇਤਿਹਾਸ
ਪਟਿਆਲਾ ਹਲਕੇ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਹੁਣ ਤੱਕ 16 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ। ਇਨ੍ਹਾਂ ਚੋਣਾਂ ਦੌਰਾਨ 10 ਵਾਰ ਇਕੱਲੀ ਕਾਂਗਰਸ ਹੀ ਇਸ ਸੀਟ 'ਤੇ ਜੇਤੂ ਰਹੀ। ਜਦਕਿ ਸ਼੍ਰੋਮਣੀ ਅਕਾਲੀ ਦਲ 4 ਵਾਰ ਜੇਤੂ ਰਿਹਾ ਹੈ। ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਆਗੂ ਪਰਨੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੰਦੂਮਾਜਰਾ ਨੂੰ ਹਾਰ ਦਾ ਮੂੰਹ ਦਿਖਾਉਂਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਸੀ। ਪਰਨੀਤ ਕੌਰ ਨੂੰ 4,74,188 ਵੋਟਾਂ ਪਈਆਂ ਜਦਕਿ ਚੰਦੂਮਾਜਰਾ ਨੂੰ 3,76,799 ਵੋਟਾਂ ਪਈਆਂ।  ਇਸੇ ਤਰ੍ਹਾਂ 2014 ਦੀਆਂ ਲੋਕਾਂ ਸਭਾ ਚੋਣਾਂ 'ਤੇ ਨਜ਼ਰ ਮਾਰੀ ਜਾਵੇ ਤਾਂ 2014 ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜਨ ਲਈ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਵਲੋਂ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਮੈਦਾਨ 'ਚ ਉਤਾਰਿਆ ਗਿਆ। 'ਆਪ' ਵਲੋਂ ਡਾ. ਗਾਂਧੀ 'ਤੇ ਖੇਡਿਆ ਗਿਆ ਦਾਅ ਸਹੀ ਸਾਬਤ ਹੋਇਆ ਅਤੇ ਡਾ. ਗਾਂਧੀ 20242 ਵੋਟਾਂ ਦੇ ਫਰਕ ਨਾਲ ਜੇਤੂ ਰਹੇ। 

ਵੋਟਰ ਕੈਟੇਗਿਰੀ ਪੇਂਡੂ ਅਤੇ ਸ਼ਹਿਰੀ ਆਬਾਦੀ ਦਾ ਵੇਰਵਾ
ਜੇਕਰ ਗੱਲ ਕੀਤੀ ਜਾਵੇ ਪਟਿਆਲਾ ਲੋਕ ਸਭਾ ਹਲਕਾ 'ਚ ਪੇਂਡੂ ਅਤੇ ਸ਼ਹਿਰੀ ਵੋਟਰ ਆਬਾਦੀ ਦੀ ਤਾਂ ਇੱਥੇ ਪੇਂਡੂ ਆਬਾਦੀ 58 ਫੀਸਦੀ, ਸ਼ਹਿਰੀ 42 ਫੀਸਦੀ ਜਦਕਿ ਐੱਸ. ਸੀ. ਵੋਟਰ 23.92 ਹੈ। ਪਟਿਆਲਾ ਲੋਕ ਸਭਾ ਹਲਕੇ ਨੂੰ ਸਭ ਤੋਂ ਵੱਧ ਸਿੱਖ ਵੋਟਰ ਪ੍ਰਭਾਵਤ ਕਰਦਾ ਹੈ ਅਤੇ ਇਥੇ 55.60 ਫੀਸਦੀ ਸਿੱਖ ਵੋਟਰ ਹੈ।


Shyna

Content Editor

Related News