ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਹੋਣਗੇ ਅਕਾਲੀ ਦਲ ਦੇ ਉਮੀਦਵਾਰ (ਵੀਡੀਓ)

Tuesday, Mar 12, 2019 - 06:54 PM (IST)

ਤਰਨਤਾਰਨ (ਵੈੱਬ ਡੈਸਕ, ਰਮਨ) : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਪੂਰਥਲਾ ਤੋਂ ਸਾਬਕਾ ਵਿਧਾਇਕ ਅਤੇ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਰਨਤਾਰਨ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਤੋਂ ਪਹਿਲਾਂ 2014 ਵਿਚ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜ ਕੇ ਜੇਤੂ ਰਹੇ ਸਨ। ਲਗਾਤਾਰ ਦੋ ਵਾਰ 2009 ਅਤੇ 2014 ਵਿਚ ਅਕਾਲੀ ਦਲ ਖਡੂਰ ਸਾਹਿਬ ਲੋਕ ਸਭਾ ਸੀਟ 'ਤੇ ਜਿੱਤ ਦਰਜ ਕਰ ਚੁੱਕਾ ਹੈ। 2009 'ਚ ਡਾ. ਰਤਨ ਸਿੰਘ ਅਜਨਾਲਾ ਇਸ ਸੀਟ 'ਤੇ ਜੇਤੂ ਰਹੇ ਸਨ ਜਦਕਿ 2014 ਵਿਚ ਰਣਜੀਤ ਸਿੰਘ ਬ੍ਰਹਮਪੁਰਾ ਇਥੇ ਜਿੱਤੇ ਸਨ। ਮੌਜੂਦਾ ਸਮੇਂ ਵਿਚ ਪਾਰਟੀ ਦੀਆਂ ਨੀਤੀਆਂ ਅਤੇ ਸੁਖਬੀਰ ਬਾਦਲ ਦੇ ਪ੍ਰਧਾਨ ਬਣਨ ਤੋਂ ਨਾਰਾਜ਼ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਨੂੰ ਛੱਡ ਕੇ ਵੱਖਰਾ ਅਕਾਲੀ ਦਲ ਬਣਾ ਚੁੱਕੇ ਹਨ। ਬ੍ਰਹਮਪੁਰਾ ਦੇ ਅਕਾਲੀ ਦਲ ਟਕਸਾਲੀ ਵਲੋਂ ਜੇ. ਜੇ. ਸਿੰਘ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ। 
ਯਾਦ ਰਹੇ ਜੇ. ਜੇ. ਸਿੰਘ ਉਹੀ ਸ਼ਖਸ ਹਨ ਜਿਨ੍ਹਾਂ ਨੂੰ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਪਰ ਉਹ ਹਾਰ ਗਏ ਸਨ। ਫਿਲਹਾਲ ਅਜੇ ਤਕ ਨਾ ਤਾਂ ਕਾਂਗਰਸ ਪਾਰਟੀ ਵਲੋਂ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਵਲੋਂ ਅਜੇ ਤਕ ਪੱਤੇ ਖੋਲ੍ਹੇ ਗਏ ਸਨ।


author

Gurminder Singh

Content Editor

Related News