ਕਾਂਗਰਸ ਨੂੰ ਪੰਜਾਬ ''ਚ ਲੋਕ ਸਭਾ ਚੋਣਾਂ ਲਈ ਨਹੀਂ ਮਿਲ ਰਹੇ ਉਮੀਦਵਾਰ
Wednesday, Oct 31, 2018 - 12:17 PM (IST)

ਜਲੰਧਰ (ਰਵਿੰਦਰ)— ਸੂਬੇ 'ਚ ਭਾਵੇਂ ਮੌਜੂਦਾ ਸਮੇਂ 'ਚ ਕਾਂਗਰਸ ਸਰਕਾਰ ਹੈ ਅਤੇ 2019 ਦੀਆਂ ਲੋਕ ਸਭਾ ਚੋਣਾਂ ਕੈਪਟਨ ਸਰਕਾਰ ਦੀ ਰਹਿਨੁਮਾਈ ਹੇਠ ਕਾਂਗਰਸ ਸਰਕਾਰ ਸੂਬੇ ਵਿਚ ਲੜੇਗੀ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਵਾਰ ਪੰਜਾਬ ਤੋਂ ਬੇਹੱਦ ਉਮੀਦਾਂ ਹਨ। ਪਾਰਟੀ ਹਾਈ ਕਮਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 10 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ ਤਾਂ ਜੋ ਕੌਮੀ ਸਿਆਸਤ ਵਿਚ ਦੁਬਾਰਾ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਜਾ ਸਕੇ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਸੂਬੇ 'ਚ ਕਾਂਗਰਸ ਦੀ ਸਰਕਾਰ ਹੈ ਅਤੇ ਜਿਸ ਸੂਬੇ ਤੋਂ ਹਾਈ ਕਮਾਨ ਨੂੰ ਬੇਹੱਦ ਉਮੀਦਾਂ ਹਨ, ਉਸ ਸੂਬੇ 'ਚ ਪਾਰਟੀ ਨੂੰ ਲੋਕ ਸਭਾ ਚੋਣਾਂ ਲੜਨ ਲਈ ਚਿਹਰੇ ਨਹੀਂ ਮਿਲ ਰਹੇ। ਪਿਛਲੀਆਂ ਚੋਣਾਂ ਲੜ ਚੁੱਕੇ ਦੋ ਆਗੂ ਤਾਂ ਮੌਜੂਦਾ ਕੈਪਟਨ ਸਰਕਾਰ ਵਿਚ ਕੈਬਨਿਟ ਮੰਤਰੀ ਹਨ ਅਤੇ ਜ਼ਿਆਦਾਤਰ ਨੇਤਾ ਵਾਰ-ਵਾਰ ਹਾਰ ਦੇ ਬੋਝ ਨਾਲ ਦੱਬ ਕੇ ਰਹਿ ਗਏ ਹਨ। ਹਾਈ ਕਮਾਨ ਦੇ 10 ਸੀਟਾਂ ਜਿੱਤਣ ਦੇ ਦਾਅਵੇ ਨੂੰ ਪੁਖਤਾ ਕਰਨ ਲਈ ਸੂਬਾ ਹਾਈ ਕਮਾਨ ਲਗਾਤਾਰ ਨਵੇਂ ਚਿਹਰਿਆਂ ਦੀ ਭਾਲ 'ਚ ਹੈ ਪਰ ਅਜੇ ਤਕ ਉਨ੍ਹਾਂ ਦੇ ਸਾਹਮਣੇ ਕੋਈ ਮਜ਼ਬੂਤ ਚਿਹਰੇ ਨਜ਼ਰ ਨਹੀਂ ਆ ਰਹੇ। ਅਜਿਹੇ 'ਚ ਪਾਰਟੀ ਹਾਈ ਕਮਾਨ ਕੈਪਟਨ ਸਰਕਾਰ ਦੇ ਕਈ ਕੈਬਨਿਟ ਮੰਤਰੀਆਂ ਨੂੰ ਲੋਕ ਸਭਾ ਚੋਣਾਂ 'ਚ ਉਤਾਰ ਸਕਦੀ ਹੈ। ਜੇਕਰ ਇੰਝ ਹੁੰਦਾ ਹੈ ਤਾਂ ਸੂਬੇ ਦੀ ਸਿਆਸਤ 'ਚ ਕਈ ਸਮੀਕਰਨ ਬਦਲ ਸਕਦੇ ਹਨ।
ਜਿਨ੍ਹਾਂ ਕੈਬਨਿਟ ਮੰਤਰੀਆਂ ਨੂੰ ਲੋਕ ਸਭਾ 'ਚ ਚਿਹਰਾ ਬਣਾਉਣ ਦੀ ਗੱਲ ਹੋ ਰਹੀ ਹੈ ਉਨ੍ਹਾਂ 'ਚ ਖਾਸ ਤੌਰ 'ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਨਾਂ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਮਨਪ੍ਰੀਤ ਬਾਦਲ ਅਤੇ ਵਿਜੇਇੰਦਰ ਸਿੰਗਲਾ 2016 ਲੋਕ ਸਭਾ ਚੋਣਾਂ ਵੀ ਲੜ ਚੁੱਕੇ ਹਨ ਅਤੇ ਦੋਵਾਂ ਨੂੰ ਹਾਰ ਮਿਲੀ ਸੀ।
ਪਾਰਟੀ ਨੇ ਕੁਝ ਦਿਨ ਪਹਿਲਾਂ ਲੋਕ ਸਭਾ ਚੋਣਾਂ ਲਈ ਇਕ ਅੰਦਰੂਨੀ ਸਰਵੇ ਕਰਵਾਇਆ ਸੀ, ਜਿਸ 'ਚ ਇਹ ਸਾਹਮਣੇ ਆਇਆ ਸੀ ਕਿ 2019 'ਚ ਜੇਕਰ ਮਜ਼ਬੂਤ ਉਮੀਦਵਾਰ ਮੈਦਾਨ 'ਚ ਉਤਾਰੇ ਜਾਣ ਤਾਂ ਕਾਂਗਰਸ 13 'ਚੋਂ 10 ਸੀਟਾਂ ਜਿੱਤ ਸਕਦੀ ਹੈ। ਇਸ ਸਰਵੇ ਦੇ ਮੱਦੇਨਜ਼ਰ ਹੁਣ ਪਾਰਟੀ ਹਾਈ ਕਮਾਨ ਦਾ ਪੂਰਾ ਧਿਆਨ ਆਉਣ ਵਾਲੀਆਂ ਚੋਣਾਂ 'ਚ ਮਜ਼ਬੂਤ ਚਿਹਰੇ ਮੈਦਾਨ 'ਚ ਉਤਾਰਨ ਵੱਲ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਨੂੰ ਮਜ਼ਬੂਤ ਚਿਹਰੇ ਨਹੀਂ ਮਿਲ ਰਹੇ।
2014 'ਚ ਪਾਰਟੀ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਕੈਪਟਨ ਅਮਰਿੰਦਰ ਸਿੰਘ ਦੇ ਤੌਰ 'ਤੇ ਮਜ਼ਬੂਤੀ ਨਾਲ ਜਿੱਤੀ ਸੀ। ਇਸ ਤੋਂ ਬਾਅਦ ਜਲੰਧਰ 'ਚ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਜਿੱਤ ਦਾ ਝੰਡਾ ਲਹਿਰਾਇਆ ਸੀ। ਲੁਧਿਆਣਾ ਤੋਂ ਨੌਜਵਾਨ ਆਗੂ ਰਵਨੀਤ ਬਿੱਟੂ ਨੇ ਕਾਂਗਰਸ ਦੀ ਝੋਲੀ 'ਚ ਸੀਟ ਪਾਈ ਸੀ। ਇਸ ਤੋਂ ਇਲਾਵਾ 10 ਸੀਟਾਂ 'ਤੇ ਕਾਂਗਰਸ ਨੂੰ ਹਾਰ ਮਿਲੀ ਸੀ, ਭਾਵੇਂ ਬਾਅਦ 'ਚ ਹੋਈ ਉਪ ਚੋਣ 'ਚ ਗੁਰਦਾਸਪੁਰ ਸੀਟ ਭਾਜਪਾ ਤੋਂ ਕਾਂਗਰਸ ਨੇ ਖੋਹੀ ਸੀ।
ਫਿਰੋਜ਼ਪੁਰ ਤੋਂ ਚੋਣ ਲੜਨ ਵਾਲੇ ਸੁਨੀਲ ਜਾਖੜ ਨੂੰ ਪਾਰਟੀ ਇਸ ਵਾਰ ਗੁਰਦਾਸਪੁਰ ਤੋਂ ਚੋਣ ਲੜਵਾ ਸਕਦੀ ਹੈ ਕਿਉਂਕਿ ਉਨ੍ਹਾਂ ਨੇ ਉਪ ਚੋਣ 'ਚ ਇਥੋਂ ਹੀ ਜਿੱਤ ਹਾਸਲ ਕੀਤੀ ਸੀ। ਅਜਿਹੇ ਵਿਚ ਫਿਰੋਜ਼ਪੁਰ ਸੀਟ ਖਾਲੀ ਹੋ ਜਾਵੇਗੀ। ਅੰਮ੍ਰਿਤਸਰ ਤੋਂ ਜੀ. ਐੱਸ. ਔਜਲਾ, ਲੁਧਿਆਣਾ ਤੋਂ ਰਵਨੀਤ ਬਿੱਟੂ ਅਤੇ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਨੂੰ ਦੁਬਾਰਾ ਸੀਟ ਮਿਲਣੀ ਲਗਭਗ ਫਾਈਨਲ ਹੈ ਪਰ ਪਾਰਟੀ ਨੂੰ ਸੰਗਰੂਰ, ਬਠਿੰਡਾ, ਫਰੀਦਕੋਟ, ਸ੍ਰੀ ਅਨੰਦਪੁਰ ਸਾਹਿਬ, ਖਡੂਰ ਸਾਹਿਬ ਅਤੇ ਪਟਿਆਲਾ ਤੋਂ ਮਜ਼ਬੂਤ ਚਿਹਰਿਆਂ ਦੀ ਭਾਲ ਹੈ। ਪਾਰਟੀ ਸੰਗਰੂਰ ਤੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਬਠਿੰਡਾ ਤੋਂ ਮਨਪ੍ਰੀਤ ਬਾਦਲ ਨੂੰ ਦੁਬਾਰਾ ਉਮੀਦਵਾਰ ਬਣਾ ਸਕਦੀ ਹੈ। ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਕਿਸੇ ਨਵੇਂ ਹਲਕੇ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਪਟਿਆਲਾ ਤੋਂ ਪ੍ਰਨੀਤ ਕੌਰ ਦਾ ਚੋਣ ਲੜਨਾ ਲਗਭਗ ਤੈਅ ਹੈ ਪਰ ਹੁਸ਼ਿਆਰਪੁਰ, ਸ੍ਰੀ ਅਨੰਦਪੁਰ ਸਾਹਿਬ, ਖਡੂਰ ਸਾਹਿਬ, ਫਿਰੋਜ਼ਪੁਰ ਅਤੇ ਫਰੀਦਕੋਟ ਹਲਕੇ ਤੋਂ ਪਾਰਟੀ ਨੂੰ ਕੋਈ ਉਮੀਦਵਾਰ ਨਹੀਂ ਮਿਲ ਰਿਹਾ।
ਜੇਕਰ ਜਿੱਤੇ ਤਾਂ ਕੈਬਨਿਟ 'ਚ ਹੋਵੇਗਾ ਵੱਡਾ ਫੇਰਬਦਲ
ਲੋਕ ਸਭਾ ਚੋਣਾਂ ਲੜਨ ਤੋਂ ਬਾਅਦ ਜੇਕਰ ਨਵਜੋਤ ਸਿੱਧੂ, ਮਨਪ੍ਰੀਤ ਬਾਦਲ ਅਤੇ ਵਿਜੇਇੰਦਰ ਸਿੰਗਲਾ ਜਿੱਤਦੇ ਹਨ ਤਾਂ ਕੈਪਟਨ ਦੇ ਕੈਬਨਿਟ 'ਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। 36 ਦਾ ਅੰਕੜਾ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਚੋਣਾਂ ਲੜਵਾ ਕੇ ਕੈਬਨਿਟ ਤੋਂ ਦੂਰ ਕੀਤਾ ਜਾਵੇ।