ਸੰਨੀ ਦਿਓਲ ਵੱਲੋਂ ਕੀਤੀ ਗਈ ਭਗਵਾਨ ਸ਼ਿਵ ਦੀ ਬੇਅਦਬੀ ਦਾ ਮਾਮਲਾ ਭੱਖਿਆ

05/04/2019 1:49:20 PM

ਜਲੰਧਰ (ਕਮਲੇਸ਼)— ਸ਼ਿਵ ਸੈਨਾ ਨੇਤਾ ਇਸ਼ਾਂਤ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਪੁਲਸ ਨੂੰ ਫਿਲਮ ਕਲਾਕਾਰ ਅਤੇ ਗੁਰਦਾਸਪੁਰ ਸੀਟ ਦੇ ਉਮੀਦਵਾਰ ਸੰਨੀ ਦਿਓਲ ਖਿਲਾਫ ਬਾਰਾਦਰੀ ਥਾਣੇ 'ਚ ਸ਼ਿਕਾਇਤ ਕੀਤੀ ਹੈ। ਇਸ਼ਾਂਤ ਸ਼ਰਮਾ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਸੰਨੀ ਦਿਓਲ ਚੋਣ ਪ੍ਰਚਾਰ ਲਈ ਰੋਡ ਸ਼ੋਅ ਦੌਰਾਨ ਜਿਸ ਟਰੱਕ 'ਤੇ ਸਵਾਰ ਸਨ ਉਸ ਟਰੱਕ 'ਤੇ ਲੱਗੀ ਧਾਰਮਿਕ ਤਸਵੀਰ ਦੀ ਬੇਅਦਬੀ ਕੀਤੀ ਗਈ ਹੈ, ਜਿਸ ਕਰਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਨੀ ਦਿਓਲ ਨੇ 48 ਘੰਟਿਆਂ ਅੰਦਰ ਮੁਆਫੀ ਨਾ ਮੰਗੀ ਤਾਂ ਉਹ ਗੁਰਦਾਸਪੁਰ 'ਚ ਸੰਨੀ ਦਿਓਲ ਖਿਲਾਫ ਪ੍ਰਦਰਸ਼ਨ ਕਰਨਗੇ। ਥਾਣਾ ਬਾਰਾਦਰੀ ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੋਹਾਲੀ 'ਚ ਸ਼ਿਵਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਵੀ ਸ਼ਿਕਾਇਤ ਕੀਤੀ ਹੈ। ਅੰਮ੍ਰਿਤਸਰ 'ਚ ਪੰਜਾਬ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। ਨੈਸ਼ਨਲ ਫਰੰਚ ਦੇ ਪ੍ਰਧਾਨ ਐਡਵੋਕੇਟ ਗਗਨ ਭਾਟੀਆ, ਹਿੰਦੂ ਮਹਾਸਭਾ ਰਾਸ਼ਟਰਵਾਦੀ ਦੇ ਸੰਯੋਜਕ ਮਹੰਤ ਅਮਰਨਾਥ ਰਾਮਪ੍ਰਸਾਦ ਨੇ ਸੰਨੀ ਨੂੰ ਲਿਖਤੀ 'ਚ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ। 
ਜਾਣੋ ਕੀ ਹੈ ਪੂਰਾ ਮਾਮਲਾ 
ਦਰਅਸਲ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਵਿਖੇ ਸੰਨੀ ਦਿਓਲ ਵੱਲੋਂ ਕੀਤੇ ਗਏ ਰੋਡ ਸ਼ੋਅ ਦੌਰਾਨ ਜਿਸ ਟਰੱਕ 'ਤੇ ਸੰਨੀ ਦਿਓਲ ਸਵਾਰ ਸਨ, ਉਸ 'ਤੇ ਭਗਵਾਨ ਸ਼ਿਵ ਦੀ ਤਸਵੀਰ ਲੱਗੀ ਹੋਈ ਸੀ ਅਤੇ ਤਸਵੀਰ ਦੇ ਕੋਲ ਹੀ ਸੰਨੀ ਦਿਓਲ ਟਰੱਕ 'ਤੇ ਪੈਰ ਲਟਕਾ ਕੇ ਬੈਠੇ ਸਨ। ਜਿਸ ਕਰਕੇ ਸੰਨੀ ਵੱਲੋਂ ਧਾਰਮਿਕ ਤਸਵੀਰ ਦੀ ਬੇਅਦਬੀ ਕੀਤੀ ਗਈ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਣ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਨੀ ਨੂੰ ਭੇਟ ਕੀਤੇ ਗਏ ਸਿਰੋਪਾਓ ਸਾਹਿਬ ਨੂੰ ਵੀ ਪੈਰਾਂ 'ਚ ਰੱਖ ਦਿੱਤਾ ਗਿਆ ਸੀ, ਜਿਸ ਨਾਲ ਹਿੰਦੂ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਜ਼ਬਰਦਸਤ ਠੇਸ ਪੁੱਜੀ ਹੈ ਅਤੇ ਇਸ ਨਾਲ ਹਿੰਦੂ ਸਿੱਖ ਭਾਈਚਾਰੇ 'ਚ ਭਾਜਪਾ ਦੇ ਉਕਤ ਲੋਕ ਸਭਾ ਉਮੀਦਵਾਰ ਖਿਲਾਫ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।


shivani attri

Content Editor

Related News