ਲੋਕ ਸਭਾ ਚੋਣਾਂ 2019- ਪੜ੍ਹੋ ਪੰਜਾਬ ਬਾਰੇ ਸਾਰੀ ਜਾਣਕਾਰੀ

03/12/2019 7:56:57 PM

ਸ਼ਾਹਕੋਟ (ਅਰੁਣ)- ਚੋਣ ਕਮੀਸ਼ਨ ਵਲੋਂ 17ਵੀਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਦੇਸ਼ ਅੰਦਰ ਇਸ ਵਾਰ ਇਹ ਚੋਣ 7 ਪੜਾਅਵਾਂ ਵਿਚ ਹੋਣੀ ਹੈ। ਪੰਜਾਬ ਵਿਚ ਇਹ ਚੋਣ ਆਖਰੀ ਪੜਾਅ ਭਾਵ 19 ਮਈ ਨੂੰ ਹੋਵੇਗੀ। ਚੋਣਾਂ ਦਾ ਪਹਿਲਾ ਪੜਾਅ 11 ਅਪ੍ਰੈਲ ਨੂੰ ਹੈ। ਦੇਸ਼ ਭਰ ਵਿਚ ਇਸ ਦੌਰਾਨ ਹੋਣ ਵਾਲੀ ਪੋਲਿੰਗ ਲਈ ਗਿਣਤਰੀ 23 ਮਈ ਨੂੰ ਹੋਵੇਗੀ। ਪੰਜਾਬ ਵਿਚ ਫਿਲਹਾਲ ਸਤਾਧਾਰੀ ਪਾਰਟੀ ਕਾਂਗਰਸ ਹੈ। 

ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਪਿੱਛੋਂ ਹੁਣ ਕਾਂਗਰਸ ਦੀਆਂ ਨਜ਼ਰਾਂ 2019 ਦੀਆਂ ਲੋਕ ਸਭਾ ਚੋਣਾਂ ਉਤੇ ਹਨ। ਉਥੇ ਹੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਇਹ ਚੋਣਾਂ ਲੜਣ ਦਾ ਫੈਸਲਾ ਲਿਆ ਹੈ। ਦੋਵਾਂ ਵਿਚਕਾਰ 10-3 (ਅਕਾਲੀ ਦਲ 10 ਅਤੇ ਭਾਜਪਾ 3) ਸੀਟਾਂ ਉਤੇ ਸਹਿਮਤੀ ਬਣ ਗਈ ਹੈ। 2014 ਵਿਚ ਵੀ ਅਕਾਲੀ ਦਲ 10 ਅਤੇ ਭਾਜਪਾ ਨੇ 3 ਸੀਟਾਂ ਉਤੇ ਹੀ ਇਹ ਚੋਣ ਲੜੀ ਸੀ। ਜਿਸ ਦੌਰਾਨ ਅਕਾਲੀ ਦਲ ਨੇ 4 ਅਤੇ ਭਾਜਪਾ ਨੇ 2 ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ। 2 ਸੀਟਾਂ ਵਿਚੋਂ ਵੀ ਇਕ ਸੀਟ ਗੁਰਦਾਸਪੁਰ ਤੋਂ ਜਿੱਤ ਹਾਸਲ ਕਰਨ ਵਾਲੇ ਭਾਜਪਾ ਆਗੂ ਤੇ ਐਕਟਰ ਵਿਨੋਦ ਖੰਨਾ ਦੀ ਮੌਤ ਹੋ ਜਾਣ ਪਿੱਛੋਂ ਇਸ ਸੀਟ ਉਤੇ ਹੋਈ ਉਪ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਕਬਜਾ ਕਰ ਲਿਆ ਸੀ। ਇਸ ਕਾਰਨ ਮੌਜੂਦਾ ਸਮੇਂ ਦੌਰਾਨ ਸੂਬੇ ਤੋਂ ਭਾਜਪਾ ਦਾ ਇਕ ਹੀ ਸੰਸਦ ਮੈਂਬਰ ਹੈ।

ਇਸ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ (ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਆਗੂਆਂ ਦੀ ਪਾਰਟੀ) ਗਠਜੋੜ ਕਰ ਸਕਦੇ ਹਨ। ਜੇਕਰ ਦੋਵੇਂ ਗਠਜੋੜ ਕਰਨਗੇ ਤਾਂ ਸਿਆਸੀ ਮਾਹਿਰਾਂ ਮੁਤਾਬਕ ਟਕਸਾਲੀ ਅਕਾਲੀ ਦਲ 3-4 ਸੀਟਾਂ ਉਤੇ ਆਪਣੇ ਉਮੀਦਵਾਰ ਐਲਾਣੇਗਾ ਬਾਕੀ ਸੀਟਾਂ ਉਤੇ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣਗੇ।

ਚੋਣਾਂ ਦੌਰਾਨ ਕੀ ਤੇ ਕਦੋ-

ਵੋਟਿੰਗ- 19 ਮਈ

ਵੋਟਾਂ ਦੀ ਗਿਣਤੀ- 23 ਮਈ

2014 ਵਿਚ ਲੋਕ ਸਭਾ ਚੋਣ ਸਥਿਤੀ

ਸੂਬੇ ਅੰਦਰ ਸੀਟਾਂ ਦੀ ਗਿਣਤੀ- 13

ਪਾਰਟੀ ਦੇ ਹਿਸਾਬ ਨਾਲ ਸੀਟਾਂ ਦਾ ਬ੍ਰੇਕਅੱਪ

ਕਾਂਗਰਸ-3  (ਗੁਰਦਾਸਪੁਰ ਉਪ ਚੋਣ ਜਿੱਤਣ ਤੋਂ ਬਾਅਦ 4)

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ- 6 (ਉਪ ਚੋਣਾਂ ਦੌਰਾਨ ਭਾਜਪਾ ਗੁਰਦਾਸਪੁਰ ਸੀਟ ਹਾਰ ਗਈ ਸੀ)

ਆਮ ਆਦਮੀ ਪਾਰਟੀ-4

ਵੋਟਰਾਂ ਦੀ ਗਿਣਤੀ-  13849496

ਪੋਲਿੰਗ ਫੀਸਦ- 70.63

2017 ਵਿਧਾਨ ਸਭਾ ਚੋਣਾਂ

ਵਿਧਾਨ ਸਭਾ ਸੀਟਾਂ-117

ਪਾਰਟੀ ਦਾ ਬ੍ਰੇਕਅੱਪ

ਕਾਂਗਰਸ-77  (ਬੀਤੇ ਸਾਲ ਸ਼ਾਹਕੋਟ ਉਪ ਚੋਣ ਜਿੱਤਣ ਤੋਂ ਬਾਅਦ ਹੁਣ 78)

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ- 18 (15+3) (ਸ਼ਾਹਕੋਟ ਉਪ ਚੋਣ ਵਿਚ ਅਕਾਲੀ ਦਲ ਸੀਟ ਹਾਰ ਗਿਆ ਸੀ)

ਆਪ-20

ਲੋਕ ਇਨਸਾਫ ਪਾਰਟੀ-2

ਪਾਰਟੀਆਂ ਦੇ ਕੱਦਵਾਰ ਨੇਤਾ

ਕੈਪਟਨ ਅਮਰਿੰਦਰ ਸਿੰਘ (ਕਾਂਗਰਸ)

ਨਵਜੋਤ ਸਿੰਘ ਸਿੱਧੂ (ਕਾਂਗਰਸ)

ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ)

ਭਗਵੰਤ ਮਾਨ (ਆਪ)

ਹਰਪਾਲ ਸਿੰਘ ਚੀਮਾ (ਆਪ)

ਸੁਖਪਾਲ ਸਿੰਘ ਖਹਿਰਾ (ਪੰਜਾਬ ਏਕਤਾ ਪਾਰਟੀ)

ਲੋਕ ਸਭਾ ਚੋਣਾਂ ਵਿਚ 5 ਖਾਸ ਮੁੱਦੇ

  • ਸੂਬੇ ਅੰਦਰ ਅਕਾਲੀ ਦਲ-ਭਾਜਪਾ ਦੀ ਸਰਕਾਰ ਦੌਰਾਨ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਉਤੇ ਪੁਲਸ ਦੀ ਗੋਲੀਬਾਰੀ
  • ਜੰਮੂ-ਕਸ਼ਮੀਰ ਵਿਚ 14 ਫਰਵਰੀ ਨੂੰ ਹੋਇਆ ਪੁਲਵਾਮਾ ਅੱਤਵਾਦੀ ਹਮਲਾ ਅਤੇ ਆਈ. ਏ. ਐੱਫ. ਦੀ ਜਵਾਬੀ ਏਅਰ ਸਟ੍ਰਾਈਕ
  • ਕਰਤਾਰਪੁਰ ਕਾਰੀਡੋਰ- ਗੁਰੂਦੁਆਰਾ ਡੇਰਾ ਬਾਬਾ ਨਾਨਕ (ਗੁਰਦਾਸਪੁਰ ਭਾਰਤ) ਤੋਂ ਗੁਰੂਦੁਆਰਾ ਕਰਤਾਰਪੁਰ (ਨਾਰੋਵਾਲ ਪਾਕਿਸਤਾਨ)
  • ਕਾਂਗਰਸ ਸਰਕਾਰ ਵਿਚ ਸਾਰੇ ਸਰਹੱਦੀ ਕਿਸਾਨਾਂ ਨੂੰ 2 ਲੱਖ ਰੁਪਏ ਤਕ ਕਰਜ ਵਿਚ ਛੋਟ ਦਿੱਤੀ ਗਈ ਹੈ ਅਤੇ ਛੋਟੇ ਕਿਸਾਨਾਂ ਨੂੰ ਵੀ ਛੋਟ ਦਿੱਤੀ ਗਈ ਹੈ।
  • ਕਾਂਗਰਸ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਨਾ ਪੂਰੇ ਕਰਨ ਦਾ ਦੋਸ਼

ਇਹ ਨੇਤਾ ਲਗਾਉਣਗੇ ਹੈਟ੍ਰਿਕ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ 2 ਵਾਰ ਐੱਮ. ਪੀ. ਬਣ ਚੁੱਕੀ ਹੈ। ਇਸ ਵਾਰ ਬਠਿੰਡਾ ਜਾਂ ਫਿਰੋਜਪੁਰ ਤੋਂ ਟਿਕਟ ਮਿਲ ਸਕਦੀ ਹੈ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਪਹਿਲੀ ਵਾਰ ਆਨੰਦਪੁਰ ਸਾਹਿਬ ਅਤੇ ਦੂਜੀ ਵਾਰ ਲੁਧਿਆਣਾ ਤੋਂ ਐੱਮ. ਪੀ. ਬਣੇ। ਇਸ ਵਾਰ ਫਿਰ ਉਹ ਲੁਧਿਆਣਾ ਤੋਂ ਟਿਕਟ ਦੇ ਦਾਅਵੇਦਾਰ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਉਹ ਦੋ ਵਾਰ ਫਿਰੋਜਪੁਰ ਤੋਂ ਐੱਮ. ਪੀ. ਬਣ ਚੁੱਕੇ ਹਨ।


Arun chopra

Content Editor

Related News