ਈਸੇਵਾਲ ਨੂੰ ਗੋਦ ਤਾਂ ਲਿਆ ਪਰ ਸਾਰ ਲੈਣੀ ਭੁੱਲੇ ਰਵਨੀਤ ਬਿੱਟੂ (ਵੀਡੀਓ)

Wednesday, Mar 13, 2019 - 05:09 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਈਸੇਵਾਲ ਉਹ ਪਿੰਡ ਹੈ ਜਿਸ ਨੂੰ ਸ਼ਹੀਦ ਦਾ ਪਿੰਡ ਹੋਣ ਦਾ ਵੀ ਮਾਣ ਹਾਸਲ ਹੈ। ਇਸ ਪਿੰਡ ਦੇ ਜਵਾਨ ਨਿਰਮਲਜੀਤ ਸਿੰਘ ਸੇਖੋਂ ਨੇ ਦੇਸ਼ ਲਈ ਜਾਨ ਵਾਰ ਦਿੱਤੀ ਅਤੇ ਇਸ ਪਿੰਡ ਨੂੰ ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਗੋਦ ਲਿਆ ਸੀ ਪਰ ਸਮਝ ਨਹੀਂ ਆ ਰਿਹਾ ਕਿ ਪਿੰਡ ਦਾ ਹਾਲ ਦੇਖ ਕੇ ਇਸ 'ਤੇ ਤਰਸ ਕਰੀਏ ਜਾਂ ਫਿਰ ਸ਼ਹੀਦਾਂ ਦਾ ਪਿੰਡ ਹੋਣ 'ਤੇ ਮਾਣ। ਪਿੰਡ ਦਾ ਵਿਕਾਸ ਕਰਨ ਲਈ ਐੱਮ. ਪੀ. ਰਵਨੀਤ ਬਿੱਟੂ ਨੇ ਇਸ ਨੂੰ ਗੋਦ ਲਿਆ ਪਰ ਐੱਮ. ਪੀ. ਸਾਬ੍ਹ ਨੇ ਪਿੰਡ ਦਾ ਵਿਕਾਸ ਤਾਂ ਕੀ ਕਰਨਾ ਸੀ ਇਸ ਦੀ ਸੁੱਧ ਤੱਕ ਨਹੀਂ ਲਈ।
ਸ਼ਹੀਦਾਂ ਦਾ ਇਹ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਹੀ ਵਾਂਝਾ ਹੈ। ਇੱਥੇ ਪੱਕੀਆਂ ਸੜਕਾਂ, ਹਸਪਤਾਲ, ਬੈਂਕ ਆਦਿ ਤੱਕ ਦੀ ਸਹੂਲਤ ਨਹੀਂ ਹੈ। ਹੋਰ ਤਾਂ ਹੋਰ ਪਿੰਡ ਤੱਕ ਆਉਣ ਲਈ ਕੋਈ ਬੱਸ ਸੇਵਾ ਵੀ ਨਹੀਂ ਹੈ। ਗੋਦ ਲੈਣ ਤੋਂ ਬਾਅਦ ਬਿੱਟੂ ਨੇ ਵਿਕਾਸ ਦੇ ਨਾਂ 'ਤੇ 10 ਲੱਖ ਰੁਪਏ ਦੀ ਗ੍ਰਾਂਟ ਪਿੰਡ ਨੂੰ ਦਿੱਤੀ ਪਰ ਇਹ ਗ੍ਰਾਂਟ ਪਿੰਡ ਦੇ ਵਿਕਾਸ ਲਈ ਨਾਕਾਫੀ ਸੀ। 
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇ ਪਿੰਡ ਦਾ ਵਿਕਾਸ ਨਹੀਂ ਕਰਨਾ ਸੀ ਤਾਂ ਸ਼ਹੀਦ ਦੇ ਨਾਂ 'ਤੇ ਗੋਦ ਲੈਣ ਦੀ ਰਾਜਨੀਤੀ ਕਿਉਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਦੇ ਪਿੰਡਾਂ ਨਾਲ ਅਜਿਹਾ ਵਰਤਾਅ ਨਹੀਂ ਕੀਤਾ ਜਾਣਾ ਚਾਹੀਦਾ।


author

Gurminder Singh

Content Editor

Related News