ਹੁਸ਼ਿਆਰਪੁਰ 'ਚ ਕਾਂਗਰਸ ਨੇ ਡਾ. ਰਾਜ ਕੁਮਾਰ 'ਤੇ ਖੇਡਿਆ ਦਾਅ, ਜਾਣੋ ਕਿਹੋ ਜਿਹੈ ਪਿਛੋਕੜ
Friday, Apr 26, 2019 - 02:18 PM (IST)

ਜਲੰਧਰ/ਹੁਸ਼ਿਆਰਪੁਰ (ਵੈੱਬ ਡੈਸਕ) : ਕਾਂਗਰਸ ਨੇ ਹੁਸ਼ਿਆਰਪੁਰ ਲੋਕ ਸਭਾ ਸੀਟ 'ਤੇ ਹਲਕਾ ਚੱਬੇਵਾਲ ਦੇ ਮੌਜੂਦਾ ਵਿਧਾਇਕ ਡਾ. ਰਾਜ ਕੁਮਾਰ ਨੂੰ ਮੈਦਾਨ ਵਿਚ ਉਤਾਰਿਆ ਹੈ। ਡਾ. ਰਾਜ ਕੁਮਾਰ ਐੱਸ. ਸੀ. ਡਿਪਾਰਟਮੈਂਟ ਵਿਚ ਚੇਅਰਮੈਨ ਹਨ। ਇਸ ਤੋਂ ਪਹਿਲਾਂ ਵੀ ਡਾ. ਰਾਜ ਕੁਮਾਰ ਚੱਬੇਵਾਲ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਦੋ ਵਾਰ ਚੋਣਾਂ ਲੜ ਚੁੱਕੇ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਲੋਂ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਇਸ ਦੌਰਾਨ ਉਹ ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਹੱਥੋਂ 6246 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਲੋਂ ਮੁੜ ਡਾ. ਰਾਜ ਕੁਮਾਰ 'ਤੇ ਭਰੋਸਾ ਪ੍ਰਗਟਾਉਂਦਿਆਂ ਮੈਦਾਨ ਵਿਚ ਉਤਾਰਿਆ ਗਿਆ, ਇਨ੍ਹਾਂ ਚੋਣਾਂ 'ਚ ਡਾ. ਰਾਜ ਕੁਮਾਰ ਨੇ ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਨੂੰ 29105 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ।
ਕਿਵੇਂ ਰੱਖਿਆ ਸਿਆਸਤ 'ਚ ਕਦਮ
ਡਾ. ਰਾਜ ਕੁਮਾਰ ਚੱਬੇਵਾਲ ਨੇ 2010 ਵਿਚ ਕਾਂਗਰਸ 'ਚ ਸ਼ਾਮਲ ਹੋ ਕੇ ਸਿਆਸਤ ਵਿਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਕਾਂਗਰਸ ਵਲੋਂ ਉਨ੍ਹਾਂ ਨੂੰ ਲਗਾਤਾਰ ਦੋ ਵਾਰ 2012 ਅਤੇ 2017 ਵਿਚ ਚੋਣ ਮੈਦਾਨ ਵਿਚ ਉਤਾਰਿਆ ਗਿਆ। 2012 ਵਿਚ ਰਾਜ ਕੁਮਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਦਕਿ 2017 ਵਿਚ ਉਨ੍ਹਾਂ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਹੁਣ ਇਕ ਵਾਰ ਫਿਰ ਸਾਫ ਅਕਸ ਅਤੇ ਹਲਕੇ ਵਿਚ ਚੰਗਾ ਅਸਰ-ਰਸੂਖ ਹੋਣ ਕਰਕੇ ਕਾਂਗਰਸ ਵਲੋਂ ਉਨ੍ਹਾਂ ਨੂੰ ਪਹਿਲੀ ਵਾਰ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉਤਾਰਿਆ ਗਿਆ ਹੈ।
ਕਿਹੋ ਜਿਹਾ ਹੈ ਪਿਛੋਕੜ
49 ਸਾਲਾ ਡਾ. ਰਾਜ ਕੁਮਾਰ ਚੱਬੇਵਾਲ ਇਕ ਅਤਿ ਗਰੀਬ ਪਰਿਵਾਰ ਨਾਲ ਸੰਬੰਧਤ ਹਨ। ਉਨ੍ਹਾਂ ਦੇ ਪਿਤਾ ਫੌਜੀ ਸਨ। ਰਾਜ ਕੁਮਾਰ ਪਹਿਲੇ ਦਿਨਾਂ 'ਚ ਮਜ਼ਦੂਰੀ ਵੀ ਕਰ ਚੁੱਕੇ ਹਨ। ਇਕ ਗਰੀਬ ਪਰਿਵਾਰ ਤੋਂ ਉੱਠੇ ਡਾ. ਰਾਜ ਕੁਮਾਰ ਐੱਮ. ਬੀ. ਬੀ. ਐੱਸ. ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਹੁਸ਼ਿਆਰਪੁਰ, ਜਲੰਧਰ, ਰੋਪੜ ਅਤੇ ਹਿਮਾਚਲ ਵਿਚ ਸਕੈਨ ਸੈਂਟਰ ਵੀ ਚੱਲਦੇ ਹਨ। ਰਾਜ ਕੁਮਾਰ ਜਲੰਧਰ ਦੇ ਇਕ ਸਕੈਨ ਸੈਂਟਰ ਵਿਚ ਨੌਕਰੀ ਵੀ ਕਰ ਚੁੱਕੇ ਹਨ।