ਕਾਂਗਰਸ ਦੇ ਡਿੰਪਾ ਖਡੂਰ ਸਾਹਿਬ ''ਚ ਜਗੀਰ ਕੌਰ ਨੂੰ ਦੇਣਗੇ ਚੁਣੌਤੀ, ਜਾਣੋ ਕੀ ਹੈ ਪਿਛੋਕੜ
Monday, Apr 08, 2019 - 06:46 PM (IST)
ਜਲੰਧਰ (ਵੈੱਬ ਡੈਸਕ) : ਹਾਕਮ ਧਿਰ ਨੇ ਪੰਥਕ ਹਲਕੇ ਖਡੂਰ ਸਾਹਿਬ 'ਤੇ ਵਿਰੋਧੀਆਂ ਵਲੋਂ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਾਂਗਰਸ ਵਲੋਂ ਸੀਨੀਅਰ ਆਗੂ ਜਸਬੀਰ ਸਿੰਘ ਡਿੰਪਾ ਨੂੰ ਇਸ ਵਾਰ ਪੰਥਕ ਹਲਕੇ 'ਤੇ ਉਤਾਰਿਆ ਗਿਆ ਹੈ। ਖਡੂਰ ਸਾਹਿਬ ਸੀਟ 'ਤੇ ਇਸ ਵਾਰ ਚਹੁੰ-ਕੌਣਾ ਅਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ। ਅਕਾਲੀ ਦਲ ਵਲੋਂ ਬੀਬੀ ਜਗੀਰ ਕੌਰ, ਅਕਾਲੀ ਦਲ ਟਕਸਾਲੀ ਵਲੋਂ ਜੇ. ਜੇ. ਸਿੰਘ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਵਿਚ ਹਨ। ਜਦਕਿ ਆਮ ਆਦਮੀ ਪਾਰਟੀ ਵਲੋਂ ਅਜੇ ਤਕ ਇਸ ਸੀਟ 'ਤੇ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ।
ਜਸਬੀਰ ਸਿੰਘ ਗਿੱਲ (ਡਿੰਪਾ) ਦੇ ਪਿਛੋਕੜ 'ਤੇ ਇਕ ਝਾਤ
ਜਸਬੀਰ ਸਿੰਘ ਗਿੱਲ (ਡਿੰਪਾ) ਬਿਆਸ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਬਿਆਸ ਵਿਧਾਨ ਸਭਾ ਹਲਕੇ ਦਾ ਨਾਂ ਬਦਲ ਕੇ ਬਾਅਦ ਵਿਚ ਬਾਬਾ ਬਕਾਲਾ ਰੱਖ ਦਿੱਤਾ ਗਿਆ। ਪੇਸ਼ੇ ਵਜੋਂ ਟ੍ਰਾਂਸਪੋਰਟਰ ਡਿੰਪਾ ਰਈਆ ਪਿੰਡ ਦੇ ਰਹਿਣ ਵਾਲੇ ਹਨ। ਡਿੰਪਾ ਦੇ ਪਿਤਾ ਸੰਤ ਸਿੰਘ ਲਿੱਦੜ ਵੀ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਸੰਤ ਸਿੰਘ ਲਿੱਦੜ 1985 ਵਿਚ ਕਾਂਗਰਸ ਵਲੋਂ ਚੋਣ ਮੈਦਾਨ ਵਿਚ ਉਤਰੇ ਸਨ ਅਤੇ ਅਕਾਲੀ ਦਲ ਦੇ ਸੁਖਦੇਵ ਸਿੰਘ ਉਮਰਾਨੰਗਲ ਨੂੰ ਹਰਾ ਕੇ ਵਿਧਾਇਕ ਬਣੇ ਸਨ। ਕਾਲੇ ਦਿਨਾਂ ਦੌਰਾਨ ਅੱਤਵਾਦੀਆਂ ਵਲੋਂ ਸੰਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਿਆਸਤ ਤੋਂ ਦੂਰ ਹੋ ਗਿਆ ਸੀ। ਬਾਅਦ ਵਿਚ ਜਸਬੀਰ ਸਿੰਘ ਡਿੰਪਾ ਨੇ ਸਿਆਸਤ ਵਿਚ ਕਦਮ ਰੱਖਿਆ ਅਤੇ ਪਹਿਲੀ ਵਾਰ 1997 ਵਿਚ ਬਾਬਾ ਬਕਾਲਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਪਰ ਅਕਾਲੀ ਦਲ ਦੇ ਮਨਮੋਹਨ ਸਿਘ ਸਠਿਆਲਾ ਹੱਥੋਂ ਹਾਰ ਗਏ।
2002 ਵਿਚ ਕਾਂਗਰਸ ਵਲੋਂ ਮੁੜ ਡਿੰਪਾ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਮੈਦਾਨ ਵਿਚ ਉਤਾਰਿਆ ਗਿਆ ਅਤੇ ਡਿੰਪਾ ਅਕਾਲੀ ਦਲ ਦੇ ਮਨਜਿੰਦਰ ਸਿੰਘ ਕੰਗ ਨੂੰ ਹਰਾ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ। 2007 ਵਿਚ ਡਿੰਪਾ ਨੂੰ ਅਕਾਲੀ ਦਲ ਦੇ ਮਨਜਿੰਦਰ ਸਿੰਘ ਕੰਗ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਡਿੰਪਾ ਦਾ ਨਾਂ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਸਾਹਮਣੇ ਆਇਆ ਸੀ ਪਰ ਉਦੋਂ ਟਿਕਟ ਹਰਿੰਦਰ ਸਿੰਘ ਘੱਲ ਨੂੰ ਦੇ ਦਿੱਤੀ ਗਈ। ਇਥੇ ਕਾਂਗਰਸ ਦੇ ਹਰਿੰਦਰ ਸਿੰਘ ਘੱਲ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਹੱਥੋਂ ਬੁਰੀ ਤਰ੍ਹਾਂ ਹਾਰ ਗਏ ਸਨ। ਹੁਣ ਫਿਰ ਕਾਂਗਰਸ ਨੇ ਡਿੰਪਾ 'ਤੇ ਦਾਅ ਖੇਡਦੇ ਹੋਏ ਉਨ੍ਹਾਂ ਨੂੰ ਪੰਥਕ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ।