ਲੋਕ ਸਭਾ ਚੋਣਾਂ ''ਚ ਕਿਸ ਪਾਰਟੀ ਨੂੰ ਭੁਗਤੇਗੀ ਡੇਰਾ ਵੋਟ

03/24/2019 6:33:21 PM

ਬਠਿੰਡਾ (ਵਰਮਾ) : ਜਬਰ-ਜ਼ਨਾਹ ਮਾਮਲੇ ਵਿਚ ਉਮਰ ਕੈਦ ਅਤੇ ਰਾਮ ਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਲਈ ਇਹ ਪਹਿਲੀਆਂ ਚੋਣਾਂ ਹਨ। ਉਹ ਦੁਚਿੱਤੀ ਵਿਚ ਹਨ ਕਿ ਇਸ ਵਾਰ ਕਿਸ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਪਾਈ ਜਾਵੇ। ਇਕ ਸਮਾਂ ਸੀ ਜਦੋਂ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੀ ਰਾਜਨੀਤੀ ਵਿਚ ਡੇਰੇ ਦਾ ਕਾਫੀ ਪ੍ਰਭਾਵ ਸੀ। ਵੱਖ ਵੱਖ ਦਲਾਂ ਦੇ ਵੱਜਡੇ ਵੱਡੇ ਲੀਡਰ ਡੇਰੇ 'ਚ ਨਤਮਸਤਕ ਹੁੰਦੇ ਦੇਖਿਆ ਗਿਆ। ਪੰਜਾਬ ਵਿਚ ਬਠਿੰਡਾ ਤੇ ਸੰਗਰੂਰ, ਹਰਿਆਣਾ 'ਚ ਸਿਰਸਾ, ਰੋਹਤਕ, ਫਤਿਹਾਬਾਦ, ਕਰਨਾਲ, ਕੁਰੂਕਸ਼ੇਤਰ ਤੇ ਪੰਚਕੂਲਾ ਸਮੇਤ ਕਈ ਜ਼ਿਲਿਆਂ ਵਿਚ ਡੇਰੇ ਦਾ ਅਸਰ ਸੀ। ਲਗਭਗ 2 ਦਰਜਨ ਤੋਂ ਵੱਧ ਵਿਧਾਨ ਸਭਾ ਸੀਟਾਂ ਤੇ ਲੋਕ ਸਭਾ ਹਲਕਿਆਂ 'ਤੇ ਡੇਰਾ ਪ੍ਰੇਮੀ ਕਿਸੇ ਵੀ ਉਮੀਦਵਾਰ ਦੀ ਹਾਰ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦੇ ਸਨ ਪਰ ਹੁਣ ਇਹ ਦੌਰ ਖਤਮ ਹੋ ਚੁੱਕਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਸਮੇਤ ਦੂਜੇ ਦਲ ਡੇਰੇ ਦਾ ਸਮਰਥਨ ਨਾ ਲੈਣ ਦੀ ਗੱਲ ਕਰ ਚੁੱਕੇ ਹਨ। 

PunjabKesari
ਸਾਰੀਆਂ ਪਾਰਟੀਆਂ ਡੇਰੇ ਦਾ ਸਮਰਥਨ ਲੈਣ ਦੀਆਂ ਚਾਹਵਾਨ ਰਹੀਆਂ ਹਨ
ਜ਼ਿਆਦਾਤਰ ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਉਂਝ ਤਾਂ ਹਰ ਪਾਰਟੀ ਡੇਰੇ ਦਾ ਸਮਰਥਨ ਲੈਣ ਦੇ ਚਾਹਵਾਨ ਰਹੀ ਹੈ ਪਰ ਹੁਣ ਉਨ੍ਹਾਂ ਨੂੰ ਕਿਸੇ ਪਾਰਟੀ 'ਤੇ ਭਰੋਸਾ ਨਹੀਂ ਰਿਹਾ ਹੈ। ਡੇਰਾ ਪ੍ਰੇਮੀਆਂ ਨੇ ਕਿਹਾ ਕਿ ਉਹ ਨੋਟਾ ਦਾ ਬਟਨ ਦਬਾ ਕੇ ਪੰਜਾਬ ਵਿਚ ਇਕ ਨਵੇਂ ਇਤਿਹਾਸ ਦੀ ਸਿਰਜਣਾ ਕਰਨਗੇ। ਪੰਜਾਬ 'ਚ ਉਹ ਕਿਸ ਪਾਰਟੀ ਨੂੰ ਵੋਟ ਦੇਣਗੇ ਅਜੇ ਤੈਅ ਨਹੀਂ ਪਰ ਡੇਰੇ ਦੀ 45 ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਡੇਰਾ ਪ੍ਰੇਮੀ ਮਨਮਰਜ਼ੀ ਨਾਲ ਆਪਣੀ ਵੋਟ ਦੀ ਵਰਤੋਂ ਕਰ ਸਕਦਾ ਹੈ। 
ਬਠਿੰਡਾ-ਮਾਨਸਾ 'ਚ 4 ਲੱਖ ਵੋਟਾਂ ਦਾ ਦਾਅਵਾ
ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਬਠਿੰਡਾ-ਮਾਨਸਾ ਲੋਕ ਸਭਾ ਹਲਕੇ ਵਿਚ ਉਨ੍ਹਾਂ ਦੇ 4 ਲੱਖ ਡੇਰਾ ਪ੍ਰੇਮੀ ਹਨ ਜੋ ਕਿਸੇ ਵੀ ਉਮੀਦਵਾਰ ਦੀ ਤਕਦੀਰ ਬਦਲਣ ਲਈ ਕਾਫੀ ਹਨ। ਇਹ ਸੱਚ ਹੈ ਕਿ ਕਿਸੇ ਸਮੇਂ ਡੇਰਾ ਪ੍ਰੇਮੀਆਂ ਦਾ ਬੋਲਬਾਲਾ ਸੀ ਪਰ ਉਹ ਦੌਰ ਹੁਣ ਖਤਮ ਹੋ ਚੁੱਕਾ ਹੈ। ਉਨ੍ਹਾਂ ਦੇ ਦਾਅਵਿਆਂ ਨੂੰ ਝੁਠਲਾਇਆ ਨਹੀਂ ਜਾ ਸਕਦਾ ਪਰ ਖੁਫੀਆ ਏਜੰਸੀਆਂ ਅਨੁਸਾਰ ਬਠਿੰਡਾ-ਮਾਨਸਾ ਖੇਤਰ ਵਿਚ ਵੋਟਾਂ ਦਾ ਅੰਕੜਾ 1 ਲੱਖ ਤੋਂ ਵੀ ਹੇਠਾਂ ਡਿੱਗ ਚੁੱਕਾ ਹੈ। ਬਠਿੰਡਾ ਲੋਕ ਸਭਾ ਸੀਟ 'ਤੇ ਕੁੱਲ ਵੋਟਾਂ 1589895 ਹਨ ਪਰ ਡੇਰਾ ਮੁਖੀ ਦੇ ਜੇਲ ਜਾਣ ਤੋਂ ਬਾਅਦ ਉਨ੍ਹਾਂ ਦੇ ਸ਼ਰਧਾਲੂਆਂ ਦੀ ਗਿਣਤੀ 'ਚ ਕਾਫੀ ਕਮੀ ਆਈ ਹੈ ਪਰ ਡੇਰੇ ਦਾ ਅਸਰ ਅਜੇ ਵੀ ਕਾਇਮ ਹੈ।

PunjabKesari
ਕਈ ਸੂਬਿਆਂ 'ਚ ਹੈ ਡੇਰੇ ਦਾ ਅਸਰ
ਪੰਜਾਬ ਸਮੇਤ ਕਈ ਸੂਬਿਆਂ 'ਚ ਡੇਰੇ ਦਾ ਅਸਰ ਹੈ ਕਿਉਂਕਿ ਡੇਰਾ ਮੁਖੀ ਵਲੋਂ ਪੰਜਾਬ ਵਿਚ ਹਿੰਸਕ ਘਟਨਾਵਾਂ ਤੋਂ ਬਾਅਦ ਆਪਣਾ ਰੁਖ ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਉਤਰਾਂਚਲ ਜਿਹੇ ਸੂਬਿਆਂ ਵੱਲ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਇਕ ਦਰਜਨ ਤੋਂ ਵੱਧ ਸੂਬਿਆਂ ਵਿਚ ਆਪਣੇ ਡੇਰੇ ਸਥਾਪਤ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਨ 'ਚ ਸਫਲਤਾ ਹਾਸਲ ਕੀਤੀ। ਜੇਲ ਜਾਣ ਤੋਂ ਪਹਿਲਾਂ ਡੇਰਾ ਮੁਖੀ ਨੇ 15 ਅਗਸਤ ਨੂੰ ਆਪਣੇ ਜਨਮ ਦਿਨ 'ਤੇ ਕਿਹਾ ਸੀ ਕਿ ਦੇਸ਼ ਵਿਚ ਉਸ ਦੇ ਲਗਭਗ 4 ਕਰੋੜ ਡੇਰਾ ਪ੍ਰੇਮੀ ਹਨ। ਜੇਕਰ ਡੇਰਾ ਮੁਖੀ ਜੇਲ ਨਾ ਜਾਂਦਾ ਤਾਂ ਇਨ੍ਹਾਂ ਚੋਣਾਂ ਵਿਚ ਉਸ ਦੀ ਅਹਿਮ ਭੂਮਿਕਾ ਨੂੰ ਨਾਕਾਰਿਆ ਨਹੀਂ ਜਾ ਸਕਦਾ ਸੀ। 
ਬਠਿੰਡਾ ਸਮੇਤ ਪੰਜਾਬ 'ਚ ਡੇਰਾ ਪ੍ਰੇਮੀਆਂ ਦਾ ਰੁਖ
ਡੇਰੇ ਨਾਲ ਜੁੜੇ 45 ਮੈਂਬਰੀ ਕਮੇਟੀ ਦੇ ਕਈ ਮੈਂਬਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਅਜੇ ਤੱਕ ਡੇਰੇ ਵਲੋਂ ਕਿਸ ਪਾਰਟੀ ਨੂੰ ਵੋਟ ਦੇਣੀ ਹੈ, ਕੋਈ ਨਿਰਦੇਸ਼ ਨਹੀਂ ਮਿਲਿਆ। ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਈ ਡੇਰਾ ਪ੍ਰੇਮੀਆਂ 'ਤੇ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕੋਲ ਵੋਟ ਦੀ ਵਰਤੋਂ ਕਰਨ ਦਾ ਸਮਾਂ ਹੀ ਨਹੀਂ ਉਹ ਤਾਂ ਆਪਣੀ ਬਚਾਅ ਕਰਨ 'ਚ ਹੀ ਲੱਗੇ ਹੋਏ ਹਨ, ਜੇਕਰ ਡੇਰੇ ਵਲੋਂ ਕੋਈ ਨਿਰਦੇਸ਼ ਆਵੇਗਾ ਤਾਂ ਉਸ 'ਤੇ ਜ਼ਰੂਰ ਧਿਆਨ ਦਿੱਤਾ ਜਾਵੇਗਾ।


Gurminder Singh

Content Editor

Related News