ਅੰਮ੍ਰਿਤਸਰ 'ਚ ਸਿੱਖ ਚਿਹਰੇ 'ਤੇ ਦਾਅ ਖੇਡ ਸਕਦੀ ਹੈ ਭਾਜਪਾ!
Sunday, Apr 07, 2019 - 04:34 PM (IST)
ਅੰਮ੍ਰਿਤਸਰ (ਕਮਲ) : ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਅੰਮ੍ਰਿਤਸਰ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਭਾਜਪਾ ਵਲੋਂ ਇਸ ਸੀਟ ਲਈ ਟਿਕਟ ਦੇ ਦਾਅਵੇਦਾਰ ਨੇਤਾਵਾਂ ਦਰਮਿਆਨ ਜੰਗ ਛਿੜ ਗਈ ਹੈ। ਭਾਵੇਂ ਭਾਜਪਾ ਹਾਈਕਮਾਨ ਵਲੋਂ ਅੰਮ੍ਰਿਤਸਰ ਸੀਟ ਤੋਂ ਆਪਣਾ ਪੱਤਾ ਖੋਲ੍ਹਣਾ ਅਜੇ ਬਾਕੀ ਹੈ ਪਰ ਇਸ ਸੀਟ ਲਈ ਟਿਕਟ ਤੇ ਹੱਕ ਜਤਾਉਣ ਲਈ ਅਸਰਰਸੂਖ ਰੱਖਣ ਵਾਲੇ ਨੇਤਾ ਆਪਣੀ-ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਭਾਜਪਾ ਹਾਈਕਮਾਨ ਇਸ ਸੀਟ ਦੀ ਉਮੀਦਵਾਰੀ ਕਿਸ ਦੀ ਝੋਲੀ ਪਾਉਂਦੀ ਹੈ, ਇਹ ਅਜੇ ਤੱਕ ਇਕ ਬੁਝਾਰਤ ਬਣੀ ਹੋਈ ਹੈ ਪਰ ਹੋ ਸਕਦਾ ਹੈ ਕਿ ਭਾਜਪਾ ਵੀ ਅੰਮ੍ਰਿਤਸਰ ਤੋਂ ਸਿੱਖ ਚਿਹਰੇ ਨੂੰ ਚੋਣ ਮੈਦਾਨ 'ਚ ਉਤਾਰ ਦੇਵੇ।
ਭਾਜਪਾ ਆਪਣੇ ਪੱਤੇ ਵਿਸਾਖੀ ਤੋਂ ਪਹਿਲਾਂ ਖੋਲ੍ਹ ਸਕਦੀ ਹੈ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਆਪਣੇ ਪੱਤੇ ਵਿਸਾਖੀ ਤੋਂ ਪਹਿਲਾਂ ਖੋਲ੍ਹ ਸਕਦੀ ਹੈ। ਜੇਕਰ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਕਈ ਨਾਮਵਰ ਵਿਅਕਤੀਆਂ ਤੋਂ ਇਲਾਵਾ ਸੈਲੀਬ੍ਰਿਟੀ ਅਤੇ ਬਾਹਰੀ ਉਮੀਦਵਾਰਾਂ ਦਾ ਨਾਂ ਵੀ ਉੱਭਰ ਕੇ ਸਾਹਮਣੇ ਆਇਆ ਹੈ। ਜੇਕਰ ਇਸ ਸਮੇਂ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਸੀਨੀਅਰ ਭਾਜਪਾ ਨੇਤਾ ਤੇ ਪ੍ਰਮੁੱਖ ਸਥਾਨਕ ਸਿੱਖ ਨੇਤਾ ਰਾਜਿੰਦਰ ਮੋਹਨ ਸਿੰਘ ਛੀਨਾ ਦਾ ਨਾਂ ਪਹਿਲੀ ਕਤਾਰ 'ਚ ਹੈ । ਸਾਫ ਸੁਥਰੇ ਅਕਸ ਵਾਲੇ ਦਮਦਾਰ ਲੀਡਰ ਛੀਨਾ ਬਹੁਤ ਸਾਰੀਆਂ ਸਿੱਖਿਅਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ।
ਉਹ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਜ਼ਦੀਕੀ ਵੀ ਮੰਨੇ ਜਾਂਦੇ ਹਨ । ਜੇਕਰ 2017 ਦੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਛੀਨਾ ਨੇ ਆਪਣੀਆਂ ਸਿਆਸੀ ਸਰਗਰਮੀਆਂ 'ਚ ਕਾਫੀ ਵਾਧਾ ਕੀਤਾ ਹੈ, ਜੋ ਕਿ ਸ਼ਹਿਰੀ ਇਲਾਕਿਆਂ ਤੋਂ ਇਲਾਵਾ ਦਿਹਾਤੀ ਖੇਤਰਾਂ 'ਚ ਵੀ ਪਾਰਟੀ ਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਇਸ ਤੋਂ ਪਹਿਲਾਂ ਹੀ ਐੱਮ. ਪੀ. ਸੀਟ ਲਈ ਰਾਜਿੰਦਰ ਮੋਹਨ ਸਿੰਘ ਛੀਨਾ ਦਾ ਨਾਂ ਸੋਸ਼ਲ ਮੀਡੀਆ, ਅਖਬਾਰਾਂ ਦੀਆਂ ਸੁਰਖੀਆਂ ਤੋਂ ਇਲਾਵਾ ਹਰੇਕ ਦੀ ਜ਼ੁਬਾਨ 'ਤੇ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਸਿੱਖ ਚਿਹਰੇ ਨੂੰ ਉਤਾਰ ਸਕਦੀ ਹੈ ਅਤੇ ਇਸ ਸਮੇਂ ਰਾਜਿੰਦਰ ਮੋਹਨ ਸਿੰਘ ਛੀਨਾਦਮਦਾਰ ਉਮੀਦਵਾਰ ਮੰਨੇ ਜਾ ਰਹੇ ਹਨ। ਛੀਨਾ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ, ਫਿਲਮ ਅਦਾਕਾਰਾ ਪੂਨਮ ਢਿੱਲੋਂ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਪੀੜਤ ਬੀਬੀ ਜਗਦੀਸ਼ ਕੌਰ ਤੋਂ ਇਲਾਵਾ ਪਿਛਲੇ ਦਿਨੀਂ ਭਾਜਪਾ 'ਚ ਸ਼ਾਮਲ ਹੋਏ 'ਆਪ' ਦੇ ਸਾਬਕਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਟਿਕਟ ਦੀ ਦੌੜ 'ਚ ਸ਼ਾਮਲ ਹਨ।