ਲੁਧਿਆਣਾ 'ਚ ਅਕਾਲੀ ਦਲ ਨੇ ਉਤਾਰਿਆ ਟਕਸਾਲੀ ਲੀਡਰ, ਜਾਣੋ ਕੀ ਹੈ ਪਿਛੋਕੜ
Monday, Apr 15, 2019 - 11:56 AM (IST)
ਜਲੰਧਰ/ਲੁਧਿਆਣਾ : ਅਕਾਲੀ ਦਲ ਨੇ ਲੁਧਿਆਣਾ ਸੰਸਦੀ ਸੀਟ ਤੋਂ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਮੈਦਾਨ ਵਿਚ ਉਤਾਰਿਆ ਹੈ। ਸਾਬਕਾ ਕੈਬਨਿਟ ਮੰਤਰੀ ਅਤੇ ਪਾਰਟੀ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਟਕਸਾਲੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਹਨ। ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਗਰੇਵਾਲ ਲੁਧਿਆਣਾ ਵਿਚ ਵਿਧਾਇਕ ਵੀ ਰਹਿ ਚੁੱਕੇ ਹਨ। ਗਰੇਵਾਲ ਦਾ ਮੁਕਾਬਲਾ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨਾਲ ਹੋਵੇਗਾ। ਆਮ ਆਦਮੀ ਪਾਰਟੀ ਵਲੋਂ ਫਿਲਹਾਲ ਅਜੇ ਤਕ ਲੁਧਿਆਣਾ 'ਚ ਉਮੀਦਵਾਰ ਨਹੀਂ ਉਤਾਰਿਆ ਗਿਆ ਹੈ।
ਗਰੇਵਾਲ ਦਾ ਸਿਆਸੀ ਪਿਛੋਕੜ
ਏ. ਐੱਸ. ਸੀ. ਡੀ. ਗੌਰਮੈਂਟ ਕਾਲਜ ਤੋਂ ਗ੍ਰੈਜੂਏਸ਼ਨ ਅਤੇ ਦੇਹਰਾਦੂਨ ਤੋਂ ਲਾਅ ਕਰਨ ਤੋਂ ਬਾਅਦ ਗਰੇਵਾਲ 20 ਸਾਲ ਤਕ ਨਗਰ-ਨਿਗਮ ਦੇ ਕਾਨੂੰਨੀ ਸਲਾਹਕਾਰ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਉਨ੍ਹਾਂ ਨੇ 1967 ਵਿਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਚੁਣੇ ਜਾਣ ਤੋਂ ਕੀਤੀ ਸੀ। 1997 ਵਿਚ ਕਾਂਗਰਸ ਖਿਲਾਫ ਚੱਲ ਰਹੀ ਲਹਿਰ 'ਚ ਉਨ੍ਹਾਂ ਨੇ ਲੁਧਿਆਣਾ ਪੱਛਮੀ ਸੀਟ ਤੋਂ ਹਰਨਾਮਦਾਸ ਜੋਹਰ ਨੂੰ ਹਰਾਇਆ ਅਤੇ ਬਾਦਲ ਸਰਕਾਰ ਵਿਚ ਕੈਬਨਿਟ ਮੰਤਰੀ ਬਣੇ। ਪਾਰਟੀ 'ਚ ਸੀਨੀਅਰ ਅਹੁਦਿਆਂ 'ਤੇ ਰਹੇ ਗਰੇਵਾਲ ਵੱਡੇ ਬਾਦਲ ਦੇ ਸਿਆਸੀ ਸਲਾਹਕਾਰ ਵੀ ਰਹਿ ਚੁੱਕੇ ਹਨ। 69 ਸਾਲਾ ਗਰੇਵਾਲ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ।
2007 ਵਿਚ ਹੋਈਆਂ ਚੋਣਾਂ ਵਿਚ ਗਰੇਵਾਲ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਬੇਟੇ ਤੇਜ਼ ਪ੍ਰਕਾਸ਼ ਹੱਥੋਂ ਹਾਰ ਗਏ ਸਨ। 12 ਸਾਲ ਬਾਅਦ ਹੁਣ ਫਿਰ ਮਹੇਸ਼ ਇੰਦਰ ਸਿੰਘ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੂੰ ਚੁਣੌਤੀ ਦੇਣਗੇ। ਗਰੇਵਾਲ ਇਕ ਸੀਨੀਅਰ ਤੇ ਟਕਸਾਲੀ ਲੀਡਰ ਵੀ ਹਨ, ਜਿਨ੍ਹਾਂ ਦਾ ਆਪਣੇ ਹਲਕੇ ਅੰਦਰ ਇਕ ਪੰਥਕ ਆਗੂ ਵਜੋਂ ਬੜਾ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਅਕਸ ਹੈ।