ਪੰਜਾਬ ਦੀ ਰਾਜਨੀਤੀ ਦਾ ਸੰਖੇਪ ਇਤਿਹਾਸ

Friday, May 17, 2019 - 05:20 PM (IST)

ਪੰਜਾਬ ਦੀ ਰਾਜਨੀਤੀ ਦਾ ਸੰਖੇਪ ਇਤਿਹਾਸ

ਚੰਡੀਗੜ੍ਹ : 1947 ਤੋਂ ਬਾਅਦ ਪੰਜਾਬ ਵਿਚ ਤਿੰਨ ਮੁੱਖ ਸਿਆਸੀ ਧਿਰਾਂ ਸਾਹਮਣੇ ਆਈਆਂ। ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) । ਇਨ੍ਹਾਂ ਵਿਚੋਂ ਅਕਾਲੀ ਦਲ 'ਤੇ ਕਾਂਗਰਸ ਲੰਮਾ ਸਮਾਂ ਕਾਬਜ਼ ਰਹੀਆਂ। ਮੌਜੂਦਾ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ, ਇੰਡੀਅਨ ਨੈਸ਼ਨਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਮੁੱਖ ਧਿਰਾਂ ਹਨ । ਸ਼੍ਰੋਮਣੀ ਆਕਾਲੀ ਦਲ ਨੇ ਆਪਣਾ ਅਕਸ ਸਿੱਖਾਂ ਦੀ ਪਾਰਟੀ ਵਜੋਂ ਉਭਾਰਿਆ। ਇਸੇ ਤਰ੍ਹਾਂ ਕਾਂਗਰਸ ਪਾਰਟੀ ਆਪਣੇ ਸੈਕੂਲਰ ਅਕਸ ਨੂੰ ਉਭਾਰਨ ਵਿਚ ਕਾਮਯਾਬ ਰਹੀ ਹੈ। ਅਕਾਲੀ ਦਲ ਦੀ ਸ਼ੁਰੂਆਤ ਦਾ ਇਤਿਹਾਸ ਬਹੁਤ ਮਾਣਮੱਤਾ ਹੈ ਕਿਉਂਕਿ ਇਸ ਦਾ ਜਨਮ ਗੁਰਦੁਆਰਾ ਸੁਧਾਰ ਲਹਿਰ, ਜਿਹੜੀ ਬ੍ਰਿਟਿਸ਼ ਸਾਮਰਾਜ ਨਾਲ ਟੱਕਰ ਲੈ ਕੇ ਜਿੱਤ ਪ੍ਰਾਪਤ ਕਰਨ ਵਾਲੀ ਲਹਿਰ ਸੀ, ਵਿਚੋਂ ਹੋਇਆ। ਇਸ ਲਹਿਰ ਤੇ ਪਾਰਟੀ ਨੇ ਪੰਜਾਬ ਨੂੰ ਬਾਬਾ ਖੜਕ ਸਿੰਘ, ਸੁਰਮੁਖ ਸਿੰਘ ਝਬਾਲ, ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਤੇ ਹੋਰ ਕੱਦਾਵਰ ਆਗੂ ਦਿੱਤੇ। ਉਸ ਸ਼ਾਨਦਾਰ ਇਤਿਹਾਸਕ ਅਤੀਤ ਵੱਲ ਵੇਖੀਏ ਤਾਂ ਹੁਣ ਦੇ ਅਕਾਲੀ ਦਲ ਦੀ ਲੀਡਰਸ਼ਪਿ ਦੀ ਬੌਧਿਕ ਤੇ ਨੈਤਿਕ ਪੱਖ ਤੋਂ ਹਾਲਤ ਬਹੁਤ ਵਿਚਾਰਗੀ ਵਾਲੀ ਹੈ। 80ਵਿਆਂ ਦੇ ਸੰਕਟਮਈ ਸਮਿਆਂ ਵਿਚ ਤੇ ਉਸ ਤੋਂ ਬਾਅਦ ਕਈ ਅਕਾਲੀ ਦਲ ਬਣੇ ਪਰ ਬਾਦਲ ਤੇ ਟੌਹੜਾ ਦੀ ਅਗਵਾਈ ਵਾਲਾ ਅਕਾਲੀ ਦਲ ਹੀ ਪੰਜਾਬ ਦੀ ਮੁੱਖ ਪਾਰਟੀ ਰਿਹਾ।

ਪੰਜਾਬ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਦਰਮਿਆਨ ਹੀ ਹੁੰਦਾ ਆਇਆ ਹੈ। ਇਨ੍ਹਾਂ ਵਿਚ ਕੰਮ ਕਰਨ ਦੇ ਤੌਰ-ਤਰੀਕੇ ਦੀ ਸਮਾਨਤਾ, ਪਰਿਵਾਰਵਾਦ ਤੇ ਹੋਰ ਸਮੱਸਿਆਵਾਂ ਕਾਰਨ ਤੀਸਰੇ ਬਦਲ ਦੀ ਸੰਭਾਵਨਾ ਹਮੇਸ਼ਾ ਹੀ ਦੇਖੀ ਜਾਂਦੀ ਰਹੀ ਹੈ। ਇਸੇ ਦੇ ਤਹਿਤ ਹੀ ਸਾਲ 2014 ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ। ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ 4 ਸੀਟਾਂ ਜਿੱਤੀਆਂ ਸਨ। ਇਹ ਚਾਰੇ ਸੀਟਾਂ ਸੰਗਰੂਰ, ਫਰੀਦਕੋਟ, ਪਟਿਆਲਾ ਤੇ ਫਤਿਹਗੜ੍ਹ ਮਾਲਵੇ ਨਾਲ ਹੀ ਸਬੰਧਤ ਸਨ। 2014 ਦੌਰਾਨ 'ਆਪ' ਨੂੰ ਮਿਲਿਆ ਅਣਕਿਆਸਿਆ ਲੋਕ ਸਮਰਥਨ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜਾਰੀ ਰਿਹਾ ਅਤੇ ਪਾਰਟੀ ਨੂੰ ਸਿਰਫ਼ 20 ਸੀਟਾਂ ਹਾਸਲ ਹੋਈਆਂ। ਇਸ ਤੋਂ ਬਾਅਦ 2017 ਵਿਚ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਵਿਰੋਧੀ ਧਿਰ ਵਜੋਂ ਸਾਹਮਣੇ ਆਈ। ਫਿਰ ਆਮ ਆਦਮੀ ਪਾਰਟੀ ਤਿੰਨ ਥਾਈਂ ਵੰਡੀ ਗਈ। ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਤੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਆਪਣੀਆਂ ਵੱਖ-ਵੱਖ ਪਾਰਟੀਆਂ ਬਣਾਂ ਲਈਆਂ। ਧਰਮਵੀਰ ਗਾਂਧੀ ਨੇ ਨਵਾਂ ਪੰਜਾਬ, ਸੁਖਪਾਲ ਖਹਿਰਾ ਨੇ ਪੰਜਾਬ ਏਕਤਾ ਪਾਰਟੀ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਆਪਣਾ ਪੰਜਾਬ ਪਾਰਟੀ ਬਣਾ ਲਈ।


author

cherry

Content Editor

Related News