ਲੋਕ ਸਭਾ ਚੋਣਾਂ ਤੋਂ ਪਹਿਲਾਂ ''ਆਪ'' ਨੂੰ ਵੱਡਾ ਝਟਕਾ, ਹੋਇਆ ਇਕ ਹੋਰ ਧਮਾਕਾ
Sunday, May 12, 2019 - 07:04 PM (IST)
![ਲੋਕ ਸਭਾ ਚੋਣਾਂ ਤੋਂ ਪਹਿਲਾਂ ''ਆਪ'' ਨੂੰ ਵੱਡਾ ਝਟਕਾ, ਹੋਇਆ ਇਕ ਹੋਰ ਧਮਾਕਾ](https://static.jagbani.com/multimedia/2019_5image_13_58_599674076bhagwantmann.jpg)
ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਇਕ ਹੋਰ ਝਟਕਾ ਲੱਗਾ ਹੈ। 'ਆਪ' ਦੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਕਨਵੀਨਰ ਤੇ ਸੇਵਾਮੁਕਤ ਆਈ. ਏ. ਐਸ. ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਨੇ ਪਾਰਟੀ 'ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸਦੇ ਨਾਲ ਹੀ ਸਿੱਧੂ ਨੇ ਪਾਰਟੀ ਦੇ ਆਗੂਆਂ ਵਿਰੁੱਧ 5 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕਰਵਾਉਣ ਦਾ ਐਲਾਨ ਵੀ ਕੀਤਾ ਹੈ।
ਸਿੱਧੂ ਨੇ ਸ਼ਨੀਵਾਰ ਨੂੰ ਇਥੇ ਫਿਲਮ ਨਿਰਮਾਤਾ ਤੇ ਅਦਾਕਾਰ ਮੰਗਲ ਢਿੱਲੋਂ, ਸਾਬਕਾ ਆਈ. ਏ. ਐੱਸ. ਅਧਿਕਾਰੀ ਕੁਲਬੀਰ ਸਿੰਘ ਸਿੱਧੂ, ਬ੍ਰਿਗੇਡੀਅਰ (ਸੇਵਾਮੁਕਤ) ਕੇ. ਐੱਸ. ਕਾਹਲੋਂ ਅਤੇ 'ਆਪ' ਨੂੰ ਅਲਵਿਦਾ ਕਹਿਣ ਵਾਲੇ ਆਨੰਦਪੁਰ ਸਾਹਿਬ ਦੇ ਤਰਲੋਚਨ ਸਿੰਘ ਚੱਠਾ ਆਦਿ 'ਤੇ ਆਧਾਰਿਤ ਗ਼ੈਰ-ਸਿਆਸੀ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਬਣਾਉਣ ਦਾ ਐਲਾਨ ਕਰਦਿਆਂ ਇਹ ਵੱਡੇ ਖੁਲਾਸੇ ਕੀਤੇ ਹਨ। ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਸਿੱਧੂ ਨੇ ਕਿਹਾ ਕਿ ਉਹ ਇਨਕਲਾਬੀ ਪਾਰਟੀ ਸਮਝ ਕੇ 'ਆਪ' 'ਚ ਸ਼ਾਮਲ ਹੋਏ ਸਨ ਪਰ ਇਸ ਦੀ ਲੀਡਰਸ਼ਿਪ ਵੀ ਹੋਰ ਪਾਰਟੀਆਂ ਵਰਗੀ ਹੀ ਨਿਕਲੀ। ਉਨ੍ਹਾਂ ਕਿਹਾ ਕਿ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਬਣਨ ਦੇ ਸੁਪਨੇ ਲਏ ਸਨ। ਇਸੇ ਲਾਲਸਾ ਤਹਿਤ ਉਸ ਨੇ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਆਦਿ ਨੂੰ ਪਾਰਟੀ ਵਿਚੋਂ ਕਢਵਾਇਆ ਸੀ। ਉਨ੍ਹਾਂ ਉਸ ਵੇਲੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ, ਵਿਧਾਇਕ ਪ੍ਰਗਟ ਸਿੰਘ ਅਤੇ ਇੰਦਰਬੀਰ ਸਿੰਘ ਬੁਲਾਰੀਆ ਆਦਿ ਨੂੰ ਪਾਰਟੀ ਵਿਚ ਸ਼ਾਮਲ ਹੋਣ ਤੋਂ ਰੋਕਿਆ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਕੁਝ ਆਗੂਆਂ ਨੇ ਉਸ ਕੋਲੋਂ ਚੋਣਾਂ ਦੌਰਾਨ 5 ਲੱਖ ਰੁਪਏ ਲਏ ਸਨ, ਜੋ ਅੱਜ ਤਕ ਵਾਪਸ ਨਹੀਂ ਕੀਤੇ। ਉਨ੍ਹਾਂ ਕੋਲ ਇਸ ਸਬੰਧੀ ਪੂਰੇ ਸਬੂਤ ਮੌਜੂਦ ਹਨ ਅਤੇ ਉਹ ਸਬੰਧਤ ਆਗੂਆਂ ਵਿਰੁੱਧ ਜਲਦੀ ਐਫ. ਆਈ. ਆਰ. ਦਰਜ ਕਰਵਾਉਣਗੇ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚੋਂ ਆਏ ਫੰਡ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਵੀ ਲੱਗੇ ਸਨ ਪਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਦੀ ਕੋਈ ਜਾਂਚ ਨਹੀਂ ਕਰਵਾਈ।
ਇਸ ਮੌਕੇ ਤਰਲੋਚਨ ਸਿੰਘ ਚੱਠਾ ਨੇ ਵੀ ਦੋਸ਼ ਲਾਇਆ ਕਿ ਚੋਣਾਂ ਦੌਰਾਨ ਉਸ ਵੇਲੇ ਪੰਜਾਬ ਦੇ ਜਥੇਬੰਦਕ ਇੰਚਾਰਜ ਦੁਰਗੇਸ਼ ਪਾਠਕ ਤੇ ਹੋਰ ਆਗੂਆਂ ਨੇ ਉਸ ਕੋਲੋਂ 50 ਲੱਖ ਰੁਪਏ ਲਏ ਸਨ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਹੈ। ਨਵੇਂ ਸੰਗਠਨ ਦੇ ਕਨਵੀਨਰ ਬਣੇ ਹਰਕੇਸ਼ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਉਹ ਸੇਵਾਮੁਕਤ ਆਈ. ਏ. ਐਸ. ਅਧਿਕਾਰੀ ਪਿਰਥੀ ਚੰਦ, ਗੁਰਦੀਪ ਸਿੰਘ, ਵਕੀਲ ਹਰੀ ਚੰਦ ਅਰੋੜਾ, ਡਾ. ਰਵੀ ਭੂਸ਼ਣ, ਜਰਨੈਲ ਸਿੰਘ ਆਦਿ ਨਾਲ ਮਿਲ ਕੇ ਭ੍ਰਿਸ਼ਟਾਚਾਰ ਦੇ ਕੋਹੜ ਨੂੰ ਸੂਬੇ ਵਿਚੋਂ ਖ਼ਤਮ ਕਰਨ ਦੀ ਮੁਹਿੰਮ ਚਲਾਉਣਗੇ। ਫਿਲਮ ਨਿਰਮਾਤਾ ਮੰਗਲ ਢਿੱਲੋਂ ਨੇ ਕਿਹਾ ਕਿ 'ਆਪ' ਤੋਂ ਬੜੀਆਂ ਉਮੀਦਾਂ ਸਨ ਅਤੇ ਹੁਣ ਸਾਰੀਆਂ ਪਾਰਟੀਆਂ ਦੇ ਆਗੂ ਸਿਧਾਂਤਹੀਣ ਅਤੇ ਵਪਾਰੂ ਸਿਆਸਤ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਦਾ ਕਾਫਲਾ ਬਣਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੇ ਨਸ਼ਿਆਂ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ।