ਵੱਡਾ ਸਵਾਲ : ਪੰਜਾਬ ਤੋਂ ਕੌਣ ਬਣੇਗਾ ਮੋਦੀ ਸਰਕਾਰ 'ਚ ਮੰਤਰੀ

05/28/2019 9:27:07 AM

ਲੁਧਿਆਣਾ (ਹਿਤੇਸ਼)— ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਭਾਰੀ ਵੋਟਾਂ ਮਿਲਣ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਉਹ 30 ਮਈ ਨੂੰ ਰਸਮੀ ਰੂਪ ਨਾਲ ਸਹੁੰ ਚੁੱਕਣ ਜਾ ਰਹੇ ਹਨ ਪਰ ਇਸ ਦੌਰਾਨ ਇਕ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਪੰਜਾਬ ਤੋਂ ਮੋਦੀ ਸਰਕਾਰ 'ਚ ਮੰਤਰੀ ਕੌਣ ਬਣੇਗਾ।

ਇਥੇ ਦੱਸਣਾ ਉਚਿਤ ਹੋਵੇਗਾ ਕਿ ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਪੰਜਾਬ ਤੋਂ ਅਕਾਲੀ ਦਲ ਦੀ ਹਰਸਿਮਰਤ ਬਾਦਲ ਅਤੇ ਭਾਜਪਾ ਦੇ ਕੋਟੇ ਤੋਂ ਵਿਜੇ ਸਾਂਪਲਾ ਨੂੰ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ 'ਚੋਂ ਹਰਸਿਮਰਤ ਨੇ ਬਠਿੰਡਾ ਤੋਂ ਇਕ ਵਾਰ ਫਿਰ ਚੋਣ ਜਿੱਤ ਲਈ ਹੈ, ਜਦੋਂਕਿ ਹੁਸ਼ਿਆਰਪੁਰ ਤੋਂ ਸਾਂਪਲਾ ਦੀ ਟਿਕਟ ਕੱਟ ਦਿੱਤੀ ਗਈ ਸੀ।

ਹੁਣ ਜੇਕਰ ਪੰਜਾਬ ਤੋਂ ਜਿੱਤੇ ਅਕਾਲੀ-ਭਾਜਪਾ ਦੇ ਐੱਮ. ਪੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ 'ਚੋਂ ਸੁਖਬੀਰ ਬਾਦਲ ਪਹਿਲਾਂ ਵੀ ਵਾਜਪਾਈ ਦੀ ਸਰਕਾਰ 'ਚ ਮੰਤਰੀ ਰਹਿ ਚੁੱਕੇ ਹਨ, ਜਦੋਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਰਾਉਣ ਵਾਲੇ ਫਿਲਮੀ ਸਟਾਰ ਸੰਨੀ ਦਿਓਲ, ਜਿਸ ਗੁਰਦਾਸਪੁਰ ਸੀਟ ਤੋਂ ਚੋਣ ਜਿੱਤੇ ਹਨ, ਉੱਥੋਂ ਸਾਬਕਾ ਐੱਮ. ਪੀ. ਵਿਨੋਦ ਖੰਨਾ ਵੀ ਕੇਂਦਰ ਸਰਕਾਰ ਵਿਚ ਮੰਤਰੀ ਬਣਾਏ ਗਏ ਸਨ।
ਇਸੇ ਤਰ੍ਹਾਂ ਸਾਂਪਲਾ ਦੀ ਜਗ੍ਹਾ ਹੁਸ਼ਿਆਰਪੁਰ ਤੋਂ ਜਿਸ ਵਿਧਾਇਕ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਸੀ, ਉਹ ਵੀ ਚੋਣ ਜਿੱਤ ਗਏ ਹਨ ਅਤੇ ਸਾਂਪਲਾ ਵਾਂਗ ਦਲਿਤ ਕੋਟੇ ਵਿਚੋਂ ਮੰਤਰੀ ਅਹੁਦੇ ਦੇ ਦਾਅਵੇਦਾਰ ਮੰਨੇ ਜਾ ਰਹੇ ਹਨ। ਹਾਲਾਂਕਿ ਚਾਰ ਦੀ ਜਗ੍ਹਾ ਦੋ ਐੱਮ. ਪੀ. ਰਹਿਣ ਕਾਰਨ ਅਕਾਲੀ ਦਲ ਨੂੰ ਕੇਂਦਰੀ ਮੰਤਰੀ  ਮੰਡਲ 'ਚ ਸ਼ਾਮਲ ਕਰਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਅਟਕਲਾਂ ਵੀ ਚੱਲ ਰਹੀਆਂ ਹਨ। ਸ਼ਾਇਦ ਉਸੇ ਤਰ੍ਹਾਂ ਦੇ ਮੱਦੇਨਜ਼ਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਨ੍ਹਾਂ ਦੇ ਬੇਟਾ ਅਤੇ ਬਹੁ ਦੋਵੇਂ ਹੀ ਪਿਛਲੇ ਕੁੱਝ ਦਿਨਾਂ ਤੋਂ ਭਾਜਪਾ ਅਤੇ ਐੱਨ. ਡੀ. ਏ. ਦੇ ਪ੍ਰੋਗਰਾਮਾਂ ਵਿਚ ਪੂਰੀ ਸਫਲਤਾ ਨਾਲ ਹਿੱਸਾ ਲੈ ਰਹੇ ਹਨ।

ਰਾਜ ਸਭਾ ਮੈਂਬਰਾਂ ਦਾ ਨੰਬਰ ਲੱਗਣਾ ਹੈ ਮੁਸ਼ਕਲ
ਮੋਦੀ ਦੀ ਪਿਛਲੀ ਸਰਕਾਰ ਦੌਰਾਨ ਵੀ ਕਈ ਰਾਜ ਸਭਾ ਮੈਂਬਰਾਂ ਨੂੰ ਮੰਤਰੀ ਬਣਾਇਆ ਗਿਆ ਸੀ ਅਤੇ ਇਸ ਵਾਰ ਵੀ ਅਜਿਹੇ ਕਈ ਸੀਨੀਅਰ ਲੀਡਰ ਮੰਤਰੀ ਬਣਨ ਦੀ ਲਾਈਨ ਵਿਚ ਲੱਗੇ ਹੋਏ ਹਨ ਪਰ ਪੰਜਾਬ ਦੇ ਰਾਜ ਸਭਾ ਮੈਂਬਰਾਂ ਦਾ ਨੰਬਰ ਲੱਗਣਾ ਮੁਸ਼ਕਲ ਨਜ਼ਰ ਆ ਰਿਹਾ ਹੈ। ਹਾਲਾਂਕਿ ਇਨ੍ਹਾਂ 'ਚ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਬੇਟੇ ਨਰੇਸ਼ ਗੁਜਰਾਲ ਤੋਂ ਇਲਾਵਾ ਸੀਨੀਅਰ ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਦਾ ਨਾਮ ਵੀ ਸ਼ਾਮਲ ਹੈ ਪਰ ਉਨ੍ਹਾਂ ਦੀ ਜਗ੍ਹਾ ਅਕਾਲੀ ਦਲ ਵੱਲੋਂ ਕੇਂਦਰ 'ਚ ਮੰਤਰੀ ਬਣਾਉਣ ਲਈ ਸੁਖਬੀਰ ਅਤੇ ਹਰਸਿਮਰਤ ਦਾ ਨਾਮ ਅੱਗੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਭਾਜਪਾ ਦੇ ਇਕੱਲੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਅਰੁਣ ਜੇਤਲੀ ਦੇ ਕਰੀਬੀ ਹੋਣ ਕਾਰਨ ਹਿੰਦੂ ਚਿਹਰੇ ਦੇ ਰੂਪ ਵਿਚ ਮੰਤਰੀ ਬਣਨ ਲਈ ਜ਼ੋਰ ਲਗਾ ਰਹੇ ਹਨ, ਜਿਸ ਦੇ ਲਈ ਭਾਜਪਾ ਦੀਆਂ ਤਿੰਨ ਵਿਚੋਂ ਦੋ ਸੀਟਾਂ ਅੰਮ੍ਰਿਤਸਰ ਅਤੇ ਗੁਰਦਾਸਪੁਰ 'ਤੇ ਜਿੱਤ ਮਿਲਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਹਾਰ ਦਾ ਦਾਗ ਵੀ ਮਲਿਕ ਦੇ ਨਾਮ ਦੇ ਨਾਲ ਜੁੜ ਗਿਆ, ਕਿਉਂਕਿ ਉਹ ਖੁਸ਼ ਅੰਮ੍ਰਿਤਸਰ ਨਾਲ ਸਬੰਧਤ ਹਨ।

ਇਹ ਹੈ ਮੋਦੀ ਸਰਕਾਰ ਦੇ ਮੰਤਰੀਆਂ ਦਾ ਚੋਣ ਰਿਪੋਰਟ ਕਾਰਡ
ਮੋਦੀ ਸਰਕਾਰ ਵਿਚ ਸਨ 71 ਮੰਤਰੀ
47 ਨੇ ਲੜੀ ਸੀ ਲੋਕ ਸਭਾ ਚੋਣਾਂ
41 ਨੂੰ ਮਿਲੀ ਹੈ ਜਿੱਤ

ਮੋਦੀ ਨੇ ਐੱਮ. ਪੀਆਂ ਨੂੰ ਦਿੱਤੀ ਅਫਵਾਹਾਂ ਤੋਂ ਬਚਣ ਦੀ ਸਲਾਹ
ਮੋਦੀ ਨੇ ਐੱਨ. ਡੀ. ਏ. ਦੀ ਮੀਟਿੰਗ 'ਚ ਜਿੱਥੇ ਆਪਣੇ ਮੰਤਰੀ ਮੰਡਲ 'ਚ ਬਦਲਾਅ ਕਰਨ ਦੇ ਸੰਕੇਤ ਦਿੱਤੇ ਹਨ, ਨਾਲ ਹੀ ਐੱਮ. ਪੀਆਂ ਨੂੰ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐੱਮ. ਪੀਆਂ ਨੂੰ ਮੀਡੀਆ ਵਿਚ ਆ ਰਹੇ ਸੰਭਾਵਿਤ ਮੰਤਰੀਆਂ ਦੇ ਨਾਵਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਮੰਤਰੀ ਬਣਨ ਲਈ ਕਿਸੇ ਲੀਡਰ ਦੇ ਕੋਲ ਸਿਫਾਰਸ਼ ਲਈ ਜਾਣ ਦੀ ਲੋੜ ਹੈ। ਇਸ ਦੇ ਲਈ ਯੋਗਤਾ ਦੇ ਅਧਾਰ 'ਤੇ ਫੈਸਲਾ ਕੀਤਾ ਜਾਵੇਗਾ।


Shyna

Content Editor

Related News