ਹਲਕਾ ਉੜਮੁੜ ਦੇ 15 ਬੂਥਾਂ 'ਤੇ EVM 'ਚ ਖਰਾਬੀ ਆਉਣ ਨਾਲ ਵੋਟਿੰਗ 'ਚ ਹੋਈ ਦੇਰੀ

05/20/2019 12:21:03 PM

ਹੁਸ਼ਿਆਰਪੁਰ/ਟਾਂਡਾ-ਉੜਮੁੜ (ਵਰਿੰਦਰ ਪੰਡਿਤ)— ਲੋਕ ਸਭਾ ਚੋਣਾਂ ਦੌਰਾਨ ਹਲਕਾ ਉੜਮੁੜ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ 15 ਬੂਥਾਂ ਵਿਚ ਈ. ਵੀ. ਐੱਮ. ਵਿਚ ਆਈਆਂ ਤਕਨੀਕੀ ਖਰਾਬੀਆਂ ਕਾਰਨ ਬੂਥਾਂ ਤੇ ਵੋਟਿੰਗ ਦੌਰਾਨ ਦੇਰੀ ਹੋਈ, ਜਿਸ ਕਰਕੇ ਵੋਟਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਪਿੰਡ ਰੜਾ ਦੇ ਇਕ ਬੂਥ 'ਤੇ ਆਈ, ਜਿੱਥੇ ਵੋਟਿੰਗ ਮਸ਼ੀਨ ਵਿਚ ਖਰਾਬੀ ਆਉਣ ਨਾਲ ਸਵੇਰੇ 9 ਤੋਂ 11 ਵਜੇ ਦੇ ਕਰੀਬ ਤੱਕ ਵੋਟਿੰਗ ਬੰਦ ਰਹੀ। ਇਸ ਦੌਰਾਨ ਵੋਟਰ ਬੂਥ ਦੇ ਸਾਹਮਣੇ ਵੋਟਿੰਗ ਮਸ਼ੀਨ ਦੇ ਬਦਲੇ ਜਾਣ ਅਤੇ ਵੋਟਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਕਰਦੇ ਦਿਸੇ ਅਤੇ ਕਈਆਂ ਨੇ ਪ੍ਰੇਸ਼ਾਨੀ ਦਾ ਇਜ਼ਹਾਰ ਵੀ ਕੀਤਾ। ਮਸ਼ੀਨ ਬਦਲੇ ਜਾਣ ਤੋਂ ਬਾਅਦ ਉਕਤ ਬੂਥ 'ਤੇ 11 .15 ਵਜੇ ਵੋਟਿੰਗ ਦੋਬਾਰਾ ਸ਼ੁਰੂ ਹੋਈ।
ਇਸੇ ਤਰ੍ਹਾਂ ਹਲਕੇ ਦੇ ਪਿੰਡਾਂ ਜਾਜਾ, ਉੜਮੁੜ, ਸੋਹੀਆਂ, ਤਲਵੰਡੀ ਜੱਟਾਂ, ਮਾਛੀਆਂ, ਰਾਣਾ, ਗਿੱਲ ਅਤੇ ਖੋਖਰ ਦਵਾਖਰੀ ਦੇ ਬੂਥਾਂ 'ਤੇ ਮੌਕ ਪੋਲ ਸਮੇਂ ਮਸ਼ੀਨਾਂ ਵਿਚ ਖਰਾਬੀ ਆਉਣ ਕਰਕੇ ਮਸ਼ੀਨਾਂ ਬਦਲੇ ਜਾਣ ਕਾਰਨ ਵੋਟਿੰਗ ਵਿਚ ਦੇਰੀ ਹੋਈ। ਇਸੇ ਤਰ੍ਹਾਂ ਵੋਟਿੰਗ ਦੌਰਾਨ ਨੰਗਲ ਫ਼ਰੀਦ, ਮਿਆਣੀ, ਦੇਹਰੀਵਾਲ, ਦੋਲੋਵਾਲ, ਮੂਨਕ ਖੁਰਦ ਅਤੇ ਰੜਾ ਦੇ ਬੂਥਾਂ ਵਿਚ ਵੋਟਿੰਗ ਮਸ਼ੀਨ ਖਰਾਬ ਹੋਣ ਕਾਰਨ ਵੋਟਿੰਗ ਪ੍ਰਭਾਵਿਤ ਹੋਈ। ਚੋਣ ਕਮਿਸ਼ਨ ਦੀ ਟੀਮ ਵੱਲੋਂ ਮਸ਼ੀਨਾਂ ਬਦਲੇ ਜਾਣ ਤੋਂ ਬਾਅਦ ਇਨ੍ਹਾਂ ਬੂਥਾਂ 'ਤੇ ਵੋਟਿੰਗ ਦੋਬਾਰਾ ਸ਼ੁਰੂ ਹੋਈ। ਇਸੇ ਤਰ੍ਹਾਂ ਦਸੂਹਾ ਹਲਕੇ ਨਾਲ ਸਬੰਧਤ ਟਾਂਡਾ ਦੇ ਪਿੰਡ ਗਿਲਜੀਆਂ ਦੇ ਬੂਥ ਵਿਚ ਵੀ ਮਸ਼ੀਨ ਦੇ ਖਰਾਬ ਹੋਣ ਦੀ ਸੂਚਨਾ ਹੈ। ਇਸ ਦੌਰਾਨ ਵੋਟਰਾਂ ਨੂੰ ਪ੍ਰੇਸ਼ਾਨੀ ਝੱਲਦੇ ਹੋਏ ਲੰਬਾ ਇੰਤਜ਼ਾਰ ਕਰਨਾ ਪਿਆ।


shivani attri

Content Editor

Related News