ਚੌਧਰੀ ਦੇ ਪ੍ਰੋਗਰਾਮ ''ਚ ਕਾਂਗਰਸੀਆਂ ਦੇ ਦੋ ਗੁੱਟ ਭਿੜੇ, ਖੁੱਲ੍ਹ ਕੇ ਚੱਲੇ ਲੱਤਾਂ, ਮੁੱਕੇ ਤੇ ਕੁਰਸੀਆਂ

05/13/2019 4:54:46 PM

ਫਿਲੌਰ (ਭਾਖੜੀ)— ਸੰਸਦ ਮੈਂਬਰ ਚੌਧਰੀ ਦੇ ਰੈਲੀ ਸਥਾਨ 'ਤੇ ਪੁੱਜਣ ਤੋਂ ਪਹਿਲਾਂ ਕਾਂਗਰਸੀਆਂ ਦੇ ਦੋ ਗੁੱਟ ਆਪਸ 'ਚ ਭਿੜ ਗਏ। ਇਸ ਦੌਰਾਨ ਖੁੱਲ੍ਹ ਕੇ ਲੱਤਾਂ, ਮੁੱਕੇ ਅਤੇ ਕੁਰਸੀਆਂ ਚੱਲੀਆਂ, ਜਿਸ ਦੇ ਹੱਥ 'ਚ ਜੋ ਕੁਝ ਆਇਆ ਉਸ ਨੇ ਇਕ-ਦੂਜੇ ਦੇ ਮਾਰਿਆ। ਇਸ ਲੜਾਈ 'ਚ ਦੋ ਵਿਅਕਤੀਆਂ ਦੇ ਸਿਰ ਫਟ ਗਏ, ਮਾਂ-ਬੇਟੇ ਸਮੇਤ ਚਾਰ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸਿਵਲ ਹਸਪਤਾਲ ਵਿਚ ਇਲਾਜ ਕਰਵਾ ਰਹੀ ਜ਼ਖ਼ਮੀ ਔਰਤ ਕੁਲਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਪਤੀ ਅਵਤਾਰ ਸਿੰਘ ਨੂੰ ਸੰਸਦ ਮੈਂਬਰ ਚੌਧਰੀ ਦੇ ਪੀ. ਏ. ਦਾ ਫੋਨ ਆਇਆ ਕਿ ਚੌਧਰੀ ਸਾਹਿਬ ਉਨ੍ਹਾਂ ਦੇ ਪਿੰਡ ਢੱਕ ਮਜਾਰਾ 'ਚ ਬਾਅਦ ਦੁਪਹਿਰ 3 ਵਜੇ ਚੋਣਾਂ ਸਬੰਧੀ ਰੈਲੀ ਕਰਨ ਆ ਰਹੇ ਹਨ। ਉਹ ਵੀ ਉਥੇ ਪਰਿਵਾਰ ਸਮੇਤ ਪੁੱਜੇ। ਉਹ ਸਾਰੇ ਚੌਧਰੀ ਦੀ ਰੈਲੀ 'ਚ ਜਾਣ ਦੀ ਪਰਿਵਾਰ ਸਮੇਤ ਤਿਆਰੀ ਕਰ ਰਹੇ ਸਨ ਤਦ ਉਨ੍ਹਾਂ ਨੂੰ ਪਤਾ ਲੱਗਾ ਕਿ ਸੰਸਦ ਮੈਂਬਰ ਚੌਧਰੀ ਕਿਸੇ ਕਾਰਣ ਰੈਲੀ ਸਥਾਨ 'ਤੇ ਥੋੜ੍ਹਾ ਲੇਟ ਪੁੱਜਣਗੇ। ਸਾਢੇ 4 ਵਜੇ ਉਸ ਦਾ ਬੇਟਾ ਸੁਖਮਨ ਤਿਆਰ ਹੋ ਕੇ ਰੈਲੀ ਵਾਲੇ ਸਥਾਨ 'ਤੇ ਪੁੱਜਾ ਤਾਂ ਉਸ ਨੂੰ ਪੰਡਾਲ ਅੰਦਰ ਬੈਠੇ ਕਾਂਗਰਸੀਆਂ ਨੇ ਘੇਰ ਕੇ ਉਸ ਦੇ ਨਾਲ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਕਿਸੇ ਪਿੰਡ ਵਾਸੀ ਨੇ ਉਥੇ ਭੱਜ ਕੇ ਕੁਲਦੀਪ ਕੌਰ ਨੂੰ ਦੱਸਿਆ ਕਿ ਉਸ ਦੇ ਬੇਟੇ ਨੂੰ ਰੈਲੀ ਸਥਾਨ 'ਤੇ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਜਿਉਂ ਹੀ ਉਹ ਪੰਡਾਲ ਅੰਦਰ ਗਈ ਤਾਂ ਅੰਦਰ ਦਾ ਮਾਹੌਲ ਦੇਖ ਕੇ ਹੈਰਾਨ ਰਹਿ ਗਈ। ਉਸ ਦਾ ਬੇਟਾ ਖੂਨ ਨਾਲ ਲਥਪਥ ਸੀ। ਬੇਟੇ ਨੂੰ ਬਚਾਉਣ ਲਈ ਜਿਉਂ ਹੀ ਅੱਗੇ ਵਧੀ ਤਾਂ ਉਥੇ ਇਕ ਝੁੰਡ ਨੇ ਜ਼ਮੀਨ 'ਤੇ ਲਿਟਾ ਕੇ ਉਸ ਨੂੰ ਲੱਤਾਂ ਮਾਰੀਆਂ ਅਤੇ ਕੁਰਸੀਆਂ ਨਾਲ ਹਮਲਾ ਕੀਤਾ।

PunjabKesari
ਔਰਤ ਨੂੰ ਬਚਾਉਣ ਲਈ ਪਿੰਡ ਵਾਸੀ ਲਛਮਣ ਸਿੰਘ ਜਦ ਅੱਗੇ ਆਇਆ ਤਾਂ ਇਕ ਕਾਂਗਰਸੀ ਨੇ ਉਸ ਦੇ ਸਿਰ 'ਚ ਲੋਹੇ ਦੀ ਕੁਰਸੀ ਮਾਰ ਕੇ ਸਿਰ ਪਾੜ ਦਿੱਤਾ। ਕਿਸੇ ਤਰ੍ਹਾਂ ਪਿੰਡ ਵਾਸੀ ਅਤੇ ਪੁਲਸ ਨੇ ਉਨ੍ਹਾਂ ਤਿੰਨਾਂ ਨੂੰ ਭੀੜ 'ਚੋਂ ਬਾਹਰ ਕੱਢਿਆ ਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀ ਔਰਤ ਅਤੇ ਉਸ ਦੇ ਪਤੀ ਅਵਤਾਰ ਸਿੰਘ ਨੇ ਕਿਹਾ ਕਿ ਉਹ 25 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹਨ ਅਤੇ ਪਿੰਡ ਦੇ ਸਰਪੰਚ ਨੇ ਚੌਧਰੀ ਦੀ ਰੈਲੀ ਵਿਚ ਭੀੜ ਜੁਟਾਉਣ ਲਈ ਬਾਹਰੋਂ ਲੜਕੇ ਮੰਗਵਾਏ ਹੋਏ ਸਨ। ਜਿਨ੍ਹਾਂ ਨੇ ਉਸ 'ਤੇ ਹਮਲਾ ਬੋਲ ਦਿੱਤਾ। ਅਵਤਾਰ ਸਿੰਘ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਉਹ ਆਪਣੇ ਉੱਪਰ ਹੋਏ ਹਮਲੇ ਦਾ ਇਨਸਾਫ ਮੰਗਣ ਲਈ ਅੱਜ ਵਿਕਰਮ ਚੌਧਰੀ ਨੂੰ ਸ਼ਹਿਰ ਵਿਚ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲੇ ਸਨ। ਉਨ੍ਹਾਂ ਨੇ ਇਹ ਕਹਿ ਕੇ ਮੋੜ ਦਿੱਤਾ ਕਿ 19 ਮਈ ਨੂੰ ਹੋਣ ਵਾਲੀਆਂ ਤਿਆਰੀਆਂ ਕਰਨ, ਹੁਣ ਚੋਣਾਂ ਤੋਂ ਬਾਅਦ ਦੇਖਣਗੇ। ਉਨ੍ਹਾਂ ਕਿਹਾ ਕਿ ਉਹ ਹੁਣ ਚੁੱਪ ਨਹੀਂ ਬੈਠਣਗੇ। ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਹੈ।


shivani attri

Content Editor

Related News