ਸੰਨੀ ਦਿਓਲ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਬਾਲਾਕੋਟ ''ਚ ਕੀ ਹੋਇਆ ਸੀ : ਕੈਪਟਨ
Thursday, May 09, 2019 - 10:19 AM (IST)

ਜਲੰਧਰ/ ਪਟਿਆਲਾ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਭਾਵੇਂ ਚੋਣ ਮੈਦਾਨ 'ਚ ਫਿਲਮ ਅਦਾਕਾਰ ਸੰਨੀ ਦਿਓਲ ਨੂੰ ਲੈ ਕੇ ਆਈ ਹੈ ਪਰ ਸੰਨੀ ਦਿਓਲ ਕੋਲੋਂ ਜਦੋਂ ਪੱਤਰਕਾਰਾਂ ਨੇ ਬਾਲਾਕੋਟ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਬਾਲਾਕੋਟ ਹਮਲੇ ਬਾਰੇ ਕੋਈ ਵੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਤਾਂ ਮੋਦੀ ਬਾਲਾਕੋਟ ਨੂੰ ਲੈ ਕੇ ਕ੍ਰੈਡਿਟ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਦੂਜੇ ਪਾਸੇ ਸੰਨੀ ਦਿਓਲ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬਾਲਾਕੋਟ 'ਚ ਕੀ ਹੋਇਆ ਸੀ। ਮੁੱਖ ਮੰਤਰੀ ਬੀਤੇ ਦਿਨ ਪਟਿਆਲਾ ਜ਼ਿਲੇ 'ਚ ਕਾਂਗਰਸ ਰੈਲੀ 'ਚ ਹਿੱਸਾ ਲੈ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਹੇਮਾ ਮਾਲਿਨੀ ਨੂੰ ਲੋਕ ਸਭਾ 'ਚ 2-3 ਵਾਰ ਭੇਜਿਆ ਪਰ ਹੇਮਾ ਮਾਲਿਨੀ ਨੇ ਵੀ ਅੱਜ ਤੱਕ ਸੰਸਦ 'ਚ ਕੋਈ ਮਾਮਲਾ ਨਹੀਂ ਉਠਾਇਆ। ਜੇਕਰ ਸੰਨੀ ਦਿਓਲ ਨੂੰ ਬਾਲਾਕੋਟ 'ਚ ਹੋਈ ਘਟਨਾ ਦੀ ਜਾਣਕਾਰੀ ਨਹੀਂ ਹੈ ਤਾਂ ਫਿਰ ਅਜਿਹੇ ਉਮੀਦਵਾਰ ਸੰਸਦ 'ਚ ਜਾ ਕੇ ਪੰਜਾਬ ਜਾਂ ਗੁਰਦਾਸਪੁਰ ਦੇ ਮਸਲਿਆਂ ਸਬੰਧੀ ਕਿਸ ਤਰ੍ਹਾਂ ਆਵਾਜ਼ ਉਠਾ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਬੇਮੌਸਮੀ ਵਰਖਾ ਕਾਰਨ ਕਣਕ ਦੀ ਫਸਲ ਨੂੰ ਪਹੁੰਚੇ ਨੁਕਸਾਨ ਨੂੰ ਦੇਖਦੇ ਹੋਏ ਐੱਮ. ਐੱਸ. ਪੀ. 'ਚ ਵੈਲਿਊ ਕੱਟ ਨੂੰ ਵਾਪਸ ਨਾ ਲਿਆ ਤਾਂ ਉਸ ਸਥਿਤੀ 'ਚ ਕਿਸਾਨਾਂ ਨੂੰ ਮੁਆਵਜ਼ਾ ਪੰਜਾਬ ਸਰਕਾਰ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਬੇਮੌਸਮੀ ਵਰਖਾ ਕਾਰਨ ਕਾਫੀ ਨੁਕਸਾਨ ਹੋਇਆ ਹੈ, ਇਸ ਲਈ ਮੋਦੀ ਸਰਕਾਰ ਨੂੰ ਕਣਕ ਦੀ ਫਸਲ ਦੇ ਐੈੱਮ. ਐੱਸ. ਪੀ. 'ਤੇ ਵੈਲਿਊ ਕੱਟ ਨੂੰ ਹਟਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੀ. ਐੱਸ. ਟੀ. ਅਤੇ ਨੋਟਬੰਦੀ ਨੂੰ ਲਾਗੂ ਕਰਕੇ ਵਪਾਰ ਅਤੇ ਉਦਯੋਗ ਦਾ ਲੱਕ ਤੋੜ ਦਿੱਤਾ। ਹੁਣ ਸਮਾਂ ਆ ਗਿਆ ਜਦੋਂ ਇਸ ਦਾ ਮੋਦੀ ਸਰਕਾਰ ਕੋਲੋਂ ਚੋਣਾਂ 'ਚ ਲੋਕ ਬਦਲਾ ਲੈ ਲੈਣ।