ਪੰਜਾਬ ''ਚ ਕੈਪਟਨ ਖਿਲਾਫ ਜ਼ਬਰਦਸਤ ਸੱਤਾ ਵਿਰੋਧੀ ਲਹਿਰ : ਸੁਖਬੀਰ ਬਾਦਲ

Wednesday, May 08, 2019 - 10:10 AM (IST)

ਪੰਜਾਬ ''ਚ ਕੈਪਟਨ ਖਿਲਾਫ ਜ਼ਬਰਦਸਤ ਸੱਤਾ ਵਿਰੋਧੀ ਲਹਿਰ : ਸੁਖਬੀਰ ਬਾਦਲ

ਆਦਮਪੁਰ/ਸੁਲਤਾਨਪੁਰ ਲੋਧੀ/ਸ਼ਾਹਕੋਟ (ਦਿਲਬਾਗੀ, ਚਾਂਦ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਦਮਪੁਰ, ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ 'ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਰਕਾਰ ਵਿਰੁੱਧ ਜ਼ਬਰਦਸਤ ਸੱਤਾ ਵਿਰੋਧੀ ਲਹਿਰ ਹੈ। ਮੁੱਖ ਮੰਤਰੀ ਨੂੰ ਆਪਣੇ ਚੁਣੇ ਇਲਾਕੇ ਪਟਿਆਲਾ ਤੋਂ ਅਪਮਾਨਜਨਕ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਮੁੱਖ ਮੰਤਰੀ ਦੀ ਪੰਜਾਬ 'ਚ ਟਾਟ ਦੇ ਬੋਰੇ ਨਾ ਹੋਣ ਕਾਰਨ ਕਣਕ ਦੀ ਖਰੀਦ 'ਚ ਆ ਰਹੀ ਰੁਕਾਵਟ ਦਾ ਦੋਸ਼ ਦੂਜੇ 'ਤੇ ਲਾ ਰਹੇ ਹਨ, ਜਦਕਿ ਹਕੀਕਤ ਕੁਝ ਹੋਰ ਹੀ ਹੈ।
ਕਣਕ ਦੀ ਖਰੀਦ ਕਿਸਾਨਾਂ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੁੰਦੀ ਹੈ। ਮੁੱਖ ਮੰਤਰੀ ਸੁੱਤਾ ਰਿਹਾ ਅਤੇ ਉਸ ਦੀ ਸਰਕਾਰ ਨੇ ਜਨਵਰੀ ਤੱਕ ਟਾਟ ਦੇ ਬੋਰਿਆਂ ਦਾ ਆਰਡਰ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਸਰਕਾਰ ਦੇ ਸਮੇਂ ਅਸੀਂ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ 5-6 ਮਹੀਨੇ ਪਹਿਲਾਂ ਨਵੰਬਰ ਤੱਕ ਟਾਟ ਦੇ ਬੋਰਿਆਂ ਦੇ ਆਰਡਰ ਭੇਜ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅਮਰਿੰਦਰ ਜਾਣਦਾ ਹੈ ਕਿ ਟਾਟ ਦੇ ਬੋਰਿਆਂ ਦਾ ਪ੍ਰਬੰਧ ਕਰਨ ਅਤੇ ਭੇਜਣ 'ਚ ਸਮਾਂ ਲੱਗਦਾ ਹੈ।
ਬਾਦਲ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਕਿਉਂਕਿ ਅਮਰਿੰਦਰ ਪਿਛਲੇ 2 ਸਾਲਾਂ ਤੋਂ ਗੁੰਮ ਹੈ। ਕਾਂਗਰਸ ਸਰਕਾਰ ਵੱਲੋਂ ਵਧਾਏ ਗਏ ਬਿਜਲੀ ਦੇ ਬਿੱਲਾਂ ਨੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੀਆਂ ਚੀਕਾਂ ਕੱਢਵਾ ਰੱਖੀਆਂ ਹਨ। ਉਥੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਉਹ ਟਿਊਬਵੈੱਲ ਬਿੱਲਾਂ ਨੂੰ ਭਰਨ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਅਮਰਿੰਦਰ ਸਰਕਾਰ ਵਾਅਦਿਆਂ ਤੋਂ ਮੁੱਕਰ ਗਈ ਅਤੇ ਉਸ ਨੇ ਕਿਸਾਨਾਂ, ਵਪਾਰੀਆਂ ਅਤੇ ਸੂਬੇ ਦੇ ਗਰੀਬ ਲੋਕਾਂ ਨੂੰ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਦਿੱਤੀਆਂ ਸਾਰੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ ਹੈ।


author

shivani attri

Content Editor

Related News