ਲੋਕ ਸਭਾ ਚੋਣਾਂ: 30 ਸਾਲ ਬਾਅਦ ਵੀ ਸਿਮਰਨਜੀਤ ਮਾਨ ਦਾ ਨਹੀਂ ਤੋੜ ਸਕਿਆ ਕੋਈ ਰਿਕਾਰਡ
Wednesday, Apr 10, 2019 - 12:09 PM (IST)

ਕਪੂਰਥਲਾ— ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਲੋਕ ਸਭਾ ਚੋਣਾਂ ਦੌਰਾਨ ਵੱਡੀ ਜਿੱਤ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਸਿਰਮਰਨਜੀਤ ਸਿੰਘ ਮਾਨ ਦਾ ਰਿਕਾਰਡ ਪੰਜਾਬ ਦੇ ਸਿਆਸੀ ਇਤਿਹਾਸ 'ਚ 30 ਸਾਲ ਬਾਅਦ ਵੀ ਕੋਈ ਤੋੜ ਨਹੀਂ ਸਕਿਆ ਹੈ। ਪੰਜਾਬ ਦੇ ਸਿਆਸੀ ਇਤਿਹਾਸ 'ਚ ਅਜਿਹਾ ਨਾ ਪਹਿਲਾਂ ਕਦੇ ਹੋਇਆ ਸੀ ਅਤੇ ਨਾ ਹੀ ਦੋਬਾਰਾ ਕਦੇ ਹੋ ਸਕੇਗਾ। ਸਾਲ 1989 'ਚ ਲੋਕ ਸਭਾ ਚੋਣਾਂ ਤਰਨਤਾਰਨ 'ਚ ਵੀ ਹੋਈਆਂ ਸਨ। ਇਨ੍ਹਾਂ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਨਾ ਸਿਰਫ ਖੁਦ ਰਿਕਾਰਡ ਵੋਟਾਂ ਨਾਲ ਜਿੱਤੇ ਸਗੋਂ ਆਪਣੀ ਪਾਰਟੀ ਦੇ 5 ਉਮੀਦਵਾਰਾਂ ਨੂੰ ਲੈ ਵੀ ਲੋਕ ਸਭਾ ਪਹੁੰਚਾ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ (ਮਾਨ) ਪਾਰਟੀ ਨੇ ਤਰਨਤਾਰਨ ਦੇ ਨਾਲ ਫਰੀਦਕੋਟ, ਬਠਿੰਡਾ, ਸੰਗਰੂਰ, ਲੁਧਿਆਣਾ ਅਤੇ ਰੋਪੜ ਦੀਆਂ ਸੀਟਾਂ ਵੀ ਜਿੱਤੀਆਂ ਸਨ।
ਸਿਮਰਨਜੀਤ ਸਿੰਘ ਮਾਨ ਨੇ 56,1,883 ਵੋਟਾਂ 'ਚੋਂ 52,7,707 ਵੋਟਾਂ ਲੈ ਕੇ ਕਾਂਗਰਸ ਦੇ ਅਜੀਤ ਸਿੰਘ ਮਾਨ ਨੂੰ 480417 ਵੋਟਾਂ ਨਾਲ ਹਰਾਇਆ ਸੀ। ਚੋਣਾਂ 'ਚ 93.92 ਫੀਸਦੀ ਵੋਟਾਂ ਹਾਸਲ ਕਰਨ ਵਾਲੇ ਮਾਨ ਦਾ ਰਿਕਾਰਡ 30 ਸਾਲ ਬਾਅਦ ਵੀ ਕੋਈ ਨਹੀਂ ਤੋੜ ਸਕਿਆ। ਮਾਨ ਨੇ ਤਰਨਤਾਰਨ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ। ਫਿਰੋਜ਼ਪੁਰ 'ਚ ਮਾਨ ਵੱਲੋਂ ਸਰਮਥਿਤ ਆਜ਼ਾਦ ਉਮੀਦਵਾਰ ਨੇ ਵੀ ਕਾਮਯਾਬੀ ਹਾਸਲ ਕੀਤੀ ਸੀ। ਇਸ ਦੇ ਬਾਅਦ ਮਾਨ ਅਤੇ ਉਨ੍ਹਾਂ ਦੀ ਪਾਰਟੀ ਹਾਸ਼ੀਏ 'ਤੇ ਚਲੀ ਗਈ। ਇਸ ਵਾਰੀ ਇਕ ਵਾਰ ਫਿਰ ਮਾਨ ਦੀ ਪਾਰਟੀ ਆਪਣੇ ਉਮੀਦਵਾਰ ਉਤਾਰ ਸਕਦੀ ਹੈ।
ਜੇਲ 'ਚੋਂ ਲੜੀ ਸੀ ਚੋਣ
ਸਿਮਰਨਜੀਤ ਸਿੰਘ ਮਾਨ ਨੇ ਜੇਲ 'ਚ ਰਹਿੰਦੇ ਹੋਏ ਲੋਕ ਸਭਾ ਚੋਣ ਲੜੀ ਸੀ। ਕਾਮਯਾਬੀ ਤੋਂ ਬਾਅਦ ਇਕ ਵੱਡੇ ਨੇਤਾ ਦੇ ਤੌਰ 'ਤੇ ਉਭਰੇ ਸਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਖਾਤਾ ਵੀ ਨਹੀਂ ਖੋਲ ਸਕਿਆ ਸੀ ਜਦਕਿ ਭਾਜਪਾ, ਕਾਂਗਰਸ ਜਨਤਾ ਦਲ ਅਤੇ ਬਸਪਾ ਨੂੰ ਇਕ-ਇਕ ਸੀਟ ਤੋਂ ਸੰਤੁਸ਼ਟ ਰਹਿਣਾ ਪਿਆ ਸੀ। ਕਾਂਗਰਸ ਨੂੰ ਗੁਰਦਾਸਪੁਰ 'ਚ ਹੀ ਕਾਮਯਾਬੀ ਮਿਲੀ ਸੀ, ਜਿੱਥੇ ਸੁਖਬੰਸ ਕੌਰ ਨੇ ਚੋਣ ਜਿੱਤੀ ਸੀ। ਹੁਸ਼ਿਆਰਪੁਰ ਤੋਂ ਸ਼ਿਅਦ ਦੀ ਗਠਜੋੜ ਪਾਰਟੀ ਭਾਜਪਾ ਦੇ ਕਮਲ ਚੌਧਰੀ ਜਿੱਤੇ ਸਨ। ਫਿਲੌਰ ਤੋਂ ਬਸਪਾ ਉਮੀਦਵਾਰ ਹਰਭਜਨ ਲਾਖਾ ਜਿੱਤੇ ਸਨ। ਜਲੰਧਰ ਸੀਟ 'ਤੇ ਜਨਤਾ ਦਲ ਦੇ ਇੰਦਰ ਕੁਮਾਰ ਗੁਜਰਾਲ ਜਿੱਤੇ ਸਨ। ਪਟਿਆਲਾ ਅਤੇ ਅੰਮ੍ਰਿਤਸਰ ਸੀਟਾਂ 'ਤੇ ਆਜ਼ਾਦ ਉਮੀਦਵਾਰ ਜਿੱਤੇ ਸਨ। ਅੰਮ੍ਰਿਤਸਰ ਤੋਂ ਕਿਰਪਾਲ ਸਿੰਘ ਅਤੇ ਪਟਿਆਲਾ ਤੋਂ ਅਤਿੰਦਰਪਾਲ ਸਿੰਘ ਜਿੱਤੇ ਸਨ।