''ਕੈਪਟਨ ਦੇ ਡੇਰਾ ਬਿਆਸ ਜਾਣ ''ਤੇ ਅਕਾਲੀਆਂ ਨੂੰ ਨਹੀਂ ਇਤਰਾਜ਼''
Wednesday, Apr 03, 2019 - 06:39 PM (IST)
ਨਾਭਾ (ਰਾਹੁਲ ਖੁਰਾਣਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ 'ਤੇ ਅਕਾਲੀ ਦਲ ਨੂੰ ਕੋਈ ਇਤਰਾਜ਼ ਨਹੀਂ ਹੈ। ਕੈਪਟਨ ਦੇ ਸ਼ਹਿਰ ਪਟਿਆਲਾ ਤੋਂ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਖਿਲਾਫ ਚੋਣ ਲੜਨ ਜਾ ਰਹੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਰੱਖੜਾ ਦਾ ਕਹਿਣਾ ਹੈ ਕਿ ਵੋਟ ਮੰਗਣਾ ਹਰ ਪਾਰਟੀ ਦਾ ਅਧਿਕਾਰ ਹੈ, ਇਸ ਲਈ ਕੋਈ ਵੀ ਕਿਸੇ ਤੋਂ ਵੀ ਵੋਟ ਮੰਗ ਸਕਦਾ ਹੈ। ਇਸ ਦੇ ਨਾਲ ਹੀ ਰੱਖੜਾ ਨੇ ਕਾਂਗਰਸ ਵਲੋਂ ਜਾਰੀ ਕੀਤੇ ਮੈਨੀਫੈਸਟੋ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਰੱਖੜਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਹ ਅੱਜ ਤਕ ਵੀ ਪੂਰੇ ਨਹੀਂ ਕੀਤੇ ਗਏ। ਨਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ, ਕਿਸਾਨ ਕਰਜ਼ੇ ਮੁਆਫ ਨਹੀਂ ਕੀਤੇ ਗਏ ਅਤੇ ਨਾ ਹੀ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਗਏ।
ਇਥੇ ਦੱਸਣਯੋਗ ਹੈ ਕਿ ਚੋਣਾਂ ਆਉਂਦਿਆਂ ਹੀ ਸਿਆਸੀ ਲੀਡਰਾਂ ਨੂੰ ਡੇਰਿਆਂ ਦੀ ਯਾਦ ਆ ਜਾਂਦੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁੱਝ ਡੇਰਿਆਂ 'ਚ ਜਾ ਚੁੱਕੇ ਹਨ, ਜਿਸ 'ਤੇ ਕਾਂਗਰਸ ਵਲੋਂ ਸਿਆਸਤ ਕੀਤੀ ਗਈ ਸੀ, ਹੁਣ ਕੈਪਟਨ ਦੇ ਡੇਰਾ ਬਿਆਸ ਜਾਣ 'ਤੇ ਪਾਰਟੀ ਵਲੋਂ ਚੁੱਪੀ ਵੱਟੀ ਹੋਈ ਹੈ।