ਰਾਹੁਲ ਗਾਂਧੀ ਬਠਿੰਡਾ ਤੇ ਗੁਰਦਾਸਪੁਰ ''ਚ ਕਰਨਗੇ ਪ੍ਰਚਾਰ

04/29/2019 5:33:09 PM

ਜਲੰਧਰ (ਧਵਨ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੰਜਾਬ 'ਚ ਵੀ. ਵੀ. ਆਈ. ਪੀਜ਼ ਸੀਟਾਂ ਜਿਵੇਂ ਬਠਿੰਡਾ ਤੇ ਗੁਰਦਾਸਪੁਰ 'ਚ ਚੋਣ ਪ੍ਰਚਾਰ ਲਈ ਪਹੁੰਚਣਗੇ। ਕਾਂਗਰਸ ਦੇ ਉੱਚ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਾਹੁਲ ਗਾਂਧੀ ਦੇ ਪ੍ਰੋਗਰਾਮ ਸਬੰਧੀ ਪੰਜਾਬ ਕਾਂਗਰਸ ਵਲੋਂ ਰਣਨੀਤੀ ਬਣਾਈ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਰਣਨੀਤੀ ਨੂੰ ਖੁਦ ਅੰਤਿਮ ਰੂਪ ਦੇਣ 'ਚ ਲੱਗੇ ਹੋਏ ਹਨ। ਜ਼ਮੀਨੀ ਪੱਧਰ ਤੋਂ ਫੀਡ ਬੈਕ ਲੈਣ ਤੋਂ ਬਾਅਦ ਪਾਰਟੀ ਨੇ ਲਗਭਗ ਇਹ ਫੈਸਲਾ ਲਿਆ ਹੈ ਕਿ ਰਾਹੁਲ ਗਾਂਧੀ ਨੂੰ ਘੱਟੋ-ਘੱਟ ਬਠਿੰਡਾ ਅਤੇ ਗੁਰਦਾਸਪੁਰ ਦੋਵਾਂ ਸੀਟਾਂ 'ਤੇ ਪ੍ਰਚਾਰ ਲਈ ਜ਼ਰੂਰ ਲਿਜਾਇਆ ਜਾਵੇ।
ਉੱਚ ਪੱਧਰੀ ਕਾਂਗਰਸ ਸੂਤਰਾਂ ਨੇ ਕਿਹਾ ਕਿ ਬਠਿੰਡਾ 'ਚ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ 'ਚ ਹਨ, ਜਿਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਹੈ। ਇਸ ਤਰ੍ਹਾਂ ਗੁਰਦਾਸਪੁਰ ਸੀਟ ਹਾਟ ਬਣ ਗਈ ਹੈ ਕਿਉਂਕਿ ਭਾਜਪਾ ਨੇ ਇਸ ਸੀਟ 'ਤੇ ਫਿਲਮ ਅਭਿਨੇਤਾ ਸੰਨੀ ਦਿਓਲ ਨੂੰ ਉਤਾਰਿਆ ਹੈ। ਕਾਂਗਰਸ ਸੂਤਰਾਂ ਨੇ ਕਿਹਾ ਕਿ ਕੇਂਦਰ ਪੱਧਰ ਤੋਂ ਪੰਜਾਬ 'ਚ ਵੱਖ-ਵੱਖ ਸੀਟਾਂ 'ਤੇ ਬੁਲਾਏ ਜਾਣ ਵਾਲੇ ਸੈਲੀਬ੍ਰਿਟੀਆਂ ਦੀ ਸੂਚੀ ਵੀ ਬਣਾਈ ਜਾ ਰਹੀ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਦੀ ਮੰਗ ਲਗਾਤਾਰ ਆ ਰਹੀ ਹੈ। ਅਜੇ ਕਾਂਗਰਸ ਇਹ ਦੇਖ ਰਹੀ ਹੈ ਕਿ ਯੂ. ਪੀ. 'ਚ ਆਖਰੀ ਪੜਾਅ 'ਚ ਕਿਹੜੇ-ਕਿਹੜੇ ਖੇਤਰਾਂ 'ਚ ਵਿਧਾਨ ਸਭਾ ਚੋਣਾਂ ਮੁਕੰਮਲ ਹੋਣੀਆਂ ਹਨ। ਉਸ ਤੋਂ ਬਾਅਦ ਹੀ ਪ੍ਰਿਯੰਕਾ ਗਾਂਧੀ ਦਾ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ। ਰਾਹੁਲ ਅਤੇ ਪ੍ਰਿਯੰਕਾ ਦੋਵਾਂ ਦੀ ਮੰਗ ਲਗਾਤਾਰ ਆ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਾਇਦ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਪ੍ਰਚਾਰ ਲਈ ਬੁਲਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਕੁਝ ਹੋਰ ਹੌਟ ਸੀਟਾਂ 'ਤੇ ਵੀ ਕਾਂਗਰਸ ਦੇ ਆਕਰਸ਼ਕ ਚਿਹਰਿਆਂ ਨੂੰ ਬੁਲਾਉਣ 'ਤੇ ਵਿਚਾਰ ਹੋ ਰਿਹਾ ਹੈ, ਜਿਸ ਨੂੰ ਅਗਲੇ 2-3 ਦਿਨਾਂ 'ਚ ਅੰਤਿਮ ਰੂਪ ਦੇ ਦਿੱਤਾ ਜਾਵੇਗਾ।


Gurminder Singh

Content Editor

Related News