ਕਾਂਗਰਸ ਨੂੰ ਪੰਜਵੇਂ ਪੜਾਅ ''ਚ 2009 ਵਰਗੇ ਪ੍ਰਦਰਸ਼ਨ ਦੀ ਉਮੀਦ

Wednesday, May 01, 2019 - 10:21 AM (IST)

ਜਲੰਧਰ (ਧਵਨ)— ਉੱਤਰ ਪ੍ਰਦੇਸ਼ 'ਚ ਪੰਜਵੇਂ ਪੜਾਅ ਅਧੀਨ ਹੋਣ ਵਾਲੀ ਪੋਲਿੰਗ ਦੌਰਾਨ ਕਾਂਗਰਸ ਨੂੰ 2009 ਵਰਗੇ ਪ੍ਰਦਰਸ਼ਨ ਦੀ ਉਮੀਦ ਪੈਦਾ ਹੋਈ ਹੈ। 2014 'ਚ 5ਵੇਂ ਪੜਾਅ ਦੌਰਾਨ 14 ਸੀਟਾਂ 'ਚੋਂ ਭਾਜਪਾ ਨੇ 12 ਸੀਟਾਂ ਜਿੱਤੀਆਂ ਸਨ। 2 ਸੀਟਾਂ ਅਮੇਠੀ ਅਤੇ ਰਾਏਬਰੇਲੀ ਤੋਂ ਕਾਂਗਰਸ ਜੇਤੂ ਰਹੀ ਸੀ। 5ਵੇਂ ਪੜਾਅ 'ਚ ਇਸ ਵਾਰ ਕਾਂਗਰਸ ਦੀ ਭਾਜਪਾ ਨਾਲ 4 ਸੀਟਾਂ 'ਤੇ ਸਿੱਧੀ ਟੱਕਰ ਹੈ। ਅਮੇਠੀ ਅਤੇ ਰਾਏਬਰੇਲੀ 'ਚ ਕਾਂਗਰਸ ਖੁਦ ਨੂੰ ਜੇਤੂ ਮੰਨ ਕੇ ਚੱਲ ਰਹੀ ਹੈ। 2009 'ਚ ਕਾਂਗਰਸ ਨੇ ਪੰਜਵੇਂ ਗੇੜ ਦੀ ਪੋਲਿੰਗ ਦੌਰਾਨ 14 ਸੀਟਾਂ 'ਤੇ ਪਈਆਂ ਵੋਟਾਂ ਪਿੱਛੋਂ 7 'ਤੇ ਜਿੱਤ ਦਰਜ ਕੀਤੀ ਸੀ। ਉਦੋਂ ਕਾਂਗਰਸ ਨੂੰ ਉਮੀਦ ਤੋਂ ਉਲਟ ਸਫਲਤਾ ਮਿਲੀ ਸੀ। ਕਾਂਗਰਸ ਪੰਜਵੇਂ ਪੜਾਅ 'ਚ ਇਨ੍ਹਾਂ 14 ਸੀਟਾਂ 'ਤੇ ਆਪਣੀ ਸਫਲਤਾ ਨੂੰ 2009 ਵਰਗਾ ਬਣਾਉਣ ਲਈ ਬਹੁਤ ਮਿਹਨਤ ਕਰ ਰਹੀ ਹੈ। ਇਸ ਦੀ ਕਮਾਂਡ ਖੁਦ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸੰਭਾਲੀ ਹੋਈ ਹੈ। ਅਮੇਠੀ 'ਚ ਖੁਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਚੋਣ ਲੜ ਰਹੇ ਹਨ ਜਦਕਿ ਰਾਏਬਰੇਲੀ 'ਚ ਯੂ. ਪੀ. ਏ. ਦੇ ਚੇਅਰਪਰਸਨ ਸੋਨੀਆ ਗਾਂਧੀ ਕਿਸਮਤ ਅਜ਼ਮਾ ਰਹੀ ਹੈ। ਕਾਂਗਰਸ ਦਾ ਮੰਨਣਾ ਹੈ ਕਿ ਪਾਰਟੀ ਦਾ ਅੰਦਰੂਨੀ ਸਰਵੇਖਣ ਦੱਸਦਾ ਹੈ ਕਿ ਭਾਜਪਾ ਪੰਜਵੇਂ ਪੜਾਅ 'ਚ ਉਕਤ ਨਤੀਜੇ 'ਤੇ ਰਹੇਗੀ। ਪੰਜਵੇਂ ਪੜਾਅ ਲਈ ਵੋਟਾਂ 6 ਮਈ ਨੂੰ ਪੈਣੀਆਂ ਹਨ। ਕਾਂਗਰਸ ਨੇ ਭਾਰੀ ਮਿਹਨਤ ਕਰਕੇ ਤਿਕੋਣੀ ਟੱਕਰ ਬਣਾ ਕੇ ਆਪਣੀ ਹਾਜ਼ਰੀ ਸਪੱਸ਼ਟ ਕਰ ਦਿੱਤੀ ਹੈ।
ਸੀਤਾਪੁਰ 'ਚ ਕਾਂਗਰਸ ਨੇ ਕੇਸਰਜਾਹ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। 2014 'ਚ ਕੇਸਰ ਬਸਪਾ ਦੇ ਉਮੀਦਵਾਰ ਸਨ ਅਤੇ ਇਸ ਸੀਟ ਤੋਂ ਦੂਜੇ ਨੰਬਰ 'ਤੇ ਆਏ ਸਨ। ਬਸਪਾ ਨੇ ਇਸ ਵਾਰ ਨਕੁਲ ਦੁਬੇ ਨੂੰ ਟਿਕਟ ਦਿੱਤੀ ਹੈ। ਫਤਿਹਪੁਰ ਵਿਖੇ ਕਾਂਗਰਸ ਨੇ ਰਾਕੇਸ਼ ਨੂੰ ਖੜ੍ਹਾ ਕੀਤਾ ਹੈ। ਉਸ ਨੇ ਪਿਛਲੀ ਵਾਰ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਸੀ। ਇਸ ਵਾਰ ਸਪਾ ਅਤੇ ਬਸਪਾ 'ਚ ਚੋਣ ਗਠਜੋੜ ਹੋਣ ਕਾਰਨ ਇਹ ਸੀਟ ਬਸਪਾ ਦੇ ਖਾਤੇ 'ਚ ਚਲੀ ਗਈ, ਜਿਸ ਨੇ ਸੁਖਦੇਵ ਪ੍ਰਸਾਦ ਨੂੰ ਚੋਣ ਮੈਦਾਨ 'ਚ ਉਤਾਰਿਆ।
ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਆਪਣਾ ਧਿਆਨ ਪੰਜਵੇਂ ਪੜਾਅ ਦੀ ਪੋਲਿੰਗ ਵੱਲ ਲਾਇਆ ਹੋਇਆ ਹੈ। ਪ੍ਰਿਯੰਕਾ ਨੂੰ ਉਮੀਦ ਹੈ ਕਿ ਕਾਂਗਰਸ ਦਾ ਪ੍ਰਦਰਸ਼ਨ ਚੰਗਾ ਹੋਵੇਗਾ। ਲਖਨਊ 'ਚ ਭਾਜਪਾ ਨੇ ਆਪਣਾ ਚੋਟੀ ਦੇ ਆਗੂ ਰਾਜਨਾਥ ਸਿੰਘ ਨੂੰ ਮੁੜ ਚੋਣ ਮੈਦਾਨ 'ਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੀ ਪੂਨਮ ਸਿਨ੍ਹਾ ਅਤੇ ਕਾਂਗਰਸ ਦੇ ਪ੍ਰਮੋਦ ਨਾਲ ਹੈ। ਬਾਕੀ ਦੀਆਂ 13 ਸੀਟਾਂ 'ਤੇ ਭਾਜਪਾ ਦੇ ਸਾਹਮਣੇ ਚੁਣੌਤੀ ਭਰੇ ਹਾਲਾਤ ਦੱਸੇ ਜਾਂਦੇ ਹਨ। ਭਾਜਪਾ ਦਾ ਮੰਨਣਾ ਹੈ ਕਿ ਵੋਟਾਂ ਦੀ ਵੰਡ ਹੋਵੇਗੀ ਜਦਕਿ ਕਾਂਗਰਸ ਦਾ ਕਹਿਣਾ ਹੈ ਕਿ ਲੜਾਈ 'ਚ ਉਹ ਬਾਜ਼ੀ ਮਾਰੇਗੀ ਅਤੇ 2009 ਵਰਗੇ ਪ੍ਰਦਰਸ਼ਨ ਕਰੇਗੀ ਉਦੋਂ ਕਾਂਗਰਸ ਨੇ ਉੱਤਰ ਪ੍ਰਦੇਸ਼ 'ਚ ਹੈਰਾਨੀਜਨਕ ਨਤੀਜੇ ਦਿੱਤੇ ਸਨ। ਕਾਂਗਰਸ ਨੂੰ ਇਸ ਪੜਾਅ 'ਚ ਆਪਣੀ ਬਿਹਤਰੀ ਨਜ਼ਰ ਆਈ ਸੀ।


shivani attri

Content Editor

Related News