ਅੱਜ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ''ਤੇ ਲੱਗੇਗੀ ਮੋਹਰ!
Tuesday, Apr 02, 2019 - 11:38 AM (IST)
ਜਲੰਧਰ/ਨਵੀਂ ਦਿੱਲੀ (ਧਵਨ)— ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਇਕ ਮਹੱਤਵਪੂਰਨ ਬੈਠਕ ਅੱਜ ਸ਼ਾਮ ਦਿੱਲੀ 'ਚ ਹੋਣ ਵਾਲੀ ਹੈ, ਜਿਸ 'ਚ ਹੋਰਨਾਂ ਸੂਬਿਆਂ ਦੇ ਨਾਲ ਪੰਜਾਬ 'ਚ ਕਾਂਗਰਸ ਦੇ ਉਮੀਦਵਾਰਾਂ 'ਤੇ ਚਰਚਾ ਕਰਨ ਤੋਂ ਬਾਅਦ ਪਾਰਟੀ ਵੱਲੋਂ ਪਹਿਲੀ ਸੂਚੀ ਦੇਰ ਰਾਤ ਜਾਰੀ ਕੀਤੀ ਜਾ ਸਕਦੀ ਹੈ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਅੱਜ ਸ਼ਾਮ ਹੋਣ ਵਾਲੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦਿੱਲੀ ਪਹੁੰਚ ਗਏ ਹਨ। ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਕਾਂਗਰਸ ਦੇ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੀ ਦਿੱਲੀ 'ਚ ਮੌਜੂਦ ਹਨ।
ਮੰਨਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਪਹਿਲੀ ਸੂਚੀ 'ਚ ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਜਲੰਧਰ ਸਮੇਤ ਕੁਝ ਹੋਰ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਨ੍ਹਾਂ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਹੈ। ਪਟਿਆਲਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ, ਗੁਰਦਾਸਪੁਰ 'ਚ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ, ਜਲੰਧਰ 'ਚ ਮੌਜੂਦਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਲੁਧਿਆਣਾ 'ਚ ਮੌਜੂਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਾਵਾਂ 'ਤੇ ਸਹਿਮਤੀ ਬਣਾਈ ਜਾ ਚੁੱਕੀ ਹੈ ਜਦਕਿ ਅਨੰਦਪੁਰ ਸਾਹਿਬ 'ਚ ਮਨੀਸ਼ ਤਿਵਾੜੀ, ਖਡੂਰ ਸਾਹਿਬ 'ਚ ਜਸਬੀਰ ਸਿੰਘ ਡਿੰਪਾ ਦੇ ਨਾਵਾਂ 'ਤੇ ਵੀ ਸਹਿਮਤੀ ਦੱਸੀ ਜਾ ਰਹੀ ਹੈ।
ਹੁਸ਼ਿਆਰਪੁਰ ਦੇ ਲਈ ਬਣਾਏ ਗਏ ਪੈਨਲ 'ਚ ਪਹਿਲੇ ਸਥਾਨ 'ਤੇ ਕਾਂਗਰਸੀ ਵਿਧਾਇਕ ਡਾ. ਰਾਜ ਅਤੇ ਦੂਜੇ ਨੰਬਰ 'ਤੇ ਸੰਤੋਸ਼ ਚੌਧਰੀ ਦੀ ਪੁੱਤਰੀ ਤੇ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ 'ਤੇ ਕਾਂਗਰਸ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਤੇ ਦੂਸਰੇ ਸਥਾਨ 'ਤੇ ਡਾ. ਅਮਰ ਸਿੰਘ ਦਾ ਨਾਂ ਦੱਸਿਆ ਗਿਆ ਹੈ। ਅੰਮ੍ਰਿਤਸਰ, ਫਿਰੋਜ਼ਪੁਰ ਤੇ ਬਠਿੰਡਾ ਸੀਟਾਂ 'ਤੇ ਅਜੇ ਉਮੀਦਵਾਰਾਂ ਬਾਰੇ ਸਹਿਮਤੀ ਨਹੀਂ ਬਣ ਸਕੀ ਹੈ ਕਿਉਂਕਿ ਪਾਰਟੀ ਫਿਲਹਾਲ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਵੱਲ ਦੇਖ ਰਹੀ ਹੈ। ਮਿਸ਼ਨ 13 ਨੂੰ ਪੂਰਾ ਕਰਨ ਲਈ ਸਾਰੀਆਂ ਸੀਟਾਂ 'ਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਕਾਂਗਰਸ ਦੀ ਕੋਸ਼ਿਸ਼ ਹੈ ਕਿ ਮੌਜੂਦਾ ਵਿਧਾਇਕਾਂ ਨੂੰ ਸਿਰਫ ਉਨ੍ਹਾਂ ਹੀ ਸੀਟਾਂ 'ਤੇ ਟਿਕਟਾਂ ਦਿੱਤੀਆਂ ਜਾਣ ਜਿਥੇ ਹੋਰ ਮਜ਼ਬੂਤ ਉਮੀਦਵਾਰ ਪਾਰਟੀ ਦੇ ਕੋਲ ਨਹੀਂ ਹਨ।
ਕਾਂਗਰਸ ਉਮੀਦਵਾਰਾਂ ਦੇ ਐਲਾਨ 'ਚ ਪਿੱਛੇ ਨਹੀਂ ਰਹਿਣਾ ਚਾਹੁੰਦੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਰਕ ਹੈ ਕਿ ਕਾਂਗਰਸ ਉਮੀਦਵਾਰਾਂ ਨੂੰ ਪ੍ਰਚਾਰ ਲਈ ਪੂਰਾ ਸਮਾਂ ਮਿਲਣਾ ਚਾਹੀਦਾ ਹੈ। ਪੰਜਾਬ 'ਚ ਕਾਂਗਰਸ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਕ੍ਰੀਨ ਕਮੇਟੀ ਦੋ ਵਾਰ ਆਪਣੀਆਂ ਬੈਠਕਾਂ ਕਰ ਚੁੱਕੀ ਹੈ। ਮੁੱਖ ਮੰਤਰੀ ਦੀ ਕੋਸ਼ਿਸ਼ ਹੈ ਕਿ ਕਾਂਗਰਸ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 2 ਜਾਂ 3 ਪੜਾਅ 'ਚ ਕਰ ਦਿੱਤਾ ਜਾਵੇ ਜਦੋਂ ਹੋਰ ਹੌਟ ਸੀਟਾਂ 'ਤੇ ਵਿਰੋਧੀ ਉਮੀਦਵਾਰਾਂ ਦੇ ਨਾਂ ਸਾਹਮਣੇ ਆ ਜਾਣਗੇ ਤਾਂ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।