ਭਗਵੰਤ ਮਾਨ ਨੇ ਦੱਸਿਆ ਸੁਖਪਾਲ ਖਹਿਰਾ ਦਾ ਮਾਸਟਰ ਪਲਾਨ
Friday, Apr 26, 2019 - 07:05 PM (IST)
ਸੰਗਰੂਰ : ਸੁਖਪਾਲ ਖਹਿਰਾ ਵਲੋਂ ਵਿਧਾਇਕੀ ਤੋਂ ਦਿੱਤੇ ਗਏ ਅਸਤੀਫੇ ਨੂੰ ਭਗਵੰਤ ਮਾਨ ਨੇ ਡਰਾਮਾ ਦੱਸਿਆ ਹੈ। ਮਾਨ ਨੇ ਕਿਹਾ ਕਿ ਵਿਧਾਇਕੀ ਤੋਂ ਅਸਤੀਫਾ ਸਿਰਫ ਇਕ ਲਾਈਨ ਦਾ ਹੁੰਦਾ ਹੈ ਕਿ ਜਦਕਿ ਸੁਖਪਾਲ ਖਹਿਰਾ ਨੇ ਲੰਮਾ ਚੌੜਾ ਭਾਸ਼ਣ ਲਿਖ ਕੇ ਸਪੀਕਰ ਨੂੰ ਭੇਜਿਆ ਹੈ, ਉਨ੍ਹਾਂ ਨੂੰ ਪਤਾ ਹੈ ਕਿ ਇਹ ਅਸਤੀਫਾ ਮਨਜ਼ੂਰ ਨਹੀਂ ਹੋਵੇਗਾ ਅਤੇ ਜਾਣ ਬੁਝ ਕੇ ਉਨ੍ਹਾਂ ਸਿਰਫ ਡਰਾਮਾ ਕੀਤਾ ਹੈ। ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਇਕ ਖਾਸ ਏਜੰਡੇ 'ਤੇ ਕੰਮ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਰਹਿੰਦੇ ਹੋਏ ਵਾਲੰਟੀਅਰਾਂ ਅਤੇ ਵਿਧਾਇਕਾਂ ਨੂੰ ਤੋੜਨਾ ਸ਼ੁਰੂ ਕੀਤਾ ਅਤੇ ਹੁਣ ਬਿੱਲੀ ਖੁੱਲ੍ਹ ਕੇ ਥੈਲੇ 'ਚੋਂ ਬਾਹਰ ਆ ਗਈ ਹੈ। ਮਾਨ ਨੇ ਕਿਹਾ ਕਿ ਹੁਣ ਤੂੰ ਚੱਲ ਮੈਂ ਆਇਆ ਵਾਲੀ ਸਥਿਤੀ ਹੋਵੇਗੀ।
ਅੱਗੇ ਬੋਲਦੇ ਹੋਏ ਭਗਵੰਤ ਨੇ ਕਿਹਾ ਕਿ ਖਹਿਰਾ ਕਾਂਗਰਸ ਅਤੇ ਅਕਾਲੀ ਦਲ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ। ਜਿਵੇਂ ਹੁਣ ਮਾਨਸ਼ਾਹੀਆ ਕਾਂਗਰਸ ਵਿਚ ਸ਼ਾਮਲ ਹੋਏ ਹਨ, ਇਸੇ ਤਰ੍ਹਾਂ ਖਹਿਰਾ ਵੀ ਮੁੜ ਕਾਂਗਰਸ 'ਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ 'ਤੇ ਮਾਨ ਨੇ ਤਿੱਖਾ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਫਰਮਾਨ ਮੁੱਖ ਮੰਤਰੀ ਨੇ ਨਹੀਂ ਸਗੋਂ ਰਾਜੇ ਨੇ ਜਾਰੀ ਕੀਤਾ ਹੈ।