ਭਗਵੰਤ ਮਾਨ ਨੂੰ ਘੇਰਨ ਲਈ ਖਹਿਰਾ ਦਾ ਮਾਸਟਰ ਪਲਾਨ, ਇਹ ਹੋ ਸਕਦੈ ਉਮੀਦਵਾਰ!
Monday, Mar 18, 2019 - 07:12 PM (IST)
ਚੰਡੀਗੜ੍ਹ/ਸੰਗਰੂਰ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਲੋਕ ਸਭਾ ਚੋਣਾਂ ਵਿਚ ਭਗਵੰਤ ਮਾਨ ਖ਼ਿਲਾਫ਼ ਗੱਠਜੋੜ ਦੇ ਉਮੀਦਵਾਰ ਹੋ ਸਕਦੇ ਹਨ। ਇਸ ਦਾ ਖੁਲਾਸਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਮੈਂਬਰ ਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਖ਼ਿਲਾਫ਼ ਮੈਦਾਨ 'ਚ ਡਟਣ ਵਾਲੇ ਸੁਖਪਾਲ ਖਹਿਰਾ ਨੇ ਕੀਤਾ ਹੈ। ਖਹਿਰਾ ਨੇ ਆਖਿਆ ਹੈ ਕਿ ਜੇਕਰ ਹਰਸਿਮਰਤ ਕੌਰ ਬਾਦਲ ਬਠਿੰਡਾ ਛੱਡ ਕੇ ਫਿਰੋਜ਼ਪੁਰ ਤੋਂ ਚੋਣ ਲੜਦੇ ਹਨ ਤਾਂ ਸਿਮਰਜੀਤ ਬੈਂਸ ਨੂੰ ਫਿਰੋਜ਼ਪੁਰ ਭੇਜਿਆ ਜਾ ਸਕਦਾ ਹੈ, ਜੇਕਰ ਉਹ ਨਹੀਂ ਜਾਂਦੇ ਤਾਂ ਸੰਭਵ ਹੈ ਕਿ ਬੈਂਸ ਨੂੰ ਸੰਗਰੂਰ ਤੋਂ ਭਗਵੰਤ ਮਾਨ ਖਿਲਾਫ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਖਹਿਰਾ ਨੇ ਕਿਹਾ ਕਿ ਇਸ ਬਾਰੇ ਚਰਚਾ ਚੱਲ ਰਹੀ ਹੈ ਜਲਦ ਹੀ ਐਲਾਨ ਕੀਤਾ ਜਾਵੇਗਾ।
ਦਰਅਸਲ ਆਮ ਆਦਮੀ ਪਾਰਟੀ ਵਲੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੰਗਰੂਰ ਸੀਟ ਤੋਂ ਮੈਦਾਨ ਵਿਚ ਉਤਾਰਿਆ ਹੈ। ਭਗਵੰਤ ਮਾਨ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ 'ਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਹੁਣ ਵੀ ਮਾਨ ਇਥੇ ਸਭ ਤੋਂ ਜ਼ਿਆਦਾ ਮਜ਼ਬੂਤ ਉਮੀਦਵਾਰ ਹਨ। ਅਜਿਹੇ 'ਚ ਖਹਿਰਾ ਆਪਣੇ ਸਭ ਤੋਂ ਭਰੋਸੇਮੰਦ ਤੇ ਪੀ. ਡੀ. ਏ. ਦੇ ਵੱਡੇ ਚਿਹਰੇ ਸਿਮਰਜੀਤ ਬੈਂਸ ਨੂੰ ਭਗਵੰਤ ਮਾਨ ਦੇ ਮੁਕਾਬਲੇ ਉਤਾਰਨ ਦੀ ਤਿਆਰੀ 'ਚ ਹਨ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਹੁਣ ਸਿਰਫ ਬੁੱਤਾ-ਸਾਰੂ ਸਿਆਸਤ ਕਰ ਰਹੇ ਹਨ ਜਦਕਿ ਸੰਗਰੂਰ ਸੀਟ ਇਕ ਇਨਕਲਾਬੀ ਸੀਟ ਹੈ ਅਤੇ ਇਥੇ ਬਦਲਾਅ ਦੀ ਲੋੜ ਹੈ।