ਭਗਵੰਤ ਮਾਨ ਦੀ ਜਿੱਤ-ਹਾਰ ਪੰਜਾਬ ''ਚ ''ਆਪ'' ਦਾ ਭਵਿੱਖ ਕਰੇਗੀ ਤੈਅ

05/21/2019 12:18:37 PM

ਸ਼ੇਰਪੁਰ(ਅਨੀਸ਼) : 2014 'ਚ ਸੂਬੇ ਅੰਦਰ 4 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੀ ਸਿਆਸੀ ਹੋਂਦ 2019 ਦੀਆਂ ਚੋਣਾਂ 'ਚ ਖਤਰੇ ਵਿਚ ਪੈਂਦੀ ਦਿਖਾਈ ਦੇ ਰਹੀ ਹੈ, ਜਿਸ ਕਰਕੇ 23 ਮਈ ਦੇ ਚੋਣ ਨਤੀਜਿਆਂ ਤੋਂ ਬਾਅਦ ਇਸ ਪਾਰਟੀ ਵਿਚ ਵੱਡੀ ਸਿਆਸੀ ਉਥਲ-ਪੁਥਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 100 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਇਹ ਪਾਰਟੀ ਸਿਰਫ 20 ਸੀਟਾਂ 'ਤੇ ਸਿਮਟ ਗਈ ਸੀ ਅਤੇ ਇਸ ਤੋਂ ਬਾਅਦ ਇਸ ਦੇ ਜ਼ਿਆਦਾਤਰ ਵਿਧਾਇਕ ਅਤੇ ਆਗੂ ਪਾਰਟੀ ਛੱਡ ਕੇ ਜਾ ਚੁੱਕੇ ਹਨ ਅਤੇ ਹੁਣ ਸਿਰਫ ਇਸ ਪਾਰਟੀ ਨੂੰ 11 ਵਿਧਾਇਕਾਂ ਦਾ ਸਮਰਥਨ ਹਾਸਲ ਹੈ, ਜਿਸ ਕਰਕੇ ਪੰਜਾਬ ਵਿਧਾਨ ਸਭਾ 'ਚ ਇਸ ਪਾਰਟੀ ਦੀ ਵਿਰੋਧੀ ਧਿਰ ਦੀ ਕੁਰਸੀ ਵੀ ਖਤਰੇ 'ਚ ਪੈਂਦੀ ਨਜ਼ਰ ਆ ਰਹੀ ਹੈ।

ਜੇਕਰ ਗੱਲ ਲੋਕ ਸਭਾ ਚੋਣਾਂ ਦੀ ਕਰੀਏ ਤਾਂ ਇਸ ਵਾਰ 2014 ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਮੁਸ਼ਕਲ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਦੇ 2 ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਅਤੇ ਧਰਮਵੀਰ ਗਾਂਧੀ ਪਾਰਟੀ ਛੱਡ ਚੁੱਕੇ ਹਨ ਅਤੇ 2 ਮੌਜੂਦਾ ਮੈਂਬਰ ਪਾਰਲੀਮੈਂਟਾਂ ਵਿਚ ਭਗਵੰਤ ਮਾਨ ਸੰਗਰੂਰ ਤੋਂ ਅਤੇ ਪ੍ਰੋ . ਸਾਧੂ ਸਿੰਘ ਫਰੀਦਕੋਟ ਤੋਂ ਚੋਣ ਮੈਦਾਨ ਵਿਚ ਹਨ। ਵੱਖ-ਵੱਖ ਚੈਨਲਾਂ ਵੱਲੋਂ ਚੋਣਾਂ ਤੋਂ ਬਾਅਦ ਕੀਤੇ ਚੋਣ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਨੂੰ ਸਿਰਫ ਸੰਗਰੂਰ ਸੀਟ ਤੋਂ ਹੀ ਉਮੀਦਾਂ ਹਨ, ਜਿਥੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਚੋਣ ਲੜ ਰਹੇ ਹਨ ਪਰ ਇਸ ਸੀਟ 'ਤੇ ਵੀ ਇਸ ਵਾਰ ਭਗਵੰਤ ਮਾਨ ਦੀ ਰਾਹ ਆਸਾਨ ਨਹੀਂ ਜਾਪ ਰਹੀ ਕਿਉਂਕਿ ਪਾਰਟੀ 'ਚ ਹੋਈ ਟੁੱਟ-ਭੱਜ ਕਾਰਣ ਭਗਵੰਤ ਮਾਨ ਨੂੰ ਸਾਰਾ ਜ਼ੋਰ ਇਸ ਸੀਟ 'ਤੇ ਲਾਉਣਾ ਪਿਆ ਅਤੇ ਉਹ ਪੰਜਾਬ 'ਚ ਹੋਰ ਕਿਤੇ ਵੀ ਪ੍ਰਚਾਰ ਕਰਨ ਨਹੀਂ ਜਾ ਸਕੇ। ਇਥੋ ਤੱਕ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸੰਗਰੂਰ ਸੀਟ 'ਤੇ 5 ਦਿਨਾਂ 'ਚ 2 ਦਿਨ ਪ੍ਰਚਾਰ ਕਰ ਕੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਸੰਗਰੂਰ ਲੋਕ ਸਭਾ ਸੀਟ ਬਚਾਉਣ ਵਿਚ ਸਫਲ ਹੁੰਦੀ ਹੈ ਜਾਂ ਨਹੀਂ, ਇਸ ਦਾ ਪਤਾ 23 ਮਈ ਨੂੰ ਲੱਗ ਜਾਵੇਗਾ।


cherry

Content Editor

Related News