ਲੋਕ ਸਭਾ ਚੋਣਾਂ ''ਚ 71 ਸਾਲ ਤੋਂ ਵੱਧ ਉਮਰ ਦੇ 11 ਉਮੀਦਵਾਰ

05/07/2019 9:35:58 AM

ਚੰਡੀਗੜ੍ਹ (ਐੱਚ. ਸੀ. ਸ਼ਰਮਾ) : ਦੇਸ਼ 'ਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੋਣ ਦੇ ਕਾਰਨ ਚਾਹੇ ਦੇਸ਼ ਨੂੰ ਯੂਥ ਸ਼ਕਤੀ  ਦੇ ਰੂਪ 'ਚ ਪ੍ਰਚਾਰਿਤ ਕੀਤਾ ਜਾਂਦਾ ਰਿਹਾ ਹੋਵੇ ਪਰ ਜਦੋਂ ਚੋਣਾਂ 'ਚ ਭਾਗੀਦਾਰੀ ਦੀ ਵਾਰੀ ਆਉਂਦੀ ਹੈ ਤਾਂ ਰਾਜ 'ਚ ਪ੍ਰਮੁੱਖ ਰਾਜਨੀਤਕ ਪਾਰਟੀਆਂ ਪੁਰਾਣੇ ਖਿਡਾਰੀਆਂ ਅਤੇ ਇਥੋਂ ਤੱਕ ਕਿ ਜ਼ਿਆਦਾ ਉਮਰ ਵਾਲੇ ਨੇਤਾਵਾਂ 'ਤੇ ਹੀ ਜ਼ਿਆਦਾ ਭਰੋਸਾ ਦਿਖਾਉਂਦੀਆਂ ਹਨ। ਲੋਕ ਸਭਾ ਲਈ ਹੋਣ ਜਾ ਰਹੀਆਂ ਚੋਣਾਂ 'ਚ ਵੀ ਵੱਖ–ਵੱਖ ਰਾਜਨੀਤਕ ਪਾਰਟੀਆਂ ਨੇ 11 ਅਜਿਹੇ ਉਮੀਦਵਾਰ ਮੈਦਾਨ 'ਚ ਉਤਾਰੇ ਹਨ, ਜੋ 71 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਹਨ। ਇਸ ਸ਼੍ਰੇਣੀ 'ਚ ਜਲੰਧਰ ਲੋਕ ਸਭਾ ਚੋਣ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਲੋਕ ਸਭਾ ਦੇ ਸਾਬਕਾ ਚਰਨਜੀਤ ਸਿੰਘ ਅਟਵਾਲ ਸਭ ਤੋਂ ਸੀਨੀਅਰ ਉਮੀਦਵਾਰ ਹਨ, ਜਿਨ੍ਹਾਂ ਦੀ ਉਮਰ 78 ਸਾਲ ਹੈ। 61 ਤੋਂ 70 ਸਾਲ ਦੀ ਉਮਰ ਵਰਗ ਦੇ 44 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦੋਂ ਕਿ ਚੋਣਾਂ 'ਚ ਭਾਗ ਲੈਣ ਲਈ ਹਾਲ ਹੀ 'ਚ ਲਾਇਕ ਉਮੀਦਵਾਰ ਬਣੇ ਭਾਵ 25 ਸਾਲ ਦੀ ਉਮਰ ਦੇ ਸਿਰਫ 6 ਉਮੀਦਵਾਰ ਮੈਦਾਨ ਵਿਚ ਹਨ ਪਰ ਇਸ ਉਮਰ ਵਰਗ ਦੇ ਉਮੀਦਵਾਰਾਂ 'ਤੇ ਕਿਸੇ ਵੀ ਪ੍ਰਮੁੱਖ ਰਾਜਨੀਤਕ ਪਾਰਟੀ ਨੇ ਭਰੋਸਾ ਨਹੀਂ ਦਿਖਾਇਆ ਹੈ ਅਤੇ ਇਨ੍ਹਾਂ 'ਚੋਂ 5 ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜ ਰਹੇ ਹਨ, ਜਦੋਂਕਿ ਇਕ ਹੋਰ ਉਮੀਦਵਾਰ ਨੂੰ ਭਾਰਤ ਪ੍ਰਭਾਤ ਪਾਰਟੀ ਨੇ ਚੋਣਾਂ 'ਚ ਉਤਾਰਿਆ ਹੈ। ਇਨ੍ਹਾਂ ਨੂੰ ਮਿਲਾ ਕੇ ਨੌਜਵਾਨ ਵਰਗ ਮੰਨੇ ਜਾਣ ਵਾਲੇ 25 ਤੋਂ 35 ਸਾਲ ਉਮਰ ਵਰਗ ਦੇ ਕੁਲ 53 ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਭਰੇ ਹਨ। 36 ਤੋਂ 60 ਸਾਲ ਉਮਰ ਵਰਗ ਦੇ ਸਭ ਤੋਂ ਜ਼ਿਆਦਾ 170 ਉਮੀਦਵਾਰ ਚੋਣ ਅਖਾੜੇ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।


Babita

Content Editor

Related News