ਕਿਹੋ ਜਿਹੀ ਸਿਆਸੀ ਰੁੱਤ ਲੈ ਕੇ ਆਉਣਗੀਆਂ ਪੰਜਾਬ ''ਚ ਰੁਮਕਦੀਆਂ ਸਿਆਸੀ ਪੌਣਾਂ

02/05/2019 6:27:51 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)— 17ਵੀ ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਸਮੁੱਚੇ ਦੇਸ਼ ਦੀ ਤਰਜ਼ 'ਤੇ ਪੰਜਾਬ ਅੰਦਰ ਵੀ ਰਾਜਸੀ ਧਿਰਾਂ ਜੋੜ-ਤੋੜ ਦੀ ਨੀਤੀ 'ਚ ਮਸ਼ਰੂਫ ਹਨ ਪਰ ਸੂਬੇ ਦੀ ਰਾਜਨੀਤੀ 'ਚ ਦਿਨ ਪ੍ਰਤੀ ਦਿਨ ਗਿਰਗਿਟ ਵਾਂਗ ਰੰਗ ਬਦਲ ਰਹੇ ਬਹੁਪੱਖੀ ਸਿਆਸੀ ਸਮੀਕਰਨਾਂ ਨੇ ਭਵਿੱਖ ਦੀ ਰਾਜਸੀ ਤਸਵੀਰ ਧੁੰਦਲੀ ਕਰ ਦਿੱਤੀ, ਜਿਸ ਕਾਰਨ ਕੋਈ ਵੀ ਧਿਰ ਕਿਸੇ ਵੀ ਪੱਖ 'ਤੇ ਠੋਕ ਵਜਾ ਕੇ ਦਾਅਵਾ  ਨਹੀਂ ਕਰ ਸਕਦੀ। ਸੂਬੇ ਅੰਦਰ ਕਰੀਬ ਦੋ ਵਰ੍ਹਿਆਂ ਤੋਂ ਰਾਜ-ਭਾਗ ਕਾਂਗਰਸ ਦੇ ਕੋਲ ਹੈ। ਇਸ ਸਮੇਂ ਦੌਰਾਨ ਸੱਤਾਧਾਰੀ ਧਿਰ ਖਿਲਾਫ ਐਂਟੀਇਨਕੰਬੈਸੀ ਦਾ ਹੋਣਾ ਸੁਭਾਵਿਕ ਹੀ ਹੈ ਪਰ ਕਾਂਗਰਸ ਲਈ ਇਹ ਮੁਬਾਰਕ ਮੌਕਾ ਮੰਨਿਆ ਜਾ ਰਿਹਾ ਹੈ ਕਿ ਇਸ ਐਂਟੀਇਨਕੰਬੈਸੀ ਨੂੰ ਕੈਸ਼ ਕਰਨ ਵਾਲੀ ਪੰਜਾਬ 'ਚ ਕੋਈ ਅਜਿਹੀ ਧਿਰ ਨਜ਼ਰ ਨਹੀਂ ਆ ਰਹੀ ਜੋ ਸੱਤਾਧਾਰੀ ਕਾਂਗਰਸ ਦਾ ਬਦਲ ਹੋ ਨਿੱਬੜੇ। ਇਸ ਲਈ ਕਾਂਗਰਸ ਦਾ ਵਿਰੋਧ ਸਰਕਾਰੀ ਖੇਮੇ 'ਚ ਹੀ ਸਿਮਟ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। 

ਸੂਬੇ 'ਚ ਵਿਰੋਧੀ ਧਿਰ ਕਈ ਹਿੱਸਿਆਂ 'ਚ ਤਕਸੀਮ ਹੋਈ ਨਜ਼ਰ ਆ ਰਹੀ ਹੈ। ਬੀਤੀਆਂ ਵਿਧਾਨ ਸਭਾ ਚੋਣਾਂ 'ਚ ਤੀਜੀ ਧਿਰ ਵਜੋਂ ਉੱਭਰੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੋ ਹਿੱਸਿਆਂ 'ਚ ਵੰਡੀ ਜਾ ਚੁੱਕੀ ਹੈ। ਪਾਰਟੀ ਅੰਦਰ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਰੀਬ ਅੱਧਾ ਦਰਜਨ ਵਿਧਾਇਕ ਲੈ ਕੇ ਅਕਾਲੀ ਦਲ 'ਚੋਂ ਨਿਕਲੇ ਮਝੈਲਾਂ, ਬੈਂਸ ਭਰਾਵਾਂ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਮਿਲ ਕੇ ਸਾਂਝਾ ਫਰੰਟ ਬਣਾ ਲਿਆ ਹੈ। ਆਮ ਆਦਮੀ ਪਾਰਟੀ ਦੇ  ਕੱਦਵਾਰ ਆਗੂ ਐੱਚ. ਐੱਸ. ਫੂਲਕਾ ਪਾਰਟੀ ਤੋਂ ਅਸਤੀਫਾ ਦੇ ਕੇ ਧਾਰਮਕ ਸਫਾਂ 'ਚ ਦਸਤਕ ਦੇਣ ਦਾ ਐਲਾਨ ਕਰ ਚੁੱਕੇ ਹਨ।

ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ  ਖਾਲਸਾ ਦੀ ਸਿਆਸੀ ਰਣਨੀਤੀ ਅਕਾਲੀ ਦਲ ਜਾਂ ਭਾਜਪਾ ਨਾਲ ਹੱਥ ਮਿਲਾਉਣ ਦੇ ਪੈਂਤੜੇ ਖੇਡ ਰਹੀ ਹੈ। ਇਸ ਮੁਕਾਮ 'ਤੇ ਪਾਰਟੀ ਦੇ ਉਭਾਰ ਨੂੰ ਹੋਇਆ ਅਧਰੰਗ ਕਿਸੇ ਨਾ ਕਿਸੇ ਰੂਪ 'ਚ ਸਪੱਸ਼ਟ ਨਜ਼ਰੀਂ ਪੈ ਰਿਹਾ ਹੈ। ਹਾਲਾਂਕਿ ਭਗਵੰਤ ਮਾਨ ਨੂੰ ਸੂਬਾ ਇਕਾਈ ਦੀ ਕਮਾਂਡ ਸੌਂਪ ਕੇ ਪਾਰਟੀ ਹਾਈ ਕਮਾਂਡ ਕਾਫੀ ਆਸਵੰਦ ਹੈ। 

ਬਰਗਾੜੀ ਬੇਅਦਬੀ ਕਾਂਡ ਸਣੇ ਸੂਬੇ ਭਰ 'ਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ, ਬਹਿਬਲ ਕਲਾਂ ਗੋਲੀ ਕਾਂਡ, ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿਵਾਈ ਮੁਆਫੀ  ਦੇ ਘਟਨਾ ਕ੍ਰਮਾਂ ਨੇ ਅਕਾਲੀ ਦਲ ਨੂੰ ਵਿਰਾਸਤ 'ਚ ਮਿਲੀ ਪੰਥਕ ਸ਼ਕਤੀ ਪੱਖੋਂ ਜਿੱਥੇ ਬੁਰੀ ਤਰ੍ਹਾਂ ਸਿਆਸੀ ਵਕਾਰ ਤੋਂ ਸੱਖਣਾ ਕਰ ਦਿੱਤਾ ਹੈ, ਉਥੇ ਭਾਜਪਾ ਨਾਲੋਂ ਦੋ ਦਹਾਕੇ ਪੁਰਾਣੇ ਰਿਸ਼ਤੇ ਦੇ ਟੁੱਟਣ ਦੇ ਸੰਕੇਤ ਅਤੇ ਇਸ 'ਚੋਂ ਮਝੈਲ ਆਗੂਆਂ ਦਾ ਨਿਕਲਣਾ ਵੀ ਕੋਈ ਵਧੀਆ ਗੱਲ ਨਹੀਂ। ਅਕਾਲੀ ਰਾਜਨੀਤੀ ਦੇ ਬਾਬਾ ਬੋਹੜ ਸੁਖਦੇਵ ਸਿੰਘ ਢੀਂਡਸਾ ਦਾ ਸਰਗਰਮ  ਰਾਜਨੀਤੀ ਤੋਂ ਲਾਂਭੇ ਹੋਣਾ ਅਤੇ ਖੁੱਲ੍ਹੇਆਮ ਪਾਰਟੀ ਦੀ ਮੌਜੂਦਾ ਸਥਿਤੀ ਦਾ ਦੋਸ਼ ਪਾਰਟੀ ਪ੍ਰਧਾਨ ਸਿਰ ਮੜ੍ਹਨਾ ਵੀ ਪਾਰਟੀ ਦੀਆਂ ਸਫਾਂ 'ਚ ਬੇਚੈਨੀ ਪੈਦਾ ਕਰਨ ਵਾਲਾ ਪੈਂਤੜਾ ਹੈ। ਪਾਰਟੀ ਵਰਕਰਾਂ ਦਾ ਵੱਡਾ ਹਿੱਸਾ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਤਾਨਾਸ਼ਾਹੀ ਰਾਜਨੀਤੀ ਤੋਂ ਖਾਮੋਸ਼ੀ ਅਖਤਿਆਰ ਕਰੀ ਬੈਠਾ ਹੈ ਜੋ ਤੇਲ ਦੀ ਧਾਰ ਦੇਖ ਕੇ ਕਿਸੇ ਵੀ ਸਮੇਂ ਟਕਸਾਲੀਆਂ ਦੇ ਖੇਮੇ 'ਚ ਜਾ ਸਕਦਾ ਹੈ। ਦੂਜੇ ਪਾਸੇ ਭਾਜਪਾ ਲੁਕਵੇਂ ਏਜੰਡੇ ਰਾਹੀਂ ਸੂਬੇ 'ਚ ਆਪਣੇ ਪਰ ਤੋਲ ਰਹੀ ਹੈ। ਕਿਸੇ ਵੀ ਵੇਲੇ ਸੂਬੇ ਦੀ ਸਿਆਸਤ 'ਚ ਆਤਮ ਨਿਰਭਰ ਹੋਣ ਦੀ ਹੈਸੀਅਤ 'ਚ ਉਹ ਆਪਣਾ ਸਵੈ-ਵਿਸ਼ਵਾਸ ਸਥਾਪਤ ਕਰ ਰਹੀ ਹੈ। 

ਸੂਤਰਾਂ ਅਨੁਸਾਰ ਅਕਾਲੀ ਦਲ ਨੂੰ ਪੰਥਕ ਮੁੱਦਿਆਂ ਤੋਂ ਸੱਖਣੇ ਕਰਨਾ ਭਾਜਪਾ ਦਾ ਕਥਿਤ ਮੁੱਖ ਏਜੰਡਾ ਹੈ, ਜਿਸ ਤਹਿਤ ਉਹ ਗੁ. ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦਾ ਕ੍ਰੈਡਿਟ ਜਿੱਥੇ ਖੁਦ ਲੈਣ ਲਈ ਯਤਨਸ਼ੀਲ ਹੈ, ਉੱਥੇ ਸੂਬੇ ਦੀ ਸਿਆਸੀ  ਭਾਈਵਾਲ ਪਾਰਟੀ ਦੇ ਵਿਰੋਧੀਆਂ ਸੁਖਦੇਵ ਸਿੰਘ ਢੀਂਡਸਾ ਅਤੇ ਐੱਚ. ਐੱਸ. ਫੂਲਕਾ ਨੂੰ  ਪਦਮਸ਼੍ਰੀ ਐਵਾਰਡਾਂ ਨਾਲ ਨਿਵਾਜਣਾ ਵੀ ਇਸੇ ਕੜੀ ਦਾ ਇਕ ਹਿੱਸਾ ਮੰਨਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਅਕਾਲੀ ਦਲ(ਸੰਯੁਕਤ) ਆਦਿ ਵੱਲੋਂ ਐਲਾਨਿਆ ਚੌਥਾ ਫਰੰਟ ਜਿੱਥੇ ਇਨ੍ਹਾਂ ਤਿੰਨਾਂ ਧਿਰਾਂ ਦੀਆਂ  ਪ੍ਰਸਥਿਤੀਆਂ ਨੂੰ ਕੈਸ਼ ਕਰ ਕੇ ਸੂਬੇ ਅੰਦਰ ਸਥਾਨਕ ਅਤੇ ਸੈਕੂਲਰ ਧਿਰ ਸਥਾਪਤ ਕਰਨ ਲਈ ਪੁਰਉਮੀਦ ਹੈ, ਉੱਥੇ ਹੀ ਅਕਾਲੀ ਦਲ ਹੱਥੋਂ ਜਾ ਚੁੱਕੀ ਪੰਥਕ ਸ਼ਕਤੀ ਨੂੰ ਆਪਣੇ ਨਾਲ ਜੋੜਨ ਲਈ ਵੀ ਯਤਨਸ਼ੀਲ ਹੈ। ਪੰਜਾਬ ਦੀ ਰਾਜਨੀਤੀ 'ਚ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲੇ ਪੰਥਕ ਕੇਡਰ ਨੂੰ ਅਕਾਲੀ ਦਲ ਦੇ ਹੱਥੋਂ ਖਿਸਕ ਜਾਣ ਉਪਰੰਤ ਕਾਂਗਰਸ ਸਮੇਂ ਸਮੁੱਚੀਆਂ ਧਿਰਾਂ ਕੈਸ਼ ਕਰਨ ਲਈ ਤਤਪਰ ਹਨ ਪਰ ਇਸ ਨੂੰ ਕਿਹੜੀ ਧਿਰ ਕਿਸ ਹੱਦ ਤੱਕ ਆਪਣੇ ਨਾਲ ਜੋੜਨ 'ਚ ਸਫਲ ਰਹਿੰਦੀ ਹੈ।

ਇਸ ਮੰਚ 'ਤੇ ਪੰਥਕ ਵੋਟ ਬੈਂਕ ਦੀ ਵੀ ਇਨ੍ਹਾਂ ਚੋਣਾਂ 'ਚ ਅਹਿਮ ਭੂਮਿਕਾ ਰਹੇਗੀ। ਬਰਗਾੜੀ ਮੋਰਚੇ ਦੀ ਇਹ ਇਕ ਅਹਿਮ ਕੜੀ ਹੈ ਕਿ ਉਕਤ ਮੋਰਚਾ ਭਾਵੇਂ ਆਪਣੀ ਸਮਾਪਤੀ ਦੌਰਾਨ ਪੰਜਾਬ ਨੂੰ ਰਾਜਸੀ ਬਦਲ ਤਾਂ ਨਹੀਂ ਦੇ ਸਕਿਆ ਪਰ ਉਹ ਬੇਅਦਬੀ ਅਤੇ ਗੋਲੀ ਕਾਂਡ ਦੇ ਸੱਚ ਨੂੰ ਇਸੇ ਪੱਧਰ ਤਕ ਜ਼ਰੂਰ ਬੇਨਕਾਬ ਕਰ ਗਿਆ ਕਿ ਇਸ ਦੁਖਾਂਤ 'ਚੋਂ ਜਨਮਿਆ ਵੱਡਾ ਕਾਫਲਾ ਭਾਵੇਂ ਕਿਸੇ ਧਿਰ 'ਚ ਨਹੀਂ ਸ਼ਾਮਲ ਹੋ ਸਕਿਆ ਪਰ ਬਾਦਲਾਂ ਦੀਆਂ ਬੇੜੀਆਂ 'ਚ ਬੁਰੀ ਤਰ੍ਹਾਂ ਵੱਟੇ ਪਾ ਗਿਆ। 

ਪੰਜਾਬ 'ਚ ਸੁਖਪਾਲ ਸਿੰਘ ਖਹਿਰਾ ਅਤੇ ਟਕਸਾਲੀਆਂ ਵੱਲੋਂ ਸਥਾਪਤ ਕੀਤੇ ਚੌਥੇ ਫਰੰਟ ਅਤੇ ਆਮ ਆਦਮੀ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਦੀਆਂ ਆਪੋ-ਆਪਣੇ ਪੱਧਰ 'ਤੇ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਅਤੇ ਬਸਪਾ ਵੱਲੋਂ ਕਿਸ ਧਿਰ ਨਾਲ ਹੱਥ ਮਿਲਾਇਆ ਜਾ ਸਕਦਾ ਹੈ, ਇਹ ਪੱਖ ਅਜੇ ਬਿਲਕੁਲ ਸਪੱਸ਼ਟ ਨਹੀਂ ਪਰ ਕਿਸੇ ਨਾ ਕਿਸੇ ਰੂਪ 'ਚ ਇਹ ਗੱਠਜੋੜ ਦਲਿਤ ਕੇਡਰ ਨਾਲ ਜੁੜੇ ਸਮੀਕਰਨਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ। ਇਸੇ ਤਰ੍ਹਾਂ ਹੀ ਖੱਬੇ ਪੱਖੀ ਧਿਰਾਂ ਵੱਲੋਂ ਕਿਸੇ ਧਿਰ ਨਾਲ ਮਿਲ ਕੇ ਚੋਣਾਂ ਲੜਨ ਜਾਂ ਇਕੱਲੇ ਤੌਰ 'ਤੇ ਚੋਣ ਪਿੜ 'ਚ ਕੁੱਦਣ ਦਾ ਫੈਸਲਾ ਵੀ ਅਜੇ ਭਵਿੱਖ ਦੀ ਬੁੱਕਲ 'ਚ ਹੀ ਛੁਪਿਆ ਬੈਠਾ ਹੈ। ਸੱਤਾਧਾਰੀ ਕਾਂਗਰਸ ਵਿਰੋਧੀ ਧਿਰਾਂ ਵੱਲੋਂ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸਰਕਾਰੀ ਧਿਰ  ਨੂੰ ਚੁਣੌਤੀ ਦਿੱਤੀ ਜਾਵੇਗੀ। ਉਹ ਮੁੱਦੇ ਕਰੀਬ ਇਕੋ ਹੀ ਤਰਜ਼ 'ਤੇ ਗੂੰਜਣਗੇ ਪਰ ਕਾਂਗਰਸ  ਨੂੰ ਕੇਂਦਰ ਸਰਕਾਰ ਵਿਰੋਧੀ ਹਵਾ ਜ਼ਰੂਰ ਆਕਸੀਜਨ ਪ੍ਰਦਾਨ ਕਰੇਗੀ। 

ਪੰਜਾਬ ਦੀ ਰਾਜਨੀਤੀ 'ਚ ਅਲੱਗ-ਥਲੱਗ ਪਏ ਆਗੂਆਂ ਬਲਵੰਤ ਸਿੰਘ ਰਾਮੂਵਾਲੀਆ, ਸੁੱਚਾ ਸਿੰਘ ਛੋਟੇਪੁਰ, ਸੁਖਦੇਵ ਸਿੰਘ ਢੀਂਡਸਾ, ਜਗਮੀਤ ਸਿੰਘ ਬਰਾੜ, ਬੀਰਦਵਿੰਦਰ ਸਿੰਘ, ਸ਼ੇਰ ਸਿੰਘ ਘੁਬਾਇਆ ਆਦਿ ਦੀ ਭੂਮਿਕਾ ਹੀ ਇਨ੍ਹਾਂ ਚੋਣਾਂ 'ਚ ਆਪੋ-ਆਪਣਾ ਰਾਹ ਅਖਤਿਆਰ ਕਰੇਗੀ। ਇਸ ਪ੍ਰਸਥਿਤੀ 'ਚ ਪੰਜਾਬ ਦਾ ਰਾਜਸੀ ਭਵਿੱਖ ਹਾਲੇ ਧੁੰਦਲਾ ਨਜ਼ਰ ਆ ਰਿਹਾ ਹੈ ਜਦੋਂ ਕਿ ਸਿਆਸੀ ਹਵਾਵਾਂ ਭਰਪੂਰ ਰੁਮਕਦੀਆਂ ਨਜ਼ਰ ਆ ਰਹੀਆਂ ਹਨ।


shivani attri

Content Editor

Related News