ਪੰਜਾਬ ਦੀਆਂ ''ਛੋਟੀਆਂ ਪਾਰਟੀਆਂ'' ਵੱਡੀਆਂ ਨੂੰ ਲਾਉਣਗੀਆਂ ਢਾਹ!

Monday, Apr 22, 2019 - 11:00 AM (IST)

ਪੰਜਾਬ ਦੀਆਂ ''ਛੋਟੀਆਂ ਪਾਰਟੀਆਂ'' ਵੱਡੀਆਂ ਨੂੰ ਲਾਉਣਗੀਆਂ ਢਾਹ!

ਚੰਡੀਗੜ੍ਹ : ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਕਈ ਛੋਟੀਆਂ-ਛੋਟੀਆਂ ਪਾਰਟੀਆਂ ਉੱਭਰ ਕੇ ਸਾਹਮਣੇ ਆਈਆਂ ਹਨ, ਜੋ ਕਿ ਵੱਡੀਆਂ ਪਾਰਟੀਆਂ ਲਈ ਖਤਰਾ ਪੈਦਾ ਕਰ ਸਕਦੀਆਂ ਹਨ। ਸੂਬੇ 'ਚ ਆਮ ਤੌਰ 'ਤੇ ਲੜਾਈ ਹਮੇਸ਼ਾ ਹੀ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਚਕਾਰ  ਰਹੀ ਹੈ। ਇਹ ਦੋਵੇਂ ਪਾਰਟੀਆਂ ਵਾਰੋ-ਵਾਰੀ ਸਰਕਾਰ ਵੀ ਬਣਾਉਂਦੀਆਂ ਰਹੀਆਂ ਹਨ ਪਰ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਪਹਿਲੀ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕਰੀਬ 25 ਫੀਸਦੀ ਵੋਟਾਂ ਅਤੇ ਚਾਰ ਸੀਟਾਂ ਦੇ ਕੇ ਸਿਰ-ਮੱਥੇ ਬਿਠਾਇਆ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਮਜ਼ਬੂਤੀ ਨਾਲ ਲੜੀ ਅਤੇ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਵਿਰੋਧੀ ਧਿਰ ਦਾ ਦਰਜਾ ਹਾਸਲ ਕੀਤਾ।

ਇਸ ਵਾਰ ਵੀ 'ਆਪ' ਨੇ ਸਾਰੀਆਂ 13 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਹਾਲਾਂਕਿ ਸੰਗਰੂਰ ਨੂੰ ਛੱਡ ਕੇ ਪਾਰਟੀ ਕਿਤੇ ਵੀ ਤਿਕੋਣਾ ਮੁਕਾਬਲਾ ਬਣਾਉਂਦੀ ਨਜ਼ਰ ਨਹੀਂ ਆ ਰਹੀ। ਇਸ ਸਮੇਂ 'ਆਪ' ਦੇ 7 ਵਿਧਾਇਕ ਬਗਾਵਤ ਕਰਕੇ ਵੱਖ ਹੋ ਚੁੱਕੇ ਹਨ। 'ਆਪ' ਦੇ ਬਾਗੀ ਸੁਖਪਾਲ ਖਹਿਰਾ ਨੇ 'ਪੰਜਾਬੀ ਏਕਤਾ ਪਾਰਟੀ' ਬਣਾ ਲਈ ਹੈ। ਖਹਿਰਾ ਦੀ ਅਗਵਾਈ 'ਚ ਪਹਿਲੀ ਵਾਰ ਸੂਬੇ 'ਚ ਇਕ ਗਠਜੋੜ ਬਣਾਇਆ ਗਿਆ, ਜਿਸ 'ਚ ਬਸਪਾ, ਡਾ. ਧਰਮਵੀਰ ਗਾਂਧੀ ਦਾ ਪੰਜਾਬੀ ਮੰਚ ਅਤੇ ਲੋਕ ਇਨਸਾਫ ਪਾਰਟੀ ਸ਼ਾਮਲ ਹੋਏ। ਅਕਾਲੀ ਦਲ ਛੱਡ ਕੇ ਟਕਸਾਲੀ ਆਗੂਆਂ ਨੇ ਆਪਣੀ ਪਾਰਟੀ ਬਣਾ ਲਈ। ਇਸ ਤਰ੍ਹਾਂ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਛੋਟੀਆਂ-ਛੋਟੀਆਂ ਪਾਰਟੀਆਂ ਕਿਹੜੀ ਵੱਡੀ ਪਾਰਟੀ ਨੂੰ ਢਾਹ ਲਾਉਂਦੀਆਂ ਹਨ।


author

Babita

Content Editor

Related News