''ਆਪ'' ਦੇ ਜਲੰਧਰ ਤੋਂ ਐਲਾਨੇ ਉਮੀਦਵਾਰ ਜ਼ੋਰਾ ਸਿੰਘ ''ਤੇ ਖਹਿਰਾ ਦਾ ਪਹਿਲਾ ਵੱਡਾ ਹਮਲਾ (ਵੀਡੀਓ)

Monday, Mar 25, 2019 - 06:35 PM (IST)

ਜਲੰਧਰ : ਆਮ ਆਦਮੀ ਪਾਰਟੀ ਵਲੋਂ ਜਲੰਧਰ ਲੋਕ ਸਭਾ ਸੀਟ ਲਈ ਐਲਾਨੇ ਉਮੀਦਵਾਰ ਸਾਬਕਾ ਜਸਟਿਸ ਜ਼ੋਰਾ ਸਿੰਘ 'ਤੇ ਪੰਜਾਬ ਏਕਤਾ ਪਾਰਟੀ ਦੇ ਲੀਡਰ ਤੇ ਬਠਿੰਡਾ ਤੋਂ ਪੀ.ਡੀ. ਏ. ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਤਿੱਖਾ ਹਮਲਾ ਬੋਲਿਆ ਹੈ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਜਸਟਿਸ ਜ਼ੋਰਾ ਸਿੰਘ ਉਹੀ ਵਿਅਕਤੀ ਹੈ ਜਿਸ ਨੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਵਿਚ ਬਾਦਲਾਂ ਦੇ ਕਹਿਣ 'ਤੇ ਦੋਸ਼ੀ ਪੁਲਸ ਅਫਸਰਾਂ ਤੇ ਹੋਰ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਕੀਤੀ। 
ਖਹਿਰਾ ਨੇ ਕਿਹਾ ਕਿ ਜ਼ੋਰਾ ਸਿੰਘ ਨੇ ਬਾਦਲਾ ਦੇ ਕਹਿਣ 'ਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਲੀਨ ਚਿੱਟ ਤੱਕ ਦੇ ਦਿੱਤੀ ਅਤੇ ਬੇਕਸੂਰ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਉਣ ਵਾਲੇ ਅਤੇ ਦੋ ਸਿੱਖਾਂ ਦੀਆਂ ਜਾਨਾਂ ਲੈਣ ਵਾਲੇ ਪੁਲਸ ਅਫਸਰਾਂ ਦਾ ਬਚਾਅ ਕੀਤਾ ਸੀ। ਉਨ੍ਹਾਂ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਵਰਗੇ ਵਿਅਕਤੀ ਕੁਝ ਪੈਸਿਆਂ ਅਤੇ ਮੋਟਰ ਗੱਡੀਆਂ ਦੇ ਲਾਲਚ ਵਿਚ ਹੀ ਲੀਡਰਾਂ ਵਲੋਂ ਬਣਾਏ ਜਾਂਦੇ ਅਜਿਹੇ ਕਮਿਸ਼ਨਾਂ ਦੇ ਹੈੱਡ ਬਣਦੇ ਹਨ। 
ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਮੌਕਾਪ੍ਰਸਤ ਦੱਸਦੇ ਹੋਏ ਜਲੰਧਰ ਦੇ ਵੋਟਰਾਂ ਨੂੰ ਸੂਝ-ਬੂਝ ਤੋਂ ਕੰਮ ਲੈਣ ਅਤੇ ਜ਼ੋਰਾ ਸਿੰਘ ਨੂੰ ਵੋਟ ਨਾ ਕਰਨ ਦੀ ਅਪੀਲ ਕੀਤੀ ਹੈ।


author

Gurminder Singh

Content Editor

Related News