ਫੂਲਕਾ ਨੂੰ ਨਵੇਂ ਅਕਾਲੀ ਦਲ ''ਚ ਲਿਆਉਣਗੇ ਬ੍ਰਮਹਪੁਰਾ!
Monday, Jan 07, 2019 - 07:16 PM (IST)

ਅੰਮ੍ਰਿਤਸਰ : ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇਣ ਵਾਲੇ ਐੱਚ. ਐੱਸ. ਫੂਲਕਾ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਟਕਸਾਲੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਐੱਚ. ਐੱਸ. ਫੂਲਕਾ ਨੂੰ ਫੋਨ ਕੀਤਾ ਸੀ ਪਰ ਕਿਸੇ ਕਾਰਨ ਕਰਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ ਤੇ ਉਹ ਮੁੜ ਫੂਲਕਾ ਨੂੰ ਫੋਨ ਕਰਨਗੇ ਜੇਕਰ ਫਿਰ ਵੀ ਉਨ੍ਹਾਂ ਨਾਲ ਗੱਲਬਾਤ ਨਾ ਹੋਈ ਤਾਂ ਉਹ ਖੁਦ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ ਤੇ ਅਕਾਲੀ ਦਲ ਟਕਸਾਲੀ ਦਾ ਹਿੱਸਾ ਬਣਨ ਦੀ ਅਪੀਲ ਕਰਨਗੇ।
ਦੱਸਣਯੋਗ ਹੈ ਕਿ ਐੱਚ. ਐੱਸ. ਫੂਲਕਾ ਨੇ ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਦਿੱਤਾ ਹੈ, ਭਾਵੇਂ ਉਨ੍ਹਾਂ ਇਸ ਅਸਤੀਫੇ ਪਿੱਛੇ ਕੋਈ ਠੋਸ ਵਜ੍ਹਾ ਨਹੀਂ ਦੱਸੀ ਹੈ ਪਰ ਉਨ੍ਹਾਂ ਪੰਜਾਬ ਵਿਚ ਵੱਖਰੀ ਜਥੇਬੰਦੀ ਬਣਾਉਣ ਦਾ ਐਲਾਨ ਕੀਤਾ ਹੈ। ਫੂਲਕਾ ਨੇ ਸਾਫ ਕੀਤਾ ਹੈ ਕਿ ਜਿਹੜੀ ਵੀ ਧਿਰ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਕੰਮ ਕਰੇਗੀ ਉਹ ਉਸ ਦੇ ਨਾਲ ਚੱਲਣਗੇ।