ਲੋਕ ਸਭਾ ਹਲਕਾ ਸੰਗਰੂਰ 'ਚ ਜ਼ਿਮਨੀ ਚੋਣ ਦੀ ਆਹਟ, 'ਆਪ' ਦੇ ਸੰਭਾਵੀ ਉਮੀਦਵਾਰ 'ਤੇ ਟਿਕੀਆਂ ਨਜ਼ਰਾਂ

Monday, May 16, 2022 - 05:29 PM (IST)

ਲੋਕ ਸਭਾ ਹਲਕਾ ਸੰਗਰੂਰ 'ਚ ਜ਼ਿਮਨੀ ਚੋਣ ਦੀ ਆਹਟ, 'ਆਪ' ਦੇ ਸੰਭਾਵੀ ਉਮੀਦਵਾਰ 'ਤੇ ਟਿਕੀਆਂ ਨਜ਼ਰਾਂ

ਲਹਿਰਾਗਾਗਾ (ਗਰਗ) : ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਬਤੌਰ ਮੈਂਬਰ ਪਾਰਲੀਮੈਂਟ ਅਸਤੀਫ਼ਾ ਦੇ ਦਿੱਤਾ ਗਿਆ ਸੀ। ਖ਼ਾਲੀ ਹੋਈ ਇਸ ਲੋਕ ਸਭਾ ਸੀਟ ’ਤੇ ਉੱਪ ਚੋਣ ਦੀ ਆਹਟ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਸਿਆਸਤ ’ਚ ਗਰਮਾਹਟ ਲਿਆ ਦਿੱਤੀ ਹੈ, ਜਿਸ ਕਾਰਨ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਭਾਜਪਾ, ਕਾਂਗਰਸ, ਅਕਾਲੀ ਦਲ (ਬਾਦਲ), ਅਕਾਲੀ ਦਲ (ਸੰਯੁਕਤ) ਤੇ ਹੋਰਨਾਂ ਨੇ ਆਪੋ-ਆਪਣੇ ਤਰੀਕੇ ਨਾਲ ਹਲਕੇ ਅੰਦਰ ਸਿਆਸੀ ਜ਼ਮੀਨ ਤਲਾਸ਼ਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨਾਲ ਬੈਠਕ ਮਗਰੋਂ ਐਕਸ਼ਨ 'ਚ ਸਿੱਖਿਆ ਵਿਭਾਗ, ਸਕੂਲ ਮੁਖੀਆਂ ਨੂੰ ਜਾਰੀ ਕੀਤੇ ਪੱਤਰ

ਉੱਥੇ ਹੀ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਉਕਤ ਮਾਮਲੇ ’ਤੇ ਜਦੋਂ ਕੁਝ ਸਿਆਸੀ ਮਾਹਿਰਾਂ, ਬੁੱਧੀਜੀਵੀਆਂ ਤੇ ਆਮ ਜਨਤਾ ਨਾਲ ‘ਆਪ’ ਉਮੀਦਵਾਰ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਇਕ ਧੜੱਲੇਦਾਰ, ਨਿਡਰ, ਈਮਾਨਦਾਰ, ਲੋਕ ਸੇਵਾ ਨੂੰ ਸਮਰਪਿਤ ਇਕ ਪੁਲਸ ਅਧਿਕਾਰੀ ਦਾ ਨਾਂ ਸਭ ਤੋਂ ਵੱਧ ਚਰਚਾ ’ਚ ਆਇਆ। ਇਸ ਦੇ ਨਾਲ-ਨਾਲ ਇਕ ਪੰਜਾਬੀ ਕਲਾਕਾਰ, ਇਕ ਉਦਯੋਗਪਤੀ ਤੇ ਕਿਸੇ ਬਾਹਰੀ ਕੱਦਵਾਰ ‘ਆਪ’ ਨੇਤਾ ਦੀ ਧਰਮ ਪਤਨੀ ਦੇ ਚੋਣ ਲੜਨ ਦੀਆਂ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਹੈ ਪਰ ਸਭ ਤੋਂ ਵੱਧ ਪ੍ਰਬਲ ਦਾਅਵੇਦਾਰੀ ਪੁਲਸ ਅਧਿਕਾਰੀ ਦੀ ਉੱਭਰ ਕੇ ਸਾਹਮਣੇ ਆਈ ਹੈ। ਇਹ ਤਾਂ ਸਭ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਉਮੀਦਵਾਰ ’ਤੇ ਆਪਣਾ ਭਰੋਸਾ ਜਤਾਉਂਦੇ ਹਨ।

ਇਹ ਵੀ ਪੜ੍ਹੋ:  ਫਿਲੌਰ ਵਿਖੇ ਜੱਜ ਦੇ ਸਾਹਮਣੇ ਪਿਸਤੌਲ ਤਾਣ ਬੋਲਿਆ ਨੌਜਵਾਨ, ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਇਨਸਾਫ਼ ਦਿਓ

ਇੱਕ ਗੱਲ ਸਪੱਸ਼ਟ ਹੈ ਕਿ 'ਆਪ' ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ, ਉਸ ਉਮੀਦਵਾਰ ਦੀ ਜਿੱਤ ਦੀ ਵਧੇਰੇ ਉਮੀਦ ਹੈ। ਦੂਜੇ ਪਾਸੇ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਤੇ ਪੰਜਾਬ ਦੇ ਕਈ ਦਿੱਗਜ਼ ਕਾਂਗਰਸੀ ਆਗੂਆਂ ਦੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਵਰਕਰਾਂ ਦੇ ਗਲੇ ਦੀ ਹੱਡੀ ਬਣੀਆਂ ਹੋਈਆਂ ਹਨ। ਵਰਕਰ ਸ਼ਸ਼ੋਪੰਜ ’ਚ ਹਨ ਕਿ ਆਖਿਰਕਾਰ ਉਹ ਕਰਨ ਤਾਂ ਕੀ ਕਰਨ। ਭਾਜਪਾ ਤੇ ਅਕਾਲੀ ਦਲ (ਬਾਦਲ) ਦੇ ਇਕੱਠੇ ਹੋਣ ਦੀਆਂ ਚਰਚਾਵਾਂ ਵਿਚਕਾਰ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਜ਼ਿਮਨੀ ਚੋਣ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਰੁੱਧ ਬਾਕੀ ਸਿਆਸੀ ਪਾਰਟੀਆਂ ਵੱਲੋਂ ਸਾਂਝਾ ਉਮੀਦਵਾਰ ਚੋਣ ਮੈਦਾਨ ’ਚ ਉਤਾਰਨ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਚੋਣ ਮੁਕਾਬਲਾ ਸਖ਼ਤ ਤੇ ਦਿਲਚਸਪ ਹੋ ਸਕਦਾ ਹੈ। ਫ਼ਿਲਹਾਲ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਹਲਕੇ ਅੰਦਰ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸਿਆਸੀ ਊਠ ਕਿਸ ਕਰਵਟ ਬੈਠੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ: ਇਸ ਖ਼ਬਰ ਸਬੰਧੀ ਕੀ ਹੈ  ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News