ਪਾਣੀਆਂ ਦੇ ਮੁੱਦੇ ''ਤੇ ਬੈਂਸ ਭਰਾ ਸ਼ੁਰੂ ਕਰਨਗੇ ਮੁਹਿੰਮ

Saturday, Jul 06, 2019 - 06:15 PM (IST)

ਪਾਣੀਆਂ ਦੇ ਮੁੱਦੇ ''ਤੇ ਬੈਂਸ ਭਰਾ ਸ਼ੁਰੂ ਕਰਨਗੇ ਮੁਹਿੰਮ

ਜਲੰਧਰ (ਸੋਨੂੰ) : ਲੋਕ ਇਨਸਾਫ ਪਾਰਟੀ ਪਾਣੀਆਂ ਦੇ ਮੁੱਦੇ 'ਤੇ 'ਸਾਡਾ ਪਾਣੀ, ਸਾਡਾ ਹੱਕ' ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਦਾ ਐਲਾਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਜਲੰਧਰ ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ 12 ਜੁਲਾਈ ਤੋਂ ਸੂਬੇ ਭਰ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ 21 ਲੱਖ ਲੋਕਾਂ ਦੇ ਦਸਤਖਤ ਕਰਵਾ ਕੇ ਵਿਧਾਨ ਸਭਾ ਵਿਚ ਮਤਾ ਪੇਸ਼ ਕੀਤਾ ਜਾਵੇਗਾ। 

ਬੈਂਸ ਨੇ ਕਿਹਾ ਕਿ ਦੂਸਰੇ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਮੁੱਦੇ 'ਤੇ 16 ਨਵੰਬਰ 2016 ਨੂੰ ਅਕਾਲੀ-ਭਾਜਪਾ ਸਰਕਾਰ ਨੇ ਇਕ ਬਿੱਲ ਨੂੰ ਪ੍ਰਵਾਨਗੀ ਵੀ ਦਿੱਤੀ ਸੀ ਪਰ ਅਜੇ ਤਕ ਨਾ ਤਾਂ ਅਕਾਲੀ-ਭਾਜਪਾ ਸਰਕਾਰ ਅਤੇ ਨਾ ਹੀ ਕਾਂਗਰਸ ਸਰਕਾਰ ਵਲੋਂ ਕਿਸੇ ਸੂਬੇ ਤੋਂ ਪਾਣੀ ਦੀ ਕੀਮਤ ਵਸੂਲੀ ਗਈ ਹੈ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਾਣੀਆਂ ਦੇ ਮੁੱਦੇ 'ਤੇ ਗੰਭੀਰ ਨਹੀਂ ਹਨ। 

ਬੈਂਸ ਨੇ ਕਿਹਾ ਕਿ ਜੇਕਰ ਦੂਜੇ ਸੂਬਿਆਂ ਨੂੰ ਪਾਣੀ ਬੰਦ ਕਰ ਦਿੱਤਾ ਜਾਵੇ ਤਾਂ ਕਿਸਾਨਾਂ ਨੂੰ ਪਾਣੀ ਦੀ ਕਦੇ ਘਾਟ ਨਹੀਂ ਆਵੇਗੀ। ਜੇਕਰ ਦੂਸਰੇ ਸੂਬਿਆਂ ਨੂੰ ਪਾਣੀ ਦੇਣਾ ਵੀ ਹੈ ਤਾਂ ਇਸ ਦੀ ਕੀਮਤ ਵਸੂਲੀ ਜਾਣੀ ਚਾਹੀਦੀ ਹੈ ਅਤੇ ਇਸ ਪੈਸੇ ਨਾਲ ਸੂਬੇ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ।  


author

Gurminder Singh

Content Editor

Related News