ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਜਲੰਧਰ ਜ਼ਿਮਨੀ ਚੋਣ 'ਚ ਭਾਜਪਾ ਨੂੰ ਦਿੱਤਾ ਸਮਰਥਨ

Sunday, Apr 30, 2023 - 05:18 PM (IST)

ਜਲੰਧਰ (ਵੈੱਬ ਡੈਸਕ, ਗੁਲਸ਼ਨ, ਸੋਨੂੰ)-  ਲੋਕ ਇਸਨਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਜਲੰਧਰ ਦੀ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਲੋਕ ਇਨਸਾਫ਼ ਪਾਰਟੀ ਲੁਧਿਆਣਾ ਤੋਂ ਬੈਂਸ ਬ੍ਰਦਰਜ਼ ਦੇ ਸਿਮਰਜੀਤ ਸਿੰਘ ਬੈਂਸ ਨੇ ਪਾਰਟੀ ਵਰਕਰਾਂ ਸਮੇਤ ਭਾਜਪਾ ਨੂੰ ਸਮਰਥਨ ਦਿੱਤਾ ਪਰ ਇਸ ਮੌਕੇ ਖ਼ਾਸ ਗੱਲ ਇਹ ਵੇਖਣ ਨੂੰ ਮਿਲੀ ਬੈਂਸ ਭਰਾਵਾਂ ਵਿਚ ਬਲਵਿੰਦਰ ਸਿੰਘ ਬੈਂਸ ਉਨ੍ਹਾਂ ਨਾਲ ਨਜ਼ਰ ਨਹੀਂ ਆਏ।  ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾਉਣ ਲਈ ਉਹ ਪੂਰੀ ਮਦਦ ਕਰਨਗੇ। ਇਸ ਮੌਕੇ ਭਾਜਪਾ ਦੇ ਚੋਣ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਗੁਰਦੇਵ ਸ਼ਰਮਾ ਦੇਬੀ, ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਬੁਲਾਰੇ ਅਨਿਲ ਸਰੀਨ ਅਤੇ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ ਵੀ ਹਾਜ਼ਰ ਸਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਚੱਲ ਰਹੀਆਂ ਸਨ ਕਿ ਬੈਂਸ ਬ੍ਰਦਰਜ਼ ਅੱਜ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਦੋਵੇਂ ਪਾਰਟੀ ਦੇ ਕੇਂਦਰੀ ਆਗੂਆਂ ਦੇ ਸੰਪਰਕ ਵਿੱਚ ਹਨ ਅਤੇ ਗੱਲਬਾਤ ਜਾਰੀ ਹੈ। ਹੁਣ ਜਲੰਧਰ ਵਿਚ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। 

ਸਿਮਰਜੀਤ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖਾਂ ਪ੍ਰਤੀ ਸਨੇਹ ਅਤੇ ਦਸਤਾਰ ਪ੍ਰਤੀ ਸ਼ਰਧਾ ਨੂੰ ਵੇਖਦਿਆਂ ਹੀ ਉਨ੍ਹਾਂ ਇਹ ਫ਼ੈਸਲਾ ਲਿਆ ਹੈ। ਭਾਰਤ ਦੇ ਦੁਸ਼ਮਣ ਦੇਸ਼ ਪਾਕਿਸਤਾਨ ਦੇ ਲੋਕ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਇਕ ਕੇਡਰ ਬੇਸ ਪਾਰਟੀ ਹੈ। ਇਹ ਕਿਸੇ ਪਰਿਵਾਰ ਦੀ ਮਲਕੀਅਤ ਨਹੀਂ ਹੈ। ਹਰ ਛੋਟਾ ਵਰਕਰ ਵੀ ਵੱਡੇ ਅਹੁਦੇ ’ਤੇ ਆ ਸਕਦਾ ਹੈ। ਭਾਜਪਾ ਦੀ ਸੋਚ ਅਤੇ ਨੀਤੀਆਂ ਕਾਰਨ ਹੀ ਉਨ੍ਹਾਂ ਨੇ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਚੁਣਨ ਲਈ ਆਪਣੀ ਵੋਟ ਪਾਈ ਸੀ। ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਕ ਸਾਲ ਪਹਿਲਾਂ ਬਣੀ ਸਰਕਾਰ ਨੇ ਵੀ. ਵੀ. ਆਈ. ਪੀ. ਕਲਚਰ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਇਸ ਦੇ ਆਪਣੇ ਵਿਧਾਇਕ ਅਤੇ ਮੰਤਰੀ ਛੋਟੀਆਂ-ਛੋਟੀਆਂ ਰਿਸ਼ਵਤਾਂ ਲੈ ਰਹੇ ਹਨ। ਭਗਵੰਤ ਮਾਨ ਨੇ ਰੇਤ ਮਾਫ਼ੀਆ ਅਤੇ ਆਬਕਾਰੀ ਨੀਤੀ ਨੂੰ ਨੱਥ ਪਾਉਣ ਅਤੇ ਹੋਰ ਸਾਧਨਾਂ ਤੋਂ ਸਾਲਾਨਾ 52 ਹਜ਼ਾਰ ਕਰੋੜ ਰੁਪਏ ਬਚਾਉਣ ਦਾ ਦਾਅਵਾ ਕੀਤਾ ਸੀ ਪਰ ਹੁਣ ਲੋਕਾਂ ਨੂੰ ਨਾ ਤਾਂ ਰੇਤਾ ਅਤੇ ਨਾ ਹੀ ਸ਼ਰਾਬ ਸਸਤੀ ਮਿਲ ਰਹੀ ਹੈ।
ਇਹ ਵੀ ਪੜ੍ਹੋ : ਸ਼ਾਹਕੋਟ 'ਚ ਵੱਡੀ ਘਟਨਾ, ਪ੍ਰੇਮਿਕਾ ਨੂੰ ਮਿਲਣ ਘਰ ਗਿਆ ਸੀ ਪ੍ਰੇਮੀ, ਰੌਲਾ ਪੈਣ ਮਗਰੋਂ ਪ੍ਰੇਮੀ ਜੋੜੇ ਨੇ ਨਿਗਲੀ ਸਲਫ਼ਾਸ

ਜ਼ਿਕਰਯੋਗ ਹੈ ਕਿ ਜਲੰਧਰ ਵਿਖੇ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਦਿਹਾਂਤ ਮਗਰੋਂ ਲੋਕ ਸਭਾ ਦੀ ਸੀਟ ਖਾਲੀ ਹੋਈ ਸੀ, ਜਿਸ ਦੇ ਲਈ 10 ਮਈ ਨੂੰ ਹੁਣ ਜ਼ਿਮਨੀ ਹੋਣ ਜਾ ਰਹੀ ਹੈ। ਜ਼ਿਮਨੀ ਚੋਣ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ। 10 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਹਰ ਪਾਰਟੀ ਵੱਲੋਂ ਆਪਣੇ-ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਜ਼ੋਰ ਲਗਾਏ ਜਾ ਰਹੇ ਹਨ। 

ਬੈਂਸ ਨੇ ਕਿਹਾ ਕਿ 2017 ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਸੀ ਪਰ ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਪਿਆਰ ਨਹੀਂ ਹੈ। ਪੰਜਾਬ ਦਾ ਪੈਸਾ ਦੂਜੇ ਰਾਜਾਂ ਵਿਚ ਚੋਣ ਪ੍ਰਚਾਰ ’ਤੇ ਖਰਚ ਕੀਤਾ ਜਾ ਰਿਹਾ ਹੈ। ਅੱਜ ਬੁੱਧੀਜੀਵੀ, ਕਿਸਾਨ ਅਤੇ ਵਪਾਰੀ ਪੰਜਾਬ ਦੀ ਤੁਲਨਾ ਯੂ. ਪੀ. ਅਤੇ ਹਰਿਆਣਾ ਨਾਲ ਕਰ ਰਹੇ ਹਨ। ਯੂ. ਪੀ. ਵਿਚ ਗੁੰਡਾਰਾਜ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਕਿਸੇ ਦੀ ਹਿੰਮਤ ਨਹੀਂ ਕਿ ਉਹ ਅੱਖ ਚੁੱਕ ਕੇ ਦੇਖ ਸਕੇ, ਜਦੋਂ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਖਰਾਬ ਹੈ। ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਅਤੇ ਹੁਣ ਡੁਪਲੀਕੇਟ ਕ੍ਰਾਂਤੀਕਾਰੀ ਆ ਗਏ ਹਨ।

ਇਹ ਵੀ ਪੜ੍ਹੋ : ਜਦੋਂ ਤਕ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੁਧਰਦੀ, ਕੋਈ ਨਿਵੇਸ਼ ਕਰਨ ਨਹੀਂ ਆਏਗਾ: ਸੋਮ ਪ੍ਰਕਾਸ਼
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਇਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਅਤੇ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਆਗਾਮੀ ਲੋਕਲ ਬਾਡੀਜ਼ ਚੋਣਾਂ ਵਿਚ ਲੁਧਿਆਣਾ ਨਗਰ ਨਿਗਮ ’ਤੇ ਭਾਜਪਾ ਦਾ ਝੰਡਾ ਲਹਿਰਾਉਣ ਦਾ ਵੀ ਦਾਅਵਾ ਕੀਤਾ। ਪ੍ਰੈੱਸ ਕਾਨਫਰੰਸ ਦੇ ਆਖਿਰ ਵਿਚ ਉਨ੍ਹਾਂ ਭਾਜਪਾ ’ਚ ਸ਼ਾਮਲ ਹੋਣ ਦੇ ਸੰਕੇਤ ਵੀ ਦਿੱਤੇ। ਇਸ ਮੌਕੇ ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਮਨੋਜ ਅਗਰਵਾਲ, ਅਮਿਤ ਭਾਟੀਆ, ਰਮਨ ਜੈਨ ਆਦਿ ਵੀ ਹਾਜ਼ਰ ਸਨ।

ਕੇਂਦਰ ਦੀ ਮੋਦੀ ਸਰਕਾਰ ਨੂੰ ਦਿੱਤੇ ਤਿੰਨ ਸੁਝਾਅ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਤਿੰਨ ਸੁਝਾਅ ਦਿੰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਅਤੇ ਕਿਰਸਾਨੀ ਨੂੰ ਬਚਾਉਣ ਤੇ ਆਰਥਿਕ ਪੱਖੋਂ ਮਜ਼ਬੂਤ ​​ਕਰਨ ਲਈ ਖਸਖਸ ਦੀ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਡਰੱਗਜ਼ ਦੀ ਖੇਤੀ ਆ ਗਈ ਹੈ। ਲੁਧਿਆਣਾ ਦੀ ਸਾਈਕਲ ਇੰਡਸਟਰੀ ਅਤੇ ਹੋਰ ਉਦਯੋਗਾਂ ਦਾ ਸਾਮਾਨ ਦੁਬਈ ਰਾਹੀਂ ਪਾਕਿਸਤਾਨ ਜਾਂਦਾ ਹੈ। ਵਪਾਰੀਆਂ ਨੂੰ ਰਾਹਤ ਦੇਣ ਲਈ ਪਾਕਿਸਤਾਨ ਨਾਲ ਵਪਾਰਕ ਸੰਬੰਧ ਮਜ਼ਬੂਤ ​​ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਸਿਸਟਮ ਵਿਚ ਪਾਰਦਰਸ਼ਿਤਾ ਤੇ ਪੁਰਾਣੇ ਸਿਸਟਮ ਵਿਚ ਤਬਦੀਲੀ ਕਰ ਕੇ ਵਜ਼ੀਫੇ ਦੀ ਰਾਸ਼ੀ ਸਿੱਧੀ ਬੱਚਿਆਂ ਦੇ ਖਾਤੇ ਵਿਚ ਆਉਣੀ ਚਾਹੀਦੀ ਹੈ ਕਿਉਂਕਿ ਇਸ ਵਿਚ ਅਧਿਕਾਰੀਆਂ ਅਤੇ ਲੀਡਰਾਂ ਦੀ ਭਾਈਵਾਲੀ ਕਾਰਨ ਇੰਟੈਲੀਜੈਂਟ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ: ਸਾਈਬਰ ਠੱਗਾਂ ਦਾ ਕਾਰਨਾਮਾ ਕਰੇਗਾ ਹੈਰਾਨ, ਕੁੜੀ ਦੇ ਵਟਸਐਪ ਜ਼ਰੀਏ ਇੰਝ ਠੱਗੇ 40 ਹਜ਼ਾਰ ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News