ਚਾਈਨਾ ਡੋਰ ਖਿਲਾਫ਼ ਚਲਾਈ ਮੁਹਿੰਮ ਬੁਰੀ ਤਰ੍ਹਾਂ ਫੇਲ!

01/13/2020 10:22:55 AM

ਅੰਮ੍ਰਿਤਸਰ (ਨੀਰਜ): ਲੋਹੜੀ ਦੇ ਤਿਉਹਾਰ ਨੂੰ ਦੇਖਦਿਆਂ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਚਾਈਨਾ ਡੋਰ ਖਿਲਾਫ਼ ਚਲਾਈ ਮੁਹਿੰਮ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਹਾਲਾਤ ਇਹ ਹਨ ਕਿ ਲੋਕ ਸ਼ਰੇਆਮ ਬੇਖੌਫ ਹੋ ਕੇ ਡੀ. ਸੀ. ਅਤੇ ਪੁਲਸ ਕਮਿਸ਼ਨਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਚਾਈਨਾ ਡੋਰ ਦਾ ਪ੍ਰਯੋਗ ਕਰ ਰਹੇ ਹਨ ਅਤੇ ਖੂਨੀ ਡੋਰ ਨਾਲ ਪਤੰਗ ਉਡਾਉਂਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵੀ ਜ਼ਿਲਾ ਪੁਲਸ ਅਤੇ ਕਮਿਸ਼ਨਰ ਪੁਲਸ ਨੂੰ ਚਾਈਨਾ ਡੋਰ ਦੀ ਵਿਕਰੀ ਅਤੇ ਇਸ ਦਾ ਪ੍ਰਯੋਗ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਇਸ ਦਾ ਵੀ ਕੋਈ ਖਾਸ ਅਸਰ ਨਜ਼ਰ ਨਹੀਂ ਆਇਆ। ਅਜਿਹੇ ਬਹੁਤ ਘੱਟ ਲੋਕ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਹੱਥਾਂ 'ਚ ਪ੍ਰੰਪਰਾਗਤ ਡੋਰ ਦੀ ਚਰਖੜੀ ਜਾਂ ਪਿੰਨਾ ਹੈ। ਸਾਰਿਆਂ ਦੇ ਹੱਥਾਂ 'ਚ ਚਾਈਨਾ ਡੋਰ ਦੇ ਗੱਟੂ ਹੀ ਨਜ਼ਰ ਆ ਰਹੇ ਹਨ।

ਪਰਚਾ ਦਰਜ ਹੋਣ 'ਤੇ ਵੀ ਚਾਈਨਾ ਡੋਰ ਵੇਚਦੈ ਦੁਕਾਨਦਾਰ
ਉਂਝ ਤਾਂ ਪੁਲਸ ਵੱਲੋਂ ਇਸ ਵਾਰ ਕਈ ਅਜਿਹੇ ਚਾਈਨਾ ਡੋਰ ਵਿਕਰੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਇਸ ਕਾਲੇ ਕਾਰੋਬਾਰ 'ਚ ਨਵੇਂ ਚਿਹਰੇ ਹਨ ਪਰ ਇਸ ਖੇਡ ਵਿਚ ਇਕ ਚਿਹਰਾ ਅਜਿਹਾ ਵੀ ਹੈ, ਜਿਸ ਨੂੰ ਕਿਸੇ ਤਰ੍ਹਾਂ ਦੀ ਸ਼ਰਮ ਹੀ ਨਹੀਂ ਰਹੀ। ਕੱਟੜਾ ਕਰਮ ਸਿੰਘ ਦਾ ਇਕ ਚਾਈਨਾ ਡੋਰ ਵਿਕਰੇਤਾ ਜਿਸ ਦੇ ਖਿਲਾਫ ਪੁਲਸ ਵੱਲੋਂ ਕਈ ਵਾਰ ਚਾਈਨਾ ਡੋਰ ਵੇਚਣ ਦੇ ਪਰਚੇ ਦਰਜ ਹੋ ਚੁੱਕੇ ਹਨ, ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ।

ਚਾਈਨਾ ਡੋਰ ਨੂੰ ਗੈਰ-ਜ਼ਮਾਨਤੀ ਅਪਰਾਧ ਦੇ ਦਾਇਰੇ 'ਚ ਲਿਆਉਣਾ ਚਾਹੀਦੈ
ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਇਸ ਲਈ ਵੀ ਬੇਖੌਫ ਹੋ ਜਾਂਦੇ ਹਨ ਕਿਉਂਕਿ ਜਦੋਂ ਉਨ੍ਹਾਂ ਨੂੰ ਫੜਿਆ ਜਾਂਦਾ ਹੈ ਤਾਂ ਧਾਰਾ 188 ਤਹਿਤ ਪਰਚਾ ਦਰਜ ਹੁੰਦਾ ਹੈ। ਇਸ ਦੀ ਥਾਣੇ 'ਚ ਹੀ ਜ਼ਮਾਨਤ ਹੋ ਜਾਂਦੀ ਹੈ। ਐਡਵੋਕੇਟ ਸੰਦੀਪ ਗੋਰਸੀ ਤੇ ਸਮਾਜ ਸੇਵਕ ਵਿਜੇ ਅਗਰਵਾਲ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੀ ਵਿਕਰੀ ਅਤੇ ਇਸ ਦਾ ਪ੍ਰਯੋਗ ਉਦੋਂ ਤੱਕ ਨਹੀਂ ਰੁਕ ਸਕਦਾ, ਜਦੋਂ ਤੱਕ ਇਸ ਖੂਨੀ ਡੋਰ ਨੂੰ ਗੈਰ-ਜ਼ਮਾਨਤੀ ਅਪਰਾਧ 'ਚ ਸ਼ਾਮਿਲ ਨਾ ਕੀਤਾ ਜਾਵੇ। ਚਾਈਨਾ ਡੋਰ ਦੀ ਵਿਕਰੀ ਅਤੇ ਇਸ ਦਾ ਪ੍ਰਯੋਗ ਕਰਨ ਵਾਲੇ ਦੀ ਜ਼ਮਾਨਤ ਨਾ ਹੋਵੇ, ਉਦੋਂ ਇਸ ਖੂਨੀ ਡੋਰ ਨੂੰ ਵੇਚਣ ਵਾਲਿਆਂ 'ਚ ਕਾਨੂੰਨ ਦਾ ਖੌਫ ਪੈਦਾ ਹੋਵੇਗਾ।

ਹੁਣ ਆਸਮਾਨ 'ਚ ਨਜ਼ਰ ਨਹੀਂ ਆਉਂਦੇ ਪੰਛੀ
ਲੋਹੜੀ ਤੋਂ ਇਕ ਦਿਨ ਪਹਿਲਾਂ ਐਤਵਾਰ ਹੋਣ ਕਰ ਕੇ ਆਸਮਾਨ 'ਚ ਚਾਰੇ ਪਾਸੇ ਪਤੰਗਾਂ ਨਾਲ ਚਾਈਨਾ ਡੋਰ ਹੀ ਉੱਡੀ, ਜਿਸ ਨਾਲ ਪੰਛੀ ਵੀ ਉਡਾਣ ਨਹੀਂ ਭਰ ਸਕੇ ਕਿਉਂਕਿ ਪਲਾਸਟਿਕ ਤੋਂ ਬਣੀ ਇਹ ਡੋਰ ਜਦੋਂ ਕਿਸੇ ਪੰਛੀ ਦੇ ਖੰਭਾਂ 'ਚ ਫਸ ਜਾਂਦੀ ਹੈ ਤਾਂ ਉਸ ਦੀ ਤੜਫ਼-ਤੜਫ਼ ਕੇ ਮੌਤ ਹੁੰਦੀ ਹੈ।

ਲੱਗਦੈ ਜ਼ਿਲੇ 'ਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ?
ਜਦੋਂ ਤੋਂ ਕਾਂਗਰਸ ਸਰਕਾਰ ਸੱਤਾ 'ਚ ਆਈ ਹੈ, ਉਦੋਂ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਜਿਵੇਂ ਜ਼ਿਲੇ 'ਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਇਸ ਵਾਰ ਜਿਸ ਤਰ੍ਹਾਂ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਚਾਈਨਾ ਡੋਰ ਖਿਲਾਫ਼ ਕਮਜ਼ੋਰ ਮੁਹਿੰਮ ਚਲਾਈ ਗਈ, ਉਹ ਸ਼ਰਮਨਾਕ ਹੈ। ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ 'ਚ ਕਾਹਨ ਸਿੰਘ ਪੰਨੂ, ਰਜਤ ਅਗਰਵਾਲ, ਰਵੀ ਭਗਤ, ਵਰੁਣ ਰੂਜਮ ਅਤੇ ਹੋਰ ਡਿਪਟੀ ਕਮਿਸ਼ਨਰਾਂ ਨੇ ਚਾਈਨਾ ਡੋਰ ਖਿਲਾਫ਼ ਸਖ਼ਤ ਅਭਿਆਨ ਚਲਾਇਆ ਸੀ ਤੇ ਫਲਾਇੰਗ ਸਕੁਐਡ ਬਣਾ ਕੇ ਰੋਜ਼ਾਨਾ ਉਸ ਦੀ ਸਮੀਖਿਆ ਕਰਦੇ ਸਨ ਪਰ ਇਸ ਵਾਰ ਲੋਹੜੀ ਦੇ ਤਿਉਹਾਰ 'ਤੇ ਖਾਨਾਪੂਰਤੀ ਹੀ ਕੀਤੀ ਗਈ ਅਤੇ ਫਲਾਇੰਗ ਸਕੁਐਡ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਈ।

ਚਾਈਨਾ ਡੋਰ ਫੜਨ ਵਾਲੇ ਪੁਲਸ ਅਧਿਕਾਰੀ ਕੀਤੇ ਜਾਣ ਸਨਮਾਨਿਤ
ਕੁਝ ਪੁਲਸ ਥਾਣਿਆਂ 'ਚ ਪੁਲਸ ਅਧਿਕਾਰੀਆਂ ਨੇ ਚਾਈਨਾ ਡੋਰ ਫੜਨ ਦੇ ਵੱਡੇ ਮਾਮਲੇ ਦਰਜ ਕੀਤੇ ਹਨ, ਅਜਿਹੇ ਅਧਿਕਾਰੀਆਂ ਦਾ ਹੌਸਲਾ ਵਧਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਗਣਤੰਤਰ ਦਿਵਸ ਵਰਗੇ ਕੌਮੀ ਤਿਉਹਾਰਾਂ 'ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਜਿਨ੍ਹਾਂ ਪੁਲਸ ਅਧਿਕਾਰੀਆਂ ਨੇ ਆਪਣੇ ਥਾਣੇ 'ਚ ਇਕ ਵੀ ਪਰਚਾ ਚਾਈਨਾ ਡੋਰ ਖਿਲਾਫ ਦਰਜ ਨਹੀਂ ਕੀਤਾ, ਉਨ੍ਹਾਂ ਦੇ ਤਬਾਦਲੇ ਕੀਤੇ ਜਾਣੇ ਚਾਹੀਦੇ ਹਨ।
 


Shyna

Content Editor

Related News