ਸਿਰਸਾ ਜ਼ਿਲ੍ਹੇ 'ਚ ਆਇਆ ਟਿੱਡੀ ਦਲ,ਪੰਜਾਬ ਲਈ ਖ਼ਤਰੇ ਦੀ ਘੰਟੀ

07/11/2020 10:40:22 PM

ਲੁਧਿਆਣਾ (ਸਰਬਜੀਤ ਸਿੱਧੂ)- ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਸਾਲ ਟਿੱਡੀ ਦਲ ਦਾ ਸਭ ਤੋਂ ਭਾਰੀ ਹਮਲਾ ਦੇਖਿਆ ਗਿਆ ਹੈ। ਇਸ ਸਾਲ ਫਰਵਰੀ ਮਹੀਨੇ ਵਿਚ ਹੀ ਇਹ ਪੰਜਾਬ ਦੇ ਫਾਜ਼ਿਲਕਾ ਜ਼ਿਲੇ ਵਿਚ ਆਇਆ ਅਤੇ ਉਸ ਤੋਂ ਬਾਅਦ ਕਈ ਮਹੀਨੇ ਪੰਜਾਬ ਦੀ ਸਰਹੱਦ ਤੋਂ ਲੱਗਭਗ 50 ਤੋਂ 60 ਕਿਲੋਮੀਟਰ ਦੂਰ ਹੀ ਟਿੱਡੀਆਂ ਦੇ ਝੁੰਡ ਦੇਖੇ ਗਏ ਪਰ ਪੰਜਾਬ ਵਿਚ ਨਹੀਂ ਆਏ। ਪਰ ਹੁਣ ਇਨ੍ਹਾਂ ਨੂੰ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਸਿਰਸੇ ਜ਼ਿਲੇ ਦੇ ਪਿੰਡਾਂ ਵਿਚ ਦੇਖਿਆ ਗਿਆ ਹੈ।

ਇਸ ਬਾਰੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਟਿੱਡੀ ਦਲ ਨੋਡਲ ਅਫ਼ਸਰ ਡਾ. ਭੁਪਿੰਦਰ ਕੁਮਾਰ ਨੇ ਦੱਸਿਆ ਕਿ ਫਿਲਹਾਲ ਟਿੱਡੀ ਦਲ ਹਨੂਮਾਨਗੜ੍ਹ ਤੋਂ ਸਿਰਸੇ ਵੱਲ ਵੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਵਾ ਦੇ ਰੁੱਖ ਮੁਤਾਬਕ ਹੋ ਸਕਦਾ ਹੈ ਕਿ ਮਾਨਸਾ ਜ਼ਿਲੇ ਰਾਹੀਂ ਪੰਜਾਬ ਵਿਚ ਆ ਵੜੇ ਪਰ ਅਜੇ ਐਸੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੰਜਾਬ ਖੇਤੀਬਾੜੀ ਮਹਿਕਮਾ ਇਸ ਸਬੰਧੀ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਤੱਕ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਕੱਲ ਰਾਤ ਹਨੂਮਾਨਗੜ੍ਹ ਜ਼ਿਲੇ ਵਿਚ ਇਸ ਟਿੱਡੀ ਦਲ ਨੂੰ ਕਾਬੂ ਕੀਤਾ ਗਿਆ ਪਰ ਫਿਰ ਵੀ ਬਹੁਤ ਥੋੜ੍ਹੀ ਮਾਤਰਾ ਵਿਚ ਇਹ ਦੋ ਹਿੱਸਿਆਂ ਵਿਚ ਵੰਡਿਆ ਗਿਆ। ਉਨ੍ਹਾਂ ਮੁਤਾਬਿਕ ਇਕ ਤਾਂ ਹਵਾ ਦੇ ਰੁੱਖ ਤੋਂ ਬਿਨਾਂ ਇਹ ਪੰਜਾਬ ਵਿਚ ਨਹੀਂ ਵੜ ਸਕਦਾ ਦੂਜੀ ਚੰਗੀ ਗੱਲ ਇਹ ਵੀ ਹੈ ਕਿ ਮੀਂਹ ਦਾ ਮੌਸਮ ਹੋਣ ਕਰ ਕੇ ਟਿੱਡੀ ਦਲ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਿਚ ਮੁਸ਼ਕਿਲ ਹੁੰਦੀ ਹੈ ਕਿਉਂਕਿ ਇਸ ਕੀੜੇ ਦੇ ਖੰਭ ਗਿੱਲੇ ਹੋ ਜਾਂਦੇ ਹਨ ਅਤੇ ਇਹ ਉੱਡ ਨਹੀਂ ਸਕਦਾ।

ਇਸ ਬਾਰੇ ਗੱਲ ਕਰਦਿਆਂ ਮਾਨਸਾ ਜ਼ਿਲੇ ਦੇ ਚੀਫ ਖੇਤੀਬਾੜੀ ਅਫਸਰ ਡਾ. ਰਾਮ ਸਰੂਪ ਨੇ ਦੱਸਿਆ ਕਿ ਸਿਰਸੇ ਜ਼ਿਲੇ ਦੇ ਪਿੰਡ ਮਲੀਕਾ ਅਤੇ ਮਾਧੋ ਸਲਾਣਾ ਵਿਚ ਟਿੱਡੀ ਦਲ ਦੇਖਿਆ ਗਿਆ ਹੈ। ਇਹ ਸਿਰਸੇ ਤੋਂ ਲਗਭਗ 15-20 ਕਿਲੋਮੀਟਰ ਦੀ ਦੂਰੀ ’ਤੇ ਹਨ। ਉਨ੍ਹਾਂ ਕਿਹਾ ਕਿ ਅੱਜ ਇਸਦਾ ਪੰਜਾਬ ਤੱਕ ਆਉਣਾ ਮੁਸ਼ਕਿਲ ਹੈ ਕਿਉਂਕਿ ਇਹ ਰਾਤ ਨੂੰ ਹੀ ਵੱਡੇ ਦਰੱਖਤਾਂ ’ਤੇ ਟਿਕਦਾ ਹੈ। ਕੱਲ ਜੇਕਰ ਹਵਾ ਦਾ ਰੁੱਖ ਬਦਲਿਆ ਤਾਂ ਹੋ ਸਕਦਾ ਹੈ ਕਿ ਇਹ ਪੰਜਾਬ ਵੱਲ ਆਵੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਹਿਕਮਾ ਇਸ ਲਈ ਪੂਰਾ ਚੌਕਸ ਹੈ ਅਤੇ ਪਿੰਡਾਂ ਵਿਚ ਕਿਸਾਨਾਂ ਨੂੰ ਪਾਣੀ ਦੀਆਂ ਟੈਂਕੀਆਂ ਭਰ ਕੇ ਰੱਖਣ ਲਈ ਵੀ ਕਿਹਾ ਗਿਆ ਹੈ। ਟਿੱਡੀ ਦਲ ’ਤੇ ਕਾਬੂ ਪਾਉਣ ਲਈ ਸਪਰੇਹਾਂ ਦਾ ਵੀ ਪੂਰਾ ਪ੍ਰਬੰਧ ਹੈ। ਐੱਸ. ਡੀ. ਐੱਮ., ਤਹਿਸੀਲਦਾਰ ਅਤੇ ਹੋਰ ਅਫਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਹੈ।


Bharat Thapa

Content Editor

Related News