ਟਿੱਡੀ ਦਲ ਸਬੰਧੀ ਜਾਣਕਾਰੀ ਲੈਣ ਤੇ ਹਮਲੇ ਦੀ ਸੂਚਨਾ ਦੇਣ ਸਬੰਧੀ ਕੰਟਰੋਲ ਰੂਮ ਸਥਾਪਿਤ

Thursday, Jun 04, 2020 - 12:03 PM (IST)

ਫ਼ਤਿਹਗੜ੍ਹ ਸਾਹਿਬ (ਬਖਸ਼ੀ, ਜਗਦੇਵ, ਮੱਗੋ): ਡਾ. ਇੰਦਰਪਾਲ ਸਿੰਘ ਸੰਧੂ ਮੁੱਖ ਖੇਤੀਬਾੜੀ ਅਫਸਰ, ਫ਼ਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਟਿੱਡੀ ਦਲ ਦੇ ਸੰਭਾਵੀ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪੂਰੀ ਤਿਆਰੀ ਕੀਤੀ ਗਈ ਹੈ ਤੇ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ ਸਿਰਫ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਟਿੱਡੀ ਦਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅਤੇ ਇਸ ਦੇ ਹਮਲੇ ਸਬੰਧੀ ਖਬਰ ਦੇਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।ਜ਼ਿਲ੍ਹਾ ਪੱਧਰ 'ਤੇ ਡਾ. ਕੁਲਵਿੰਦਰ ਸਿੰਘ, ਖੇਤੀਬਾੜੀ ਅਫਸਰ-ਕਮ-ਨੋਡਲ ਅਫਸਰ ਫੋਨ ਨੰ. 98721-00781, ਡਾ. ਸਤੀਸ਼ ਕੁਮਾਰ, ਖੇਤੀਬਾੜੀ ਵਿਕਾਸ ਅਫਸਰ, ਕੋ-ਨੋਡਲ ਅਫਸਰ ਫੋਨ ਨੰ.-97589-00047 ਅਤੇ ਬਲਾਕ ਪੱਧਰ 'ਤੇ ਡਾ. ਰਾਮ ਸਿੰਘ ਪਾਲ, ਖੇਤੀਬਾੜੀ ਵਿਕਾਸ ਅਫਸਰ, ਸਰਹਿੰਦ ਫੋਨ ਨੰ.-81466-76217, ਡਾ. ਦਮਨ ਝਾਂਜੀ, ਖੇਤੀਬਾੜੀ ਵਿਕਾਸ ਅਫਸਰ, ਖਮਾਣੋਂ ਫੋਨ ਨੰ.-95929-90237, ਡਾ. ਸਿਰਤਾਜ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਖੇੜਾ ਫੋਨ ਨੰ.-94636-56714, ਡਾ. ਸੁਨਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬੱਸੀ ਪਠਾਣਾਂ, ਫੋਨ ਨੰ.- 96466-67655 ਅਤੇ ਡਾ. ਰਮਨਦੀਪ ਸਿੰਘ, ਖੇਤੀਬਾੜੀ ਉੱਪ ਨਿਰੀਖਕ, ਅਮਲੋਹ ਫੋਨ ਨੰ.-95014-02326 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਹੁਣ ਗਰਭਵਤੀ ਜਨਾਨੀ ਆਈ ਕੋਰੋਨਾ ਪਾਜ਼ੇਟਿਵ

ਡਾ. ਸੰਧੂ ਨੇ ਦੱਸਿਆ ਕਿ ਟਿੱਡੀ ਦਲ ਸ਼ਾਮ ਵੇਲੇ ਖੇਤਾਂ 'ਚ ਜਾਂ ਉੱਚੇ ਦਰੱਖਤਾਂ 'ਤੇ ਬੈਠ ਜਾਂਦਾ ਹੈ ਅਤੇ ਅਗਲੇ ਦਿਨ ਸੂਰਜ ਚੜ੍ਹਨ ਸਮੇਂ ਤੱਕ ਬੈਠਾ ਰਹਿੰਦਾ ਹੈ। ਇਸ ਦੀ ਰੋਕਥਾਮ ਮੁਹਿੰਮ 'ਚ ਸਰਕਾਰ ਦੇ ਨਾਲ-ਨਾਲ ਕਿਸਾਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਤੇ ਵਡਮੁੱਲੀ ਹੈ, ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਵਲੋਂ ਦਿਨ ਸਮੇਂ ਖੜਾਕ ਕਰ ਕੇ, ਢੋਲ ਵਜਾ ਕੇ, ਪੀਪੇ ਜਾਂ ਭਾਂਡੇ ਖੜਕਾ ਕੇ, ਉੱਚੀ ਆਵਾਜ਼ 'ਚ ਖੇਤਾਂ 'ਚ ਸਪੀਕਰਾਂ ਰਾਹੀਂ ਸ਼ੋਰ ਮਚਾ ਕੇ, ਟਿੱਡੀ ਦਲ ਨੂੰ ਫਸਲਾਂ 'ਤੇ ਬੈਠਣ ਤੋਂ ਰੋਕਿਆ ਜਾਵੇ। ਡਾ. ਸੰਧੂ ਨੇ ਦੱਸਿਆ ਕਿ ਟਿੱਡੀ ਦਲ ਦੇ ਸ਼ਾਮ ਸਮੇਂ ਬੈਠਣ ਉਪਰੰਤ ਇਸ ਦੇ ਕੰਟਰੋਲ ਲਈ ਉਸੇ ਸਮੇਂ ਖੇਤੀਬਾੜੀ ਵਿਭਾਗ ਵੱਲੋਂ ਕੀੜੇਮਾਰ ਦਵਾਈਆਂ ਸਪਰੇਅ ਕਰਨ ਹਿੱਤ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਪਰੇਅ ਪੰਪਾਂ ਸਮੇਤ ਮੁਹਿੰਮ 'ਚ ਸ਼ਾਮਲ ਹੋਣ ਲਈ ਤਿਆਰ ਰਹਿਣ ਅਤੇ ਪਾਣੀ ਲਈ ਆਪਣੇ ਆਪਣੇ ਟਿਊਬਵੈੱਲਾਂ 'ਤੇ ਪ੍ਰਬੰਧ ਕਰਨ ਤਾਂ ਜੋ ਕੀੜੇਮਾਰ ਦਵਾਈ ਦੀ ਸਪਰੇਅ ਕਰ ਕੇ ਟਿੱਡੀ ਦਲ ਤੋਂ ਬਚਾਅ ਕੀਤਾ ਜਾ ਸਕੇ।


Shyna

Content Editor

Related News