ਤਾਲਾਬੰਦੀ ਦੇ ਖਦਸ਼ੇ ਕਾਰਣ ਪੰਜਾਬ ਛੱਡ ਭੱਜਣ ਲੱਗੇ ਪ੍ਰਵਾਸੀ ਮਜ਼ਦੂਰ, ਕੋਰੋਨਾ ਨਿਯਮਾਂ ਨੂੰ ਕਰਨਗੇ ਅਣਦੇਖਾ

Friday, Apr 30, 2021 - 03:04 PM (IST)

ਤਾਲਾਬੰਦੀ ਦੇ ਖਦਸ਼ੇ ਕਾਰਣ ਪੰਜਾਬ ਛੱਡ ਭੱਜਣ ਲੱਗੇ ਪ੍ਰਵਾਸੀ ਮਜ਼ਦੂਰ, ਕੋਰੋਨਾ ਨਿਯਮਾਂ ਨੂੰ ਕਰਨਗੇ ਅਣਦੇਖਾ

ਮੋਗਾ (ਗੋਪੀ ਰਾਊਕੇ) - ਕੋਰੋਨਾ ਦੇ ਦਿਨੋਂ-ਦਿਨ ਵੱਧ ਰਹੇ ਪ੍ਰਕੋਪ ਕਰ ਕੇ ਚਾਰੇ ਪਾਸੇ ‘ਖੌਫ਼’ ਦਾ ਮਾਹੌਲ ਪੈਦਾ ਹੋ ਰਿਹਾ ਹੈ। ਦੂਜੇ ਪਾਸੇ ਮਈ ਦੇ ਪਹਿਲੇ ਹਫ਼ਤੇ ਤੋਂ ਸੂਬੇ ਭਰ ’ਚ ਲਾਕਡਾਉਨ ਦੀ ਤਿਆਰੀ ਦੀਆਂ ਉੱਡ ਰਹੀਆਂ ਅਫ਼ਵਾਹਾਂ ਕਰ ਕੇ ਪੰਜਾਬ ਵਿਚੋਂ ਪ੍ਰਵਾਸੀ ਮਜ਼ਦੂਰ ਆਪਣਾ ਬੋਰੀਆਂ ਬਿਸਤਰਾਂ ਬੰਨ੍ਹ ਕੇ ਆਪਣੇ ਵਤਨੀ ਜਾਣ ਲੱਗੇ ਹਨ। ਪਿਛਲੇ ਵਰ੍ਹੇ ਕੋਰੋਨਾ ਕਾਲ ਦੌਰਾਨ ਸਮੁੱਚਾ ਕਾਰੋਬਾਰ ‘ਠੱਪ’ ਹੋਣ ਕਰਕੇ ਭੁੱਖਮਰੀ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ ਪਹਿਲਾਂ ਹੀ ਬਹੁਤ ਥੋੜ੍ਹੀ ਗਿਣਤੀ ਵਿੱਚ ਪੰਜਾਬ ਆਏ ਸਨ। 4 ਮਹੀਨੇ ਪਹਿਲਾਂ ਹੀ ਇਨ੍ਹਾਂ ਵਿੱਚੋਂ ਬਹੁਤੇ ਮਜ਼ਦੂਰਾਂ ਨੇ ਮੁੜ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। 

ਪੜ੍ਹੋ ਇਹ ਵੀ ਖਬਰ - ਕੀ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ੀ ਮਿਲਣੀ ਚਾਹੀਦੀ ਹੈ ?

ਉਕਤ ਮਜ਼ਦੂਰਾਂ ਦਾ ਹਾਲੇ ਪੂਰਾ ਕੰਮ ਵੀ ਨਹੀਂ ਚੱਲਿਆ ਸੀ ਕਿ ਹੁਣ ਫ਼ਿਰ ਅੱਧਵਾਟੇ ਸਭ ਕੁਝ ਇਨ੍ਹਾਂ ਮਜ਼ਦੂਰਾਂ ਨੇ ਭਰੇ ਮਨ ਨਾਲ ਆਪਣੇ ਘਰਾਂ ਨੂੰ ਰਵਾਨਾ ਹੋਣਾ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਸ਼ਾਮ 5 ਵਜੇ ਤੋਂ ਸਰਕਾਰ ਦੀਆਂ ਹਦਾਇਤਾਂ ਅਤੇ ਪ੍ਰਸ਼ਾਸਨ ਵੱਲੋਂ ਦੁਕਾਨਾਂ ਅਤੇ ਬਾਜ਼ਾਰ ਬੰਦ ਕਰਵਾਏ ਜਾਣ ਦੀ ਸ਼ੁਰੂ ਕੀਤੀ ਕਾਰਵਾਈ ਤੋਂ ਪ੍ਰਵਾਸੀ ਮਜ਼ਦੂਰ ਬੇਹੱਦ ‘ਖਫ਼ਾ’ ਸਨ। ਇਨ੍ਹਾਂ ਵਿਚੋਂ ਬਹੁਤੇ ਸ਼ਾਮ ਵੇਲੇ ਹੀ ਰੇਹੜ੍ਹੀਆਂ ਫੜ੍ਹੀਆਂ ਲਗਾ ਕੇ ਆਪਣਾ ਕਾਰੋਬਾਰ ਚਲਾਉਂਦੇ ਸਨ ਪਰ ਹੁਣ ਦੋ ਦਿਨਾਂ ਤੋਂ ਇਹ ਕਾਮੇ ਪੂਰੀ ਤਰ੍ਹਾਂ ਘਰਾਂ ਵਿੱਚ ਬੈਠੇ ਹੋਏ ਸਨ।

ਪੜ੍ਹੋ ਇਹ ਵੀ ਖਬਰ ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)

‘ਜਗ ਬਾਣੀ’ ਨੇ ਜਦੋਂ ਮੋਗਾ ਤੋਂ ਮਾਲਵਾ ਬੱਸ ਰਾਹੀਂ ਆਪਣੇ ਸੂਬੇ ਬਿਹਾਰ ਲਈ ਰਵਾਨਾ ਹੋ ਰਹੇ ਪ੍ਰਵਾਸੀ ਮਜ਼ਦੂਰਾਂ ਤੋਂ ਮੋਗਾ ਛੱਡ ਆਪਣੇ ਘਰਾਂ ਲਈ ਰਵਾਨਾ ਹੋਣ ਦਾ ਕਾਰਣ ਪੁੱਛਿਆ ਤਾਂ ਇਨ੍ਹਾਂ ਲੋਕਾਂ ਦੀਆਂ ਅੱਖਾਂ ਵਿਚੋਂ ਆਪ-ਮੁਹਾਰੇ ਹੰਝੂਆਂ ਦਾ ਵਹਿਣ ਤੁਰ ਪਿਆ। ਬੱਸ ਵਿੱਚ ਪ੍ਰਤੀ ਸਵਾਰੀ 1500 ਰੁਪਏ ਦੇ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਬਿਠਾਏ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਤਿੰਨ ਦਿਨਾਂ ਦਾ ਲੰਮਾਂ ਸਫ਼ਰ ਹੈ ਪਰ ਉਨ੍ਹਾਂ ਕੋਲ ਪੂਰਾ ਥਾਂ ਬੈਠਣ ਦਾ ਵੀ ਨਹੀਂ। ਇਥੇ ਹੀ ਬੱਸ ਨਹੀਂ ਬੱਸ ਵਿਚ ਦੋਹਾਂ ਸੀਟਾਂ ਦੇ ਵਿਚਕਾਰ ਕਥਿਤ ਤੌਰ ’ਤੇ ਕੁਰਸੀਆਂ ਬੈਠਣ ਲਈ ਲਗਾਈਆ ਸੀ।

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 

ਇਕ ਮਜ਼ਦੂਰ ਰਾਜੂ ਦਾ ਦੱਸਣਾ ਸੀ ਕਿ ਉਹ ਅਹਾਤੇ ’ਤੇ ਨੌਕਰੀ ਕਰਦਾ ਹੈ ਅਤੇ ਦੋ ਦਿਨ ਪਹਿਲਾ ਮਾਲਕਾਂ ਨੇ ਕੰਮ ਤੋਂ ਜਵਾਬ ਦੇ ਦਿੱਤਾ ਹੈ। ਇਸੇ ਲਈ ਹੁਣ ਉਸ ਕੋਲ ਬਿਹਾਰ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਰ ਕੇ ਉਹ 7 ਮਹੀਨੇ ਆਪਣੇ ਘਰ ਬੈਠ ਕੇ ਮੁੜ ਕੰਮ ਦੀ ਆਸ ਨਾਲ ਪੰਜਾਬ ਆਏ ਸਨ ਪਰ ਹੁਣ ਨਿਰਾਸ਼ ਵਾਪਿਸ ਮੁੜਨਾ ਪੈ ਰਿਹਾ ਹੈ। ਇਕ ਹੋਰ ਮਜ਼ਦੂਰ ਦਾ ਕਹਿਣਾ ਸੀ ਕਿ ਸਵੇਰ 12 ਵਜੇ ਤੋਂ ਉਹ ਬੈਠੇ ਬੱਸ ਦੇ ਤੁਰਨ ਦੀ ਭੁੱਖਣ ਭਾਣੇ ਉਡੀਕ ਕਰ ਰਹੇ ਹਨ, ਹੁਣ 5 ਵਜੇ ਤੱਕ ਵੀ ਬੱਸ ਚੱਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੋ ਬੱਸਾਂ ਰਾਹੀਂ ਲੈ ਕੇ ਜਾਣ ਦਾ ਵਾਧਾ ਕੀਤਾ ਸੀ ਪਰ ਹੁਣ ਸਾਨੂੰ ਇਕੋ ਬੱਸ ’ਤੇ ਲਿਜਾਇਆ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਬੱਸ ਵਿੱਚ ਕਿਸੇ ਤਰ੍ਹਾਂ ਦੇ ਸੈਨੇਟਾਈਜ਼ਰ ਦੀ ਵਰਤੋਂ ਦੇਖਣ ਨੂੰ ਨਹੀਂ ਮਿਲੀ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਆਮ ਲੋਕਾਂ ’ਤੇ ਸਖ਼ਤੀ, ਬੱਸ ਵਿੱਚ ਜ਼ਿਆਦਾ ਸਵਾਰੀਆਂ ਭਰਨ ’ਤੇ ਨਰਮੀ
ਬੱਸ ਵਿੱਚ 70 ਤੋਂ ਵਧੇਰੇ ਸਵਾਰੀਆਂ ਬਿਠਾ ਕੇ ਇੰਨ੍ਹੀ ਦੂਰ ਸ਼ਰੇਆਮ ਲਿਜਾਇਆ ਜਾ ਰਿਹਾ ਸੀ ਪਰ ਆਮ ਲੋਕਾਂ ਅਤੇ ਖਾਸਕਰ ਰੇਹੜ੍ਹੀ ਫੜ੍ਹੀ ਵਾਲੇ ਗਰੀਬਾਂ ਵਿਰੁੱਧ ਸਖ਼ਤੀ ਵਰਤਣ ਵਾਲੇ ਜ਼ਿਲਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਇਸ ਪਾਸੇ ਕੋਈ ਸਖਤੀ ਨਹੀਂ ਕੀਤੀ। ਪਤਾ ਲੱਗਾ ਹੈ ਕਿ ਹੁਣ ਤੱਕ 50 ਤੋਂ ਵਧੇਰੇ ਗੇੜੇ ਮੋਗਾ ਦੀਆਂ ਬੱਸਾਂ ਵੱਲੋਂ ਪਿਛਲੇ ਇਕ ਵਰ੍ਹੇ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਛੱਡਣ ਦੇ ਲਿਜਾਏ ਹਨ।

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?

ਰੇਲ ਗੱਡੀਆਂ ਦੇ ਬੰਦ ਹੋਣ ਦਾ ਖਮਿਆਜ਼ਾ ਭੁਗਤ ਰਹੇ ਪ੍ਰਵਾਸੀ ਮਜ਼ਦੂਰ
ਇਸੇ ਦੌਰਾਨ ਇਹ ਤੱਥ ਉੱਭਰਿਆ ਹੈ ਕਿ ਰੇਲ ਗੱਡੀਆਂ ਦੇ ਬੰਦ ਹੋਣ ਦਾ ਸਭ ਤੋਂ ਵੱਡਾ ਖਮਿਆਜਾ ਪ੍ਰਵਾਸੀ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। 450 ਰੁਪਏ ਕਿਰਾਏ ਨਾਲ ਯੂ. ਪੀ. ਬਿਹਾਰ ਜਾਣ ਵਾਲੇ ਪ੍ਰਵਾਸੀ ਮਜ਼ਦੂਰ 1500 ਰੁਪਏ ਲਗਾ ਕੇ ਖੜ੍ਹੇ ਹੋ ਕੇ ਬੱਸਾਂ ਰਾਹੀਂ ਮਜ਼ਬੂਰੀਵੱਸ ਜਾ ਰਹੇ ਹਨ।

ਡਰਾਈਵਰ ਦਾ ਪੱਖ
ਇਸੇ ਦੌਰਾਨ ਹੀ ਡਰਾਈਵਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਬਿਹਾਰ ਮਜ਼ਦੂਰਾਂ ਨੂੰ ਛੱਡਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਾਰੀਆਂ ਦੇ ਜ਼ਿਆਦਾ ਸਬੰਧੀ ਉਨ੍ਹਾਂ ਨੂੰ ਨਹੀਂ ਮਾਲਕਾ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਦਾ ਸਫ਼ਰ ਹੈ। ਬੱਸ ਵਿਚ ਸਵਾਰੀਆਂ ਦੇ ਮਾਸਕ ਅਤੇ ਕਿੱਧਰੇ ਵੀ ਸੋਸ਼ਲ ਡਿਸਟੈਂਸ ਨਾ ਹੋਣ ਸਬੰਧੀ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।

ਪੜ੍ਹੋ ਇਹ ਵੀ ਖਬਰ - ਪੰਥ ’ਚ ਵਾਪਸੀ ਲਈ ਸੁੱਚਾ ਸਿੰਘ ਲੰਗਾਹ ਨੇ ਮੁੜ ਤੋਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ!


author

rajwinder kaur

Content Editor

Related News