ਲਾਕਡਾਊਨ/ਕਰਫਿਊ ਦੇ ਹੁਕਮਾਂ ਨੂੰ ਟਿੱਚ ਜਾਨਣ ਵਾਲਿਆਂ ''ਤੇ ਚੱਲਿਆ ਪੁਲਸ ਦਾ ਡੰਡਾ
Sunday, Aug 23, 2020 - 02:49 PM (IST)
ਜੈਤੋ (ਜਿੰਦਲ) : ਦੇਸ਼ ਵਿਚ ਫੈਲੀ ਭਿਆਨਕ ਮਹਾਮਾਰੀ ਕੋਰੋਨਾ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਸ ਕਪਤਾਨ ਫਰੀਦਕੋਟ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਵੀ ਲਗਾਇਆ ਗਿਆ ਹੈ ਤਾਂ ਕਿ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕੇ।ਜਾਰੀ ਹਦਾਇਤਾਂ ਅਨੁਸਾਰ ਪੁਲਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਲੋਕ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
ਬੀਤੀ ਸ਼ਾਮ ਦਾਣਾ ਮੰਡੀ ਦੇ ਨਜ਼ਦੀਕ ਦੋ ਢਾਬੇ ਖੁੱਲ੍ਹੇ ਹੋਣ ਕਾਰਨ ਪੁਲਸ ਵਲੋਂ ਉਨ੍ਹਾਂ 'ਤੇ ਕੇਸ ਦਰਜ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਚੌਕ ਨੰਬਰ 2 ਵਿਚ ਵੀ ਇਕ ਫਾਸਟ ਫੂਡ ਦੀ ਦੁਕਾਨ (ਟਿੱਕੀਆਂ ਵੇਚਣ ਵਾਲੇ) ਖੁੱਲ੍ਹੀ ਹੋਣ ਕਾਰਣ ਉਸ 'ਤੇ ਵੀ ਕੇਸ ਦਰਜ ਕਰ ਦਿੱਤਾ ਗਿਆ ਹੈ। ਉਪਰੋਕਤ ਜਾਣਕਾਰੀ ਥਾਣਾ ਜੈਤੋ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਸਥਾਨਕ ਡੋਡ ਮੁਹੱਲੇ ਦੇ ਨਜ਼ਦੀਕ ਇਕ ਵਿਅਕਤੀ ਨੂੰ ਦੜਾ ਸੱਟਾ ਲਗਾਉਂਦੇ ਹੋਏ ਜੈਤੋ ਪੁਲਸ ਵਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਪਾਸੋਂ 280 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਸ ਵੱਲੋਂ ਇਸ 'ਤੇ ਵੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।