ਲਾਕਡਾਊਨ ਦੌਰਾਨ ਸ਼ੌਕ ਕੀਤਾ ਪੂਰਾ, ਟਰੈਕਟਰ ''ਤੇ ਵਿਆਹ ਕੇ ਲਿਆਇਆ ਲਾੜੀ

Monday, May 04, 2020 - 07:14 PM (IST)

ਲਾਕਡਾਊਨ ਦੌਰਾਨ ਸ਼ੌਕ ਕੀਤਾ ਪੂਰਾ, ਟਰੈਕਟਰ ''ਤੇ ਵਿਆਹ ਕੇ ਲਿਆਇਆ ਲਾੜੀ

ਬਠਿੰਡਾ (ਜ.ਬ.) : ਕੋਰੋਨਾ ਵਾਇਰਸ ਕਾਰਨ ਕੀਤਾ ਗਿਆ ਲਾਕਡਾਊਨ ਵੀ ਜ਼ਿੰਦਗੀ ਨੂੰ ਰੋਕ ਨਹੀਂ ਪਾਇਆ। ਲਾਕਡਾਊਨ ਦਰਮਿਆਨ ਬਠਿੰਡਾ 'ਚ ਇਕ ਵਿਆਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਲਾੜਾ ਆਪਣੀ ਲਾੜੀ ਨੂੰ ਵਿਆਹੁਣ ਲਈ ਟਰੈਕਟਰ ਨੂੰ ਸਜਾ ਕੇ ਲਿਆਇਆ ਅਤੇ ਦੋਵਾਂ ਲਾੜਾ-ਲਾੜੀ ਵਿਆਹ ਤੋਂ ਬਾਅਦ ਉਕਤ ਟਰੈਕਟਰ 'ਤੇ ਹੀ ਰਵਾਨਾ ਹੋਏ। ਗੁਰੂ ਦੀ ਨਗਰੀ ਵਾਸੀ ਅਰਸ਼ਦੀਪ ਸਿੰਘ ਪੁੱਤਰ ਕੌਰ ਸਿੰਘ ਦਾ ਵਿਆਹ ਆਵਾ ਬਸਤੀ ਦੀ ਕਮਲਦੀਪ ਕੌਰ ਨਾਲ ਸਾਧਾਰਾਨ ਢੰਗ ਨਾਲ ਹੋਇਆ। ਦੋਵੇਂ ਪਰਿਵਾਰਾਂ ਦੇ ਕੁਝ ਕੁ ਮੈਂਬਰ ਵਿਆਹ 'ਚ ਸ਼ਾਮਲ ਹੋਏ। ਇਸ ਦੌਰਾਨ ਸਾਰਿਆਂ ਨੇ ਮਾਸਕ ਪਾ ਅਤੇ ਨਿਯਮਾਂ ਦੀ ਪਾਲਣਾ ਕਰ ਕੇ ਪ੍ਰੋਗਰਾਮ 'ਚ ਹਿੱਸਾ ਲਿਆ। ਮੰਦਰ ਵਿਚ ਵਰਮਾਲਾ ਪਾ ਕੇ ਅਤੇ ਹੋਰ ਰਸਮਾਂ ਦੇ ਨਾਲ ਉਕਤ ਵਿਆਹ ਹੋਇਆ।

ਵਿਆਹ ਦੀ ਵਿਸ਼ੇਸ਼ ਗੱਲ ਇਹ ਹੈ ਕਿ ਲਾੜਾ ਆਪਣੀ ਲਾੜੀ ਨੂੰ ਲੈ ਕੇ ਜਾਣ ਲਈ ਟਰੈਕਟਰ 'ਤੇ ਸਵਾਰ ਹੋ ਕੇ ਆਇਆ ਅਤੇ ਵਿਆਹ ਤੋਂ ਬਾਅਦ ਦੋਵੇਂ ਲਾੜਾ-ਲਾੜੀ ਟਰੈਕਟਰ 'ਤੇ ਹੀ ਘਰ ਲਈ ਰਵਾਨਾ ਹੋਏ। ਰਸਤੇ 'ਚ ਵੀ ਲੋਕ ਇਸ ਨਵੀਂ ਵਿਆਹ ਜੋੜੀ ਨੂੰ ਨਿਹਾਰਦੇ ਵੇਖੇ ਗਏ। ਇਸ ਦੌਰਾਨ ਰਸਤੇ 'ਚ ਕੁਝ ਸਮਾਜਸੇਵੀ ਸੰਗਠਨਾਂ ਵਲੋਂ ਇਸ ਜੋੜੀ ਨੂੰ ਸਨਮਾਨਤ ਕੀਤਾ ਗਿਆ ਅਤੇ ਆਸ਼ੀਰਵਾਦ ਦਿੱਤਾ ਗਿਆ। ਹਾਜੀਰਤਨ ਚੌਕ 'ਚ ਨਾਕੇ ਦੌਰਾਨ ਤਾਇਨਾਤ ਪੁਲਸ ਦੀ ਟੀਮ ਨੇ ਉਕਤ ਜੋੜੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਲਾੜਾ ਅਰਸ਼ਦੀਪ ਨੇ ਦੱਸਿਆ ਕਿ ਉਨ੍ਹਾਂ ਟਰੈਕਟਰ ਦਾ ਬਹੁਤ ਸ਼ੌਕ ਸੀ, ਜਿਸ ਕਰਕੇ ਉਨ੍ਹਾਂ ਟਰੈਕਟਰ 'ਤੇ ਹੀ ਡੋਲੀ ਲਿਆਉਣ ਦਾ ਫੈਸਲਾ ਕੀਤਾ।


author

Gurminder Singh

Content Editor

Related News