ਨਵਾਂਸ਼ਹਿਰ ''ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲੱਗੀ ਮਾਛੀਵਾੜਾ ਪੁਲਸ

01/21/2020 3:32:05 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜ੍ਹੇ ਵਗਦੇ ਸਤਲੁਜ ਦਰਿਆ ਦੇ ਜ਼ਿਲ੍ਹਾ ਨਵਾਂਸ਼ਹਿਰ ਦੀ ਹਦੂਦ 'ਚ ਪੈਂਦੇ ਖੇਤਰ 'ਚ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ 'ਚ ਉਥੋਂ ਦੀ ਪੁਲਸ ਤਾਂ ਨਾਕਾਮ ਦਿਖ ਰਹੀ ਹੈ ਪਰ ਮਾਛੀਵਾੜਾ ਪੁਲਸ ਨੇ ਇਸ ਨੂੰ ਨੱਥ ਪਾਉਂਦਿਆਂ 3 ਨਾਜਾਇਜ਼ ਰੇਤੇ ਦੇ ਭਰੇ ਟਿੱਪਰ ਕਾਬੂ ਕਰ ਉਨ੍ਹਾਂ ਦੇ ਚਾਲਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰਾਤ ਨੂੰ ਸਤਲੁਜ ਦਰਿਆ ਦੇ ਪੁਲ ਤੋਂ ਪਾਰ ਨਾਜਾਇਜ਼ ਰੇਤੇ ਦੀ ਮਾਈਨਿੰਗ ਕਰ ਭਰੇ ਟਿੱਪਰ ਮਾਛੀਵਾੜਾ ਵੱਲ ਨੂੰ ਆਉਂਦੇ ਹਨ, ਜਿਸ 'ਤੇ ਪੁਲਸ ਵਲੋਂ ਇਸ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਸੀ।

ਥਾਣਾ ਮੁਖੀ ਅਨੁਸਾਰ ਬੀਤੀ ਰਾਤ ਸਹਾਇਕ ਥਾਣੇਦਾਰ ਵਿਪਨ ਕੁਮਾਰ ਅਤੇ ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਮਾਛੀਵਾੜਾ ਅਨਾਜ ਮੰਡੀ ਨੇੜ੍ਹੇ ਗਸ਼ਤ ਕਰ ਰਹੇ ਸਨ ਕਿ ਕਿਸੇ ਮੁਖ਼ਬਰ ਨੇ ਆ ਕੇ ਸੂਚਨਾ ਦਿੱਤੀ ਕਿ ਰੇਤੇ ਦੇ ਭਰੇ 2 ਟਿੱਪਰ ਸਤਲੁਜ ਦਰਿਆ 'ਚੋਂ ਮਾਈਨਿੰਗ ਵਿਭਾਗ ਦੀ ਮਨਜ਼ੂਰੀ ਤੋਂ ਬਿਨ੍ਹਾਂ ਚੋਰੀ ਕਰਕੇ ਰਾਹੋਂ ਤੋਂ ਮਾਛੀਵਾੜਾ ਵੱਲ ਨੂੰ ਆ ਰਹੇ ਹਨ, ਜਿਸ 'ਤੇ ਪੁਲਸ ਨੇ ਨਾਕਾਬੰਦੀ ਕਰ ਇਹ ਦੋਵੇਂ ਟਿੱਪਰ ਕਾਬੂ ਕਰ ਲਏ ਅਤੇ ਉਨ੍ਹਾਂ ਦੇ ਚਾਲਕ ਸੁਖਵਿੰਦਰ ਸਿੰਘ ਵਾਸੀ ਥੋਪੀਆ ਥਾਣਾ ਬਲਾਚੌਰ ਅਤੇ ਜਸਵੰਤ ਸਿੰਘ ਵਾਸੀ ਪਿੰਡ ਸਲਾਨਾ ਥਾਣਾ ਅਮਲੋਹ ਨੂੰ ਗ੍ਰਿਫ਼ਤਾਰ ਕਰ ਲਿਆ।
ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਹੀ ਟਿੱਪਰ ਚਾਲਕ ਆਪਣੇ ਕੋਲ ਰੇਤੇ ਦੀ ਮਾਈਨਿੰਗ ਸਬੰਧੀ ਕੋਈ ਵੀ ਮਨਜ਼ੂਰਸ਼ੁਦਾ ਦਸਤਾਵੇਜ਼ ਨਾ ਦਿਖਾ ਸਕੇ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਵੀ ਪੁਲਿਸ ਵਲੋਂ ਇੱਕ ਹੋਰ ਟਿੱਪਰ ਨੂੰ ਨਜਾਇਜ਼ ਮਾਈਨਿੰਗ ਦੇ ਮਾਮਲੇ 'ਚ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ 'ਚ ਨਜਾਇਜ਼ ਮਾਈਨਿੰਗ ਮੁਕੰਮਲ ਤੌਰ 'ਤੇ ਪਾਬੰਦੀ ਹੈ ਅਤੇ ਅੱਜ ਮਾਛੀਵਾੜਾ ਖੇਤਰ 'ਚ ਕੋਈ ਵੀ ਨਜਾਇਜ਼ ਮਾਈਨਿੰਗ ਕਰ ਰੇਤਾ ਲੈ ਕੇ  ਆਉਂਦਾ ਦਿਖਾਈ ਦਿੱਤਾ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।


Babita

Content Editor

Related News