ਚੰਡੀਗੜ੍ਹ ਦੇ ਏਲਾਂਤੇ ਮਾਲ ਦੀ ਹੈਰਾਨ ਕਰਦੀ ਘਟਨਾ, ਭਟੂਰੇ 'ਚੋਂ ਨਿਕਲੀ ਛਿਪਕਲੀ

Wednesday, Jun 15, 2022 - 02:14 PM (IST)

ਚੰਡੀਗੜ੍ਹ ਦੇ ਏਲਾਂਤੇ ਮਾਲ ਦੀ ਹੈਰਾਨ ਕਰਦੀ ਘਟਨਾ, ਭਟੂਰੇ 'ਚੋਂ ਨਿਕਲੀ ਛਿਪਕਲੀ

ਚੰਡੀਗੜ੍ਹ (ਪਾਲ) : ਸ਼ਹਿਰ ਦੇ ਏਲਾਂਤੇ ਮਾਲ 'ਚ ਬਣੇ ਫੂਡ ਕੋਰਟ ਦੇ ਰੈਸਟੋਰੈਂਟ ਦੇ ਖਾਣੇ ਵਿਚੋਂ ਛਿਪਕਲੀ ਮਿਲਣ ਨਾਲ ਹੜਕੰਪ ਮਚ ਗਿਆ। ਖਾਣੇ ਵਿਚ ਛਿਪਕਲੀ ਮਿਲਣ ਦੀ ਸੂਚਨਾ ਮਿਲਣ ’ਤੇ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਥਾਣਾ ਪੁਲਸ ਨੇ ਚੰਡੀਗੜ੍ਹ ਦੇ ਸੈਕਟਰ-15 ਦੇ ਜੇ. ਕੇ. ਬਾਂਸਲ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਕਟਰ-15 ਨਿਵਾਸੀ ਡਾ. ਜੇ. ਕੇ. ਬਾਂਸਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਡਾ. ਰਿਤਾ ਬਾਂਸਲ ਖਾਣਾ ਖਾਣ ਲਈ ਮੰਗਲਵਾਰ ਸ਼ਾਮ ਨੂੰ ਏਲਾਂਤੇ ਮਾਲ ਦੇ ਫੂਡ ਕੋਰਟ ਦੇ ਰੈਸਟੋਰੈਂਟ ਵਿਚ ਆਏ ਸਨ।

ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ਨੂੰ ਅੱਜ ਰਵਾਨਾ ਹੋਣਗੀਆਂ ਸਰਕਾਰੀ ਬੱਸਾਂ, CM ਮਾਨ ਤੇ ਕੇਜਰੀਵਾਲ ਦੇਣਗੇ ਹਰੀ ਝੰਡੀ

ਉਨ੍ਹਾਂ ਨੇ ਖਾਣੇ ਲਈ ਛੋਲੇ-ਭਟੂਰਿਆਂ ਦਾ ਆਰਡਰ ਦਿੱਤਾ। ਆਰਡਰ ਆਉਣ ਤੋਂ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਪਲੇਟ ਵਿਚ ਇਕ ਛਿਪਕਲੀ ਨਜ਼ਰ ਆਈ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਸਿਹਤ ਖ਼ਰਾਬ ਹੋਣ ਲੱਗ ਪਈ। ਸ਼ਿਕਾਇਤਕਰਤਾ ਖ਼ੁਦ ਵੀ ਇਸ ਗੱਲ ਤੋਂ ਹੈਰਾਨ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਉੱਥੇ ਤਾਇਨਾਤ ਮੁਲਾਜ਼ਮ ਨੂੰ ਕੀਤੀ ਪਰ ਰੈਸਟੋਰੈਂਟ ਸਟਾਫ਼ ਦਾ ਰਵੱਈਆ ਸ਼ਿਕਾਇਤਕਰਤਾ ਦੇ ਨਾਲ ਗਲਤ ਰਿਹਾ। ਇਸ ਦਾ ਉਨ੍ਹਾਂ ਨੇ ਵਿਰੋਧ ਵੀ ਕੀਤਾ। ਅਖ਼ੀਰ ਵਿਚ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਥਾਣਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪੁਲਸ ਸੱਦ ਕੇ ਉਨ੍ਹਾਂ ਨੇ ਲਿਖ਼ਤੀ ਸ਼ਿਕਾਇਤ ਕੀਤੀ ਅਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਦੇ ਆਉਣ ਤੋਂ ਪਹਿਲਾਂ 'ਜਲੰਧਰ' 'ਚ ਮਾਹੌਲ ਵਿਗਾੜਨ ਦੀ ਕੋਸ਼ਿਸ਼, ਕੰਧਾਂ 'ਤੇ ਲਿਖੇ ਖ਼ਾਲਿਸਤਾਨ ਦੇ ਨਾਅਰੇ
ਰੈਸਟੋਰੈਂਟ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ
ਇੰਨਾ ਹੀ ਨਹੀਂ, ਜਦੋਂ ਇਸ ਗੱਲ ਦੀ ਜਾਣਕਾਰੀ ਰੈਸਟੋਰੈਂਟ 'ਚ ਤਾਇਨਾਤ ਮੁਲਾਜ਼ਮਾਂ ਤੋਂ ਲਈ ਗਈ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਬੇ-ਬੁਨਿਆਦ ਕਰਾਰ ਦਿੱਤਾ। ਸਟਾਫ਼ ਵੱਲੋਂ ਕਿਹਾ ਗਿਆ ਕਿ ਇਹ ਛਿਪਕਲੀ ਉੱਪਰੋਂ ਡਿੱਗੀ ਹੋ ਸਕਦੀ ਹੈ ਨਾ ਕਿ ਉਨ੍ਹਾਂ ਦੇ ਖਾਣੇ 'ਚ ਬਣ ਕੇ ਆਈ ਹੈ। ਸਟਾਫ਼ ਨੇ ਬਦਸਲੂਕੀ ਦੇ ਦੋਸ਼ਾਂ ਨੂੰ ਵੀ ਬੇ-ਬੁਨਿਆਦ ਕਰਾਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News