ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਵੀ ਹੋਇਆ ਸੰਪੰਨ, ਪੰਜਾਬ 'ਚ ਹੋਈ ਕੁੱਲ 62.80 ਫ਼ੀਸਦੀ ਵੋਟਿੰਗ

06/02/2024 5:50:32 AM

ਜਲੰਧਰ (ਵੈੱਬ ਡੈਸਕ) : ਪੰਜਾਬ ਵਿਚ ਲੋਕ ਸਭਾ ਚੋਣਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਸੀ, ਜੋ ਹੁਣ ਸਮਾਪਤ ਹੋ ਗਿਆ ਹੈ। ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਪੋਲਿੰਗ ਬੂਥਾਂ 'ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਣ ਲਈ ਚੋਣ ਕਮਿਸ਼ਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। 

 ਪੰਜਾਬ ’ਚ ਵੋਟਿੰਗ ਖ਼ਤਮ ਹੋਣ ਤੱਕ 62.80 ਫੀਸਦੀ ਹੋਈ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 56.06 ਫ਼ੀਸਦੀ, ਅਨੰਦਪੁਰ ਸਾਹਿਬ ’ਚ 61.98 ਫੀਸਦੀ, ਬਠਿੰਡਾ ’ਚ 69.36 ਫੀਸਦੀ, ਫਰੀਦਕੋਟ ’ਚ 63.34 ਫੀਸਦੀ, ਫਤਹਿਗੜ੍ਹ ਸਾਹਿਬ ’ਚ 62.53 ਫੀਸਦੀ, ਫਿਰੋਜ਼ਪੁਰ ’ਚ 67.02 ਫੀਸਦੀ, ਗੁਰਦਾਸਪੁਰ ’ਚ 66.67 ਫੀਸਦੀ, ਹੁਸ਼ਿਆਰਪੁਰ ’ਚ 58.86 ਫੀਸਦੀ, ਜਲੰਧਰ ’ਚ 59.70 ਫੀਸਦੀ, ਖਡੂਰ ਸਾਹਿਬ ’ਚ 62.55 ਫੀਸਦੀ, ਲੁਧਿਆਣਾ ’ਚ 60.12 ਫੀਸਦੀ, ਪਟਿਆਲਾ ’ਚ 63.63 ਫੀਸਦੀ ਅਤੇ ਸੰਗਰੂਰ ’ਚ 64.63 ਫੀਸਦੀ ਵੋਟਿੰਗ ਹੋਈ ਹੈ। ਸਭ ਤੋਂ ਘੱਟ ਵੋਟਿੰਗ ਅੰਮ੍ਰਿਤਸਰ (56.06 ਫ਼ੀਸਦੀ) 'ਚ ਜਦਕਿ ਸਭ ਤੋਂ ਵੱਧ ਵੋਟਿੰਗ ਬਠਿੰਡਾ (69.36 ਫ਼ੀਸਦੀ) ਦੇਖਣ ਨੂੰ ਮਿਲੀ।

► ਪੰਜਾਬ ਭਰ ਵਿੱਚ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਸੀ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦਾ ਦੌਰਾ ਕਰਨ ਸਮੇਂ ਪਤਾ ਲੱਗਾ ਕਿ ਸ਼ਹਿਰ ਵਿੱਚ ਲੌਕਡਾਊਨ ਜਾਂ ਕਰਫਿਊ ਵਰਗੇ ਹਾਲਾਤ ਬਣੇ ਹੋਏ ਸਨ। ਚੋਣਾਂ ਵਾਲੇ ਦਿਨ ਗੁਰਦਾਸਪੁਰ ਦੀਆਂ ਸੜਕਾਂ 'ਤੇ ਸੰਨਾਟਾ ਪਿਆ ਹੋਇਆ ਸੀ ਅਤੇ ਬਾਜ਼ਾਰਾਂ 'ਚ ਕੋਈ ਗਾਹਕ ਦਿਖਾਈ ਨਹੀਂ ਦਿੱਤਾ। ਬੇਸ਼ੱਕ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਸਨ ਪਰ ਦੁਕਾਨਦਾਰ ਬਿਨਾਂ ਕੋਈ ਕੰਮ ਕੀਤੇ ਦੁਕਾਨਾਂ ’ਤੇ ਬੈਠੇ ਹੋਏ ਵਿਖਾਈ ਦਿੱਤੇ। 

PunjabKesari

ਉਥੇ ਹੀ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਵੱਲੋ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨ ਦੇ ਰੁਝਾਨ ਵਿਚ ਜ਼ਿਆਦਾ ਗਰਮੀ ਦੇ ਚੱਲਦਿਆ ਕਮੀ ਦਿਖਾਈ ਦਿੱਤੀ। ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਪੱਤਰਕਾਰਾਂ ਵੱਲੋਂ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ, ਮਮਦੋਟ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੱਗੇ ਪੋਲਿੰਗ ਬੂਥਾਂ ਦੇ ਦੌਰੇ ਦੌਰਾਨ ਪ੍ਰੋਜਾਇਡਿੰਗ ਅਫ਼ਸਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਵੋਟਰਾਂ ਵੱਲੋਂ ਵੋਟਿੰਗ ਕਰਨ ਦੀ ਰਫ਼ਤਾਰ ਢਿੱਲੀ ਦਿਖਾਈ ਦਿੱਤੀ। ਇਸ ਵਾਰ ਵੱਖ-ਵੱਖ ਪਿੰਡਾਂ ਵਿਚ ਬਣੇ ਪੋਲਿੰਗ ਬੂਥਾਂ 'ਤੇ ਇਹ ਗੱਲ ਵੇਖਣ ਨੂੰ ਮਿਲੀ ਕਿ ਵੋਟਰ ਆਪਣਾ ਵੋਟ ਕਿਸ ਪਾਰਟੀ ਨੂੰ ਪਾ ਰਹੇ ਹਨ ਦਾ ਭੇਦ ਗੁੱਝਾ ਰੱਖਦਾ ਦਿਖਾਈ ਦਿੱਤਾ, ਜਿਸ ਕਰਕੇ ਕਿਸੇ ਵੀ ਪਾਰਟੀ ਦੀ ਜਿੱਤ ਹਾਰ ਦਾ ਅੰਦਾਜ਼ਾ ਲਗਾਉਣਾ ਔਖਾ ਹੋ ਰਿਹਾ ਹੈ। 

PunjabKesari

► ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਵਿਚ ਅੱਜ ਇਕ 103 ਸਾਲਾ ਵਿਅਕਤੀ ਅਤੇ ਉਸਦੀ 100 ਸਾਲਾ ਪਤਨੀ ਨੇ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ, ਜਿਨ੍ਹਾ ਨੂੰ ਪੋਲਿੰਗ ਬੂਥ ਸਟਾਫ਼ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਦਾਰ ਦਿਲਬਾਗ ਸਿੰਘ ਵਿਰਕ ਨੇ ਦੱਸਿਆ ਕਿ ਸਟਾਫ਼ ਨੇ ਇਸ ਜੋੜੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਤ ਦੀ ਗਰਮੀ ਵਿਚ ਅਤੇ ਇਸ ਉਮਰ ਵਿਚ ਦੋਵਾਂ ਪਤੀ-ਪਤਨੀ ਨੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਗਏ ਵੋਟ ਦੇ ਅਧਿਕਾਰ ਨੂੰ ਵਫ਼ਾਦਾਰੀ ਨਾਲ ਨਿਭਾਇਆ ਹੈ। 

PunjabKesari

ਪੰਜਾਬ ’ਚ 5 ਵਜੇ ਤੱਕ 55.20 ਫੀਸਦੀ ਹੋਈ ਵੋਟਿੰਗ ਹੋਈ- ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 48.55 ਫ਼ੀਸਦੀ, ਅਨੰਦਪੁਰ ਸਾਹਿਬ ’ਚ 55.02 ਫੀਸਦੀ, ਬਠਿੰਡਾ ’ਚ 59.25 ਫੀਸਦੀ, ਫਰੀਦਕੋਟ ’ਚ 54.38 ਫੀਸਦੀ, ਫਤਹਿਗੜ੍ਹ ਸਾਹਿਬ ’ਚ 54.55 ਫੀਸਦੀ, ਫਿਰੋਜ਼ਪੁਰ ’ਚ 57.68 ਫੀਸਦੀ, ਗੁਰਦਾਸਪੁਰ ’ਚ 58.34 ਫੀਸਦੀ, ਹੁਸ਼ਿਆਰਪੁਰ ’ਚ 52.39 ਫੀਸਦੀ, ਜਲੰਧਰ ’ਚ 53.66 ਫੀਸਦੀ, ਖਡੂਰ ਸਾਹਿਬ ’ਚ 55.90 ਫੀਸਦੀ, ਲੁਧਿਆਣਾ ’ਚ 52.22 ਫੀਸਦੀ, ਪਟਿਆਲਾ ’ਚ 58.18 ਫੀਸਦੀ ਅਤੇ ਸੰਗਰੂਰ ’ਚ 57.21 ਫੀਸਦੀ ਵੋਟਿੰਗ ਹੋਈ ਹੈ।

ਪੰਜਾਬ ’ਚ 3 ਵਜੇ ਤੱਕ 46.38 ਫੀਸਦੀ ਹੋਈ ਵੋਟਿੰਗ ਹੋਈ - ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 41.74 ਫ਼ੀਸਦੀ, ਅਨੰਦਪੁਰ ਸਾਹਿਬ ’ਚ 47.14 ਫੀਸਦੀ, ਬਠਿੰਡਾ ’ਚ 48.95 ਫੀਸਦੀ, ਫਰੀਦਕੋਟ ’ਚ 45.16 ਫੀਸਦੀ, ਫਤਹਿਗੜ੍ਹ ਸਾਹਿਬ ’ਚ 45.55 ਫੀਸਦੀ, ਫਿਰੋਜ਼ਪੁਰ ’ਚ 48.55 ਫੀਸਦੀ, ਗੁਰਦਾਸਪੁਰ ’ਚ 49.10 ਫੀਸਦੀ, ਹੁਸ਼ਿਆਰਪੁਰ ’ਚ 44.65 ਫੀਸਦੀ, ਜਲੰਧਰ ’ਚ 45.66 ਫੀਸਦੀ, ਖਡੂਰ ਸਾਹਿਬ ’ਚ 46.54 ਫੀਸਦੀ, ਲੁਧਿਆਣਾ ’ਚ 43.82 ਫੀਸਦੀ, ਪਟਿਆਲਾ ’ਚ 48.93 ਫੀਸਦੀ ਅਤੇ ਸੰਗਰੂਰ ’ਚ 46.84 ਫੀਸਦੀ ਵੋਟਿੰਗ ਹੋਈ ਸੀ।

► ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਆਪਣੇ ਜੱਦੀ ਪਿੰਡ ਤਲਾਣੀਆਂ ਵਿਖੇ ਪਹੁੰਚ ਕੇ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੰਗਰੂਰ ਹਲਕੇ ਵਿੱਚ ਬੇਤਹਾਸ਼ਾ ਵਿਕਾਸ ਕਰਵਾਇਆ ਗਿਆ ਹੈ, ਜਿਸ ਨੂੰ ਦੇਖਦਿਆਂ ਹੋਇਆ ਸੰਗਰੂਰ ਨਿਵਾਸੀ ਉਨ੍ਹਾਂ ਨੂੰ ਇਸ ਵਾਰ ਫਿਰ ਚੋਣ ਜਤਾ ਕੇ ਸੇਵਾ ਦਾ ਮੌਕਾ ਜ਼ਰੂਰ ਦੇਣਗੇ। 

PunjabKesari

►  ਅੱਜ ਲੋਕ ਸਭਾ ਚੋਣਾਂ ਦੀ ਚੱਲ ਰਹੀ ਪੋਲਿੰਗ ਦੇ ਮੱਦੇਨਜ਼ਰ ਪਟਿਆਲਾ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ ਕਰਦਿਆਂ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜਿੱਥੇ ਉਨ੍ਹਾਂ ਪੁਲਸ ਅਮਲੇ ਦਾ ਹਾਲ ਚਾਲ ਪੁੱਛਿਆ, ਉਥੇ ਉਨ੍ਹਾਂ ਵੱਲੋਂ ਅੱਤ ਦੀ ਗਰਮੀ ਵਿੱਚ ਕੀਤੀ ਜਾ ਰਹੀ ਡਿਊਟੀ ਬਦਲੇ ਉਹਨਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ। ਇਸ ਮੌਕੇ ਡੀ.ਐੱਸ.ਪੀ. ਧੂਰੀ ਤਲਵਿੰਦਰ ਸਿੰਘ ਗਿੱਲ ਅਤੇ ਐੱਸ.ਐੱਚ.ਓ ਸਿਟੀ ਸੌਰਭ ਸੱਭਰਵਾਲ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਪੁਲਸ ਅਧਿਕਾਰੀ ਉਨ੍ਹਾਂ ਨਾਲ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਵੋਟਰਾਂ ਵੱਲੋਂ ਪੂਰੀ ਅਮਨ-ਸ਼ਾਂਤੀ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। 

►  ਪੰਜਾਬ ਵਿਚ ਚੱਲ ਰਹੀ ਵੋਟਿੰਗ ਵਿਚਾਲੇ ਕਈ ਥਾਵਾਂ ਤੋਂ ਝੜਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦਰਮਿਆਨ ਆਦਮਪੁਰ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਹਰਿਆਣਾ ਵਿਚ ਵੀ ਝੜਪ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਇਕ ਬੂਥ 'ਤੇ ਕਾਂਗਰਸੀ ਵਰਕਰਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਆਪਸੀ ਟਕਰਾਅ ਹੋ ਗਿਆ। ਝਗੜੇ ਦਾ ਕਾਰਨ ਆਪਸੀ ਰੰਜਿਸ਼  ਦੱਸਿਆ ਜਾ ਰਿਹਾ ਹੈ।

PunjabKesari

►  ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਵੋਟਾਂ ਪੈ ਰਹੀਆਂ ਹਨ। ਵੋਟਿੰਗ ਦੌਰਾਨ ਜਿੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਧਰਮ ਪਤਨੀ ਡਾ.ਗੁਰਪ੍ਰੀਤ ਕੌਰ ਮਾਨ ਨਾਲ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਮੰਗਵਾਲ ਵਿਖੇ ਵੋਟ ਪੋਲਿੰਗ ਕੀਤੀ। ਉੱਥੇ ਹੀ ਉਨ੍ਹਾਂ ਦੇ ਮਾਤਾ ਹਰਪਾਲ ਕੌਰ ਵਲੋਂ ਆਪਣੀ ਵੋਟ ਆਪਣੇ ਜੱਦੀ ਪਿੰਡ ਸਤੌਜ ਵਿਖੇ ਪੋਲ ਕੀਤੀ ਗਈ। ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਮਾਨ ਦੇ ਮਾਤਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਇੱਕ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। 

PunjabKesari

► ਪੰਜਾਬ ਵਿਚ ਚੱਲ ਰਹੀ ਵੋਟਿੰਗ ਦਰਮਿਆਨ ਭਾਜਪਾ ਉਮੀਦਵਾਰ ਸੁਸ਼ੀਲ  ਕੁਮਾਰ ਰਿੰਕੂ ਵੱਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਪਰਿਵਾਰ ਸਮੇਤ ਵੋਟ ਪਾਈ ਗਈ। ਵੋਟ ਪਾਉਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਸ਼ੀਲ ਰਿੰਕੂ ਨੇ ਕਿਹਾ ਕਿ ਭਾਜਪਾ ਵਰਕਰਾਂ ਨੇ ਮਿਹਨਤ ਕਰਕੇ ਜੋ ਫ਼ਸਲ ਬਿਜੀ ਸੀ, ਉਸ ਫ਼ਸਲ ਨੂੰ ਅੱਜ ਸਾਰੇ ਵਰਕਰ ਸੰਭਾਲ ਰਹੇ ਹਨ। ਜਿਸ ਤਰ੍ਹਾਂ ਨਾਲ ਜਲੰਧਰ ਵਿਖੇ ਸਾਡੇ ਵਰਕਰ ਉਤਸ਼ਾਹਤ ਵਿਖਾਈ ਦੇ ਰਹੇ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ 4 ਜੂਨ ਨੂੰ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ।

PunjabKesari

► ਦੱਸ ਦਈਏ ਕਿ ਪੰਜਾਬ ’ਚ 1 ਵਜੇ ਤੱਕ 37.80 ਫੀਸਦੀ ਹੋਈ ਵੋਟਿੰਗ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 32.18 ਫ਼ੀਸਦੀ, ਅਨੰਦਪੁਰ ਸਾਹਿਬ ’ਚ 37.43 ਫੀਸਦੀ, ਬਠਿੰਡਾ ’ਚ 41.17 ਫੀਸਦੀ, ਫਰੀਦਕੋਟ ’ਚ 36.82 ਫੀਸਦੀ, ਫਤਹਿਗੜ੍ਹ ਸਾਹਿਬ ’ਚ 37.43 ਫੀਸਦੀ, ਫਿਰੋਜ਼ਪੁਰ ’ਚ 39.74 ਫੀਸਦੀ, ਗੁਰਦਾਸਪੁਰ ’ਚ 39.05 ਫੀਸਦੀ, ਹੁਸ਼ਿਆਰਪੁਰ ’ਚ 37.07 ਫੀਸਦੀ, ਜਲੰਧਰ ’ਚ 37.95 ਫੀਸਦੀ, ਖਡੂਰ ਸਾਹਿਬ ’ਚ 37.76 ਫੀਸਦੀ, ਲੁਧਿਆਣਾ ’ਚ 35.16 ਫੀਸਦੀ, ਪਟਿਆਲਾ ’ਚ 39.73 ਫੀਸਦੀ ਅਤੇ ਸੰਗਰੂਰ ’ਚ 39.85 ਫੀਸਦੀ ਵੋਟਿੰਗ ਹੋਈ ਹੈ।

PunjabKesari

► ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ’ਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਗਿਆ ਹੈ। ਗੁਰੂਹਰਸਹਾਏ ਦੇ ਐੱਸ. ਡੀ. ਐੱਮ. ਗਗਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅਧੀਨ ਪਿੰਡ ਜੀਵਾਂ ਅਰਾਈਂ ਵਿਖੇ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਨੇ ਆਪਣੀ ਵੋਟ ਪੋਲ ਕਰਦਿਆਂ ਦੀ ਵੀਡੀਓ ਬਣਾ ਕੇ ਜਨਤਕ ਕਰਨ ਦੇ ਦੋਸ਼ਾਂ ਅਧੀਨ ਥਾਣਾ ਗੁਰੂਹਰਸਹਾਏ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

PunjabKesari

► ਪੰਜਾਬ ਵਿਚ ਸ਼ਾਂਤੀਪੂਰਨ ਚੱਲ ਰਹੀ ਵੋਟਿੰਗ ਵਿਚਾਲੇ ਆਦਮਪੁਰ ਵਿਚ ਖ਼ੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮੰਸੂਰਪੁਰ ਬਟਾਲਾ ਵਿੱਚ ਪੋਲਿੰਗ ਬੂਥ 'ਤੇ ਖ਼ੂਨੀ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸ ਦੇ ਪੋਲਿੰਗ ਏਜੰਟ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਜ਼ਖ਼ਮੀ ਹਾਲਾਤ ਵਿਚ ਉਨ੍ਹਾਂ ਨੂੰ ਆਦਮਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

PunjabKesari

► ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਆਪਣੇ ਪੱਕੇ ਪਿੰਡ ਭਰਾਜ ਵਿਖੇ ਆਪਣੇ ਮਾਤਾ ਪਿਤਾ ਤੇ ਪੁੱਤਰ ਸਮੇਤ ਪੋਲਿੰਗ ਬੂਥ ’ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਦੇਸ਼ ਅੰਦਰ ਲੋਕਤੰਤਰ ਦੀ ਬਹਾਲੀ ਨੂੰ ਕਾਇਮ ਰੱਖਣ ਲਈ ਦੇਸ਼ ਦੇ ਹਰ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 

PunjabKesari

ਦੱਸ ਦਈਏ ਕਿ ਪੰਜਾਬ ’ਚ 11 ਵਡੇ ਤੱਕ 23.91 ਫੀਸਦੀ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 20.17 ਫ਼ੀਸਦੀ, ਅਨੰਦਪੁਰ ਸਾਹਿਬ ’ਚ 23.99 ਫੀਸਦੀ, ਬਠਿੰਡਾ ’ਚ 26.56 ਫੀਸਦੀ, ਫਰੀਦਕੋਟ ’ਚ 22.41 ਫੀਸਦੀ, ਫਤਹਿਗੜ੍ਹ ਸਾਹਿਬ ’ਚ 22.69 ਫੀਸਦੀ, ਫਿਰੋਜ਼ਪੁਰ ’ਚ 25.73 ਫੀਸਦੀ, ਗੁਰਦਾਸਪੁਰ ’ਚ 24.72 ਫੀਸਦੀ, ਹੁਸ਼ਿਆਰਪੁਰ ’ਚ 22.74 ਫੀਸਦੀ, ਜਲੰਧਰ ’ਚ 24.59 ਫੀਸਦੀ, ਖਡੂਰ ਸਾਹਿਬ ’ਚ 23.46 ਫੀਸਦੀ, ਲੁਧਿਆਣਾ ’ਚ 22.19 ਫੀਸਦੀ, ਪਟਿਆਲਾ ’ਚ 25.18 ਫੀਸਦੀ ਅਤੇ ਸੰਗਰੂਰ ’ਚ 26.26 ਫੀਸਦੀ ਵੋਟਿੰਗ ਹੋਈ ਹੈ।

PunjabKesari

► ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਸ਼ਨੀਵਾਰ (1 ਜੂਨ) ਨੂੰ ਆਪਣੇ ਜੱਦੀ ਸ਼ਹਿਰ ਜਲੰਧਰ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਆਪਣੀ ਵੋਟ ਪਾਈ। 'ਆਪ' ਦੇ ਰਾਜ ਸਭਾ ਮੈਂਬਰ ਨੇ ਜਲੰਧਰ ਦੇ ਵੋਟਰਾਂ ਨੂੰ ਵੀ ਵੱਡੀ ਗਿਣਤੀ 'ਚ ਬਾਹਰ ਆਉਣ ਅਤੇ ਵੋਟ ਪਾਉਣ ਦੀ ਅਪੀਲ ਕੀਤੀ।  ਹਰਭਜਨ(43) ਨੇ ਕਿਹਾ ਕਿ ਜਦੋਂ ਕੋਈ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਦਾ ਹੈ ਤਾਂ ਕੋਈ ਵੀਆਈਪੀ ਕਲਚਰ ਨਹੀਂ ਹੋਣਾ ਚਾਹੀਦਾ ਅਤੇ ਹਰ ਕਿਸੇ ਨੂੰ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹਾ ਹੋਣਾ ਚਾਹੀਦਾ ਹੈ।

PunjabKesari

► ਅੱਜ ਚੋਣਾਂ ਦਾ ਮਹਾਂ ਕੁੰਭ ਹੈ ਅਤੇ ਸੱਤਵੇਂ ਗੇੜ ਵਿਚ ਅੱਜ ਪੰਜਾਬ ਵਿਚ ਵੀ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਅੱਜ ਆਪਣੀ ਵੋਟ ਕਾਸ ਕਰਨ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਪਰਿਵਾਰ ਸਮੇਤ ਆਪਣੇ ਪਿੰਡ ਗੰਭੀਰਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਲਾਈਨ ਵਿਚ ਲੱਗ ਕੇ ਆਪਣਾ ਵੋਟ ਕਾਸਟ ਕੀਤਾ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਨੁਸ਼ਾਸਨ ਵਿਚ ਰਹਿ ਕੇ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਉਨ੍ਹਾਂ ਨੇ ਵਾਤਾਵਰਣ ਨੂੰ ਵੀ ਸੰਭਾਲਣ ਦੀ ਅਪੀਲ ਕੀਤੀ। 

PunjabKesari

► ਪੰਜਾਬ ਵਿਚ ਲੋਕ ਸਭਾ ਚੋਣਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਹੌਟ ਸੀਟ ਫਰੀਦਕੋਟ ਦੇ ਅਧੀਨ ਆਉਂਦੇ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਿਵਾਰ ਸਮੇਤ ਆਪਣੇ ਵੋਟ ਦਾ ਇਸਤੇਮਾਲ ਕੀਤਾ। ਬੂਥ ਨੰਬਰ 118 'ਤੇ ਰਾਜਾ ਵੜਿੰਗ ਨੇ ਪਤਨੀ ਅਮ੍ਰਿਤਾ ਵੜਿੰਗ ਨਾਲ ਵੋਟ ਪਾਈ। ਇਸ ਦੌਰਾਨ ਵੜਿੰਗ ਨੇ ਕਿਹਾ ਕਿ ਲੋਕਤੰਤਰ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਸਾਰੇ ਨਾਗਰਿਕਾਂ ਦਾ ਫਰਜ਼ ਹੈ। 

PunjabKesari

► ਜਲੰਧਰ ਵਿਚ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਲਗਾਤਾਰ ਜਾਰੀ ਹੈ। ਅੱਤ ਦੇ ਗਰਮੀ ਵਿਚ ਵੀ ਬੂਥਾਂ 'ਤੇ ਵੋਟਰਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦਰਮਿਆਨ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਆਦਮਪੁਰ ਦੇ ਬੂਥ ਨੰਬਰ 129 'ਤੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਵੋਟ ਪਾਈ। 

PunjabKesari

► ਪੰਜਾਬ ਵਿਚ ਅੱਜ ਲੋਕ ਸਭਾ ਚੋਣਾਂ ਲਈ  ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਤਹਿਤ ਲੋਕ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪੋ-ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ। ਵੋਟਰਾਂ ਵਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਅੰਮ੍ਰਿਤਸਰ ਦੇ ਡੀ. ਸੀ. ਘਨਸ਼ਿਆਮ ਥੋਰੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਅਤੇ ਲੋਕਾਂ ਨੂੰ ਵੀ ਵੋਟ ਪਾਉਣ ਦੀ ਅਪੀਲ ਕੀਤੀ।

PunjabKesari

 

 

► ਚੋਣਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਮਸ਼ਹੂਰ ਅਦਾਕਰਾ ਗੁਲ ਪਨਾਗ ਨੇ ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਨੇ ਵੋਟ ਪਾਉਣ ਉਪਰੰਤ ਇਕ ਤਸਵੀਰ ਕਲਿੱਕ ਕਰਵਾਈ, ਜਿਸ 'ਚ ਉਹ ਆਪਣੀ ਉਂਗਲੀ 'ਤੇ ਲੱਗੀ ਛਾਹੀ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ।

PunjabKesari

► ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਣ ਪਹੁੰਚੇ। ਮੁੱਖ ਮੰਤਰੀ ਵਲੋਂ ਸੰਗਰੂਰ ਦੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ 'ਤੇ ਵੋਟ ਪਾਈ ਗਈ ਹੈ।

PunjabKesari

► ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ ਨੇ ਮੋਹਾਲੀ ਦੇ ਫੇਸ 10  ਵਿਖੇ ਬਣੇ ਪੋਲਿੰਗ ਬੂਥ 'ਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। 

PunjabKesari

► ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 7,22 ਫ਼ੀਸਦੀ, ਅਨੰਦਪੁਰ ਸਾਹਿਬ ’ਚ 9.53 ਫੀਸਦੀ, ਬਠਿੰਡਾ ’ਚ 9.74 ਫੀਸਦੀ, ਫਰੀਦਕੋਟ ’ਚ 9.83 ਫੀਸਦੀ, ਫਤਹਿਗੜ੍ਹ ਸਾਹਿਬ ’ਚ 8.27 ਫੀਸਦੀ, ਫਿਰੋਜ਼ਪੁਰ ’ਚ 11.61 ਫੀਸਦੀ, ਗੁਰਦਾਸਪੁਰ ’ਚ 8.81 ਫੀਸਦੀ, ਹੁਸ਼ਿਆਰਪੁਰ ’ਚ 9.66 ਫੀਸਦੀ, ਜਲੰਧਰ ’ਚ 9.34 ਫੀਸਦੀ, ਖਡੂਰ ਸਾਹਿਬ ’ਚ 9.71 ਫੀਸਦੀ, ਲੁਧਿਆਣਾ ’ਚ 9.08 ਫੀਸਦੀ, ਪਟਿਆਲਾ ’ਚ 10.98 ਫੀਸਦੀ ਅਤੇ ਸੰਗਰੂਰ ’ਚ 11.36 ਫੀਸਦੀ ਵੋਟਿੰਗ ਹੋਈ ਹੈ।

PunjabKesari

► ਪੰਜਾਬ ਵਿਚ ਅੱਜ ਲੋਕ ਸਭਾ ਚੋਣਾਂ ਲਈ  ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਤਹਿਤ ਲੋਕ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪੋ-ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ। ਵੋਟਰਾਂ ਵਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਕੁਝ ਨੌਜਵਾਨ ਦਿਵਿਆਂਗ ਹੋਣ ਦੇ ਬਾਵਜੂਦ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ।ਜਾਣਕਾਰੀ ਮੁਤਾਬਕਾ ਅੰਮ੍ਰਿਤਸਰ ਤੋਂ ਦਿਵਿਆਂਗ ਵਿਅਕਤੀ ਆਪਣੀ  ਵ੍ਹੀਲ ਚੇਅਰ ’ਤੇ ਵੋਟ ਪਾਉਣ ਲਈ ਆਏ।

PunjabKesari

► ਬਠਿੰਡਾ ਦੇ ਪਿੰਡ ਖੁੱਡੀਆਂ 'ਚ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਣ ਵੋਟਿੰਗ ਦਾ ਕੰਮ ਅਜੇ ਤਕ ਸ਼ੁਰੂ ਨਹੀਂ ਹੋ ਸਕਿਆ ਹੈ। ਪੰਜਾਬ ਭਰ ਵਿਚ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਅਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੋਟ ਪਾਉਣ ਪਹੁੰਚੇ ਪਰ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਣ ਉਹ ਵੋਟ ਨਹੀਂ ਪਾ ਸਕੇ ਅਤੇ ਕਤਾਰ ਵਿਚ ਖੜ੍ਹੇ ਹੋ ਕੇ ਵੋਟਿੰਗ ਮਸ਼ੀਨ ਠੀਕ ਹੋ ਤਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ। 

PunjabKesari

► ਪੰਜਾਬ ਵਿਚ ਲੋਕ ਸਭਾ ਚੋਣਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਹੌਟ ਸੀਟ ਪਟਿਆਲਾ 'ਤੇ ਜਿਵੇਂ ਹੀ ਵੋਟਿੰਗ ਸ਼ੁਰੂ ਤਾਂ ਪੋਲਿੰਗ ਬੂਥਾਂ 'ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਭਾ ਸੀਟ ਪਟਿਆਲਾ ਦੇ 9 ਹਲਕਿਆਂ ਵਿਚ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਟਿਆਲਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਚੋਂ ਵੱਡਾ ਹਲਕਾ ਹੈ। ਪਿਛਲੇ ਪੰਜ ਸਾਲਾਂ 'ਚ ਇਥੇ ਵੋਟਰਾਂ ਦੀ ਗਿਣਤੀ ਪੌਣੇ ਦੋ ਲੱਖ ਤੋਂ ਵੀ ਪਾਰ ਕਰ ਗਈ ਹੈ। ਸਾਲ 2019 ਦੀ ਲੋਕ ਸਭਾ ਚੋਣ ਦੌਰਾਨ ਇਥੇ 16 ਲੱਖ ਦੇ ਕਰੀਬ ਵੋਟਰ ਸਨ, ਜਦਕਿ ਹੁਣ ਇਥੇ ਵੋਟਰਾਂ ਦੀ ਗਿਣਤੀ 17 ਲੱਖ 83 ਹਜ਼ਾਰ 681 ਹੈ।

PunjabKesari

► ਪੰਜਾਬ ਸਮੇਤ ਚੰਡੀਗੜ੍ਹ 'ਚ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਵੇਰੇ ਹੀ ਪੋਲਿੰਗ ਬੂਥਾਂ 'ਤੇ ਵੋਟ ਪਾਉਣ ਆਏ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। ਚੰਡੀਗੜ੍ਹ ਦੇ 6,59 ਹਜ਼ਾਰ 804 ਰਜਿਸਟਰਡ ਵੋਟਰ ਅੱਜ ਆਪਣੇ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚੋਂ 3,41,544 ਪੁਰਸ਼ ਵੋਟਰ ਅਤੇ 3,18,226 ਮਹਿਲਾ ਵੋਟਰਾਂ ਤੋਂ ਇਲਾਵਾ 35 ਟਰਾਂਸ ਜੈਂਡਰ ਵੋਟਰ ਸ਼ਾਮਲ ਹਨ। 

PunjabKesari

► ਮੁਹਾਲੀ 'ਚ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਭ ਤੋਂ ਪਹਿਲਾਂ ਪੋਲਿੰਗ ਬੂਥ 'ਤੇ ਪਹੁੰਚੇ ਅਤੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਵੋਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਅੱਜ ਦੇਸ਼ ਵਾਸੀਆਂ ਵਲੋਂ ਦਿੱਤੀ ਗਈ ਇਕ-ਇਕ ਵੋਟ ਇਹ ਤੈਅ ਕਰੇਗੀ ਕਿ ਦੇਸ਼ ਦੀ ਦਸ਼ਾ ਅਤੇ ਦਿਸ਼ਾ ਕੀ ਹੋਵੇਗੀ। ਪੰਜਾਬੀਆਂ ਨੂੰ ਅਪੀਲ ਹੈ ਕਿ ਉਸ ਆਗੂ ਨੂੰ ਹੀ ਵੋਟ ਦਿਓ ਜਿਹੜਾ ਪਾਰਲੀਮੈਂਟ ਵਿਚ ਜਾ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰੇ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ।

PunjabKesari

1076 ਮਾਡਲ ਪੋਲਿੰਗ ਸਟੇਸ਼ਨ, ਮਹਿਲਾਵਾਂ ਦੁਆਰਾ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ , 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਅਤੇ ਦਿਵਿਆਂਗ ਵਿਅਕਤੀਆਂ ਦੁਆਰਾ ਪ੍ਰਬੰਧਿਤ 101 ਬੂਥ ਸ਼ਾਮਲ ਹਨ। ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਦੁਆਰਾ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਗਈ ਹੈ। ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ 'ਤੇ ਬਣਾਏ ਗਏ 117 ਕਾਊਂਟਿੰਗ ਸੈਟਰਾਂ 'ਤੇ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ :  ਲੋਕ ਸਭਾ ਚੋਣਾਂ : ਪੰਜਾਬ 'ਚ 2.14 ਕਰੋੜ ਵੋਟਰ, ਜਾਣੋ ਕਿਹੜੇ ਹਲਕੇ ’ਚ ਕਿੰਨੀ ਹੈ ਗਿਣਤੀ

ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 
13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹੋਣਗੇ, ਜਿਨ੍ਹਾਂ ’ਚੋਂ 16,517 ਪਿੰਡਾਂ ਵਿਚ ਅਤੇ 7,934 ਸ਼ਹਿਰਾਂ ’ਚ ਬਣਾਏ ਗਏ ਹਨ। ਗੁਰਦਾਸਪੁਰ ’ਚ 1895, ਅੰਮ੍ਰਿਤਸਰ 1684, ਖਡੂਰ ਸਾਹਿਬ 1974, ਜਲੰਧਰ 1951, ਹੁਸ਼ਿਆਰਪੁਰ 1963, ਆਨੰਦਪੁਰ ਸਾਹਿਬ 2068, ਲੁਧਿਆਣਾ 1843, ਫਤਹਿਗੜ੍ਹ ਸਾਹਿਬ 1821, ਫਰੀਦਕੋਟ 1688, ਫਿਰੋਜ਼ਪੁਰ 1903, ਬਠਿੰਡਾ 1814, ਸੰਗਰੂਰ 1765 ਅਤੇ ਪਟਿਆਲਾ ’ਚ 2082 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

13 ਲੋਕ ਸਭਾ ਹਲਕਿਆਂ ਤੋਂ ਮੁੱਖ ਪਾਰਟੀਆਂ ਦੇ ਉਮੀਦਵਾਰ

ਗੁਰਦਾਸਪੁਰ 
'ਆਪ' - ਅਮਨਸ਼ੇਰ ਸਿੰਘ ਸ਼ੈਰੀ ਕਲਸੀ
ਕਾਂਗਰਸ - ਸੁਖਜਿੰਦਰ ਸਿੰਘ ਰੰਧਾਵਾ
ਸ਼੍ਰੋਮਣੀ ਅਕਾਲੀ ਦਲ - ਦਲਜੀਤ ਸਿੰਘ ਚੀਮਾ
ਭਾਜਪਾ - ਦਿਨੇਸ਼ ਸਿੰਘ ਬੱਬੂ

ਅੰਮ੍ਰਿਤਸਰ
'ਆਪ' - ਕੁਲਦੀਪ ਸਿੰਘ ਧਾਲੀਵਾਲ
ਕਾਂਗਰਸ - ਗੁਰਜੀਤ ਸਿੰਘ ਔਜਲਾ
ਸ਼੍ਰੋਮਣੀ ਅਕਾਲੀ ਦਲ - ਅਨਿਲ ਜੋਸ਼ੀ
ਭਾਜਪਾ - ਤਰਨਜੀਤ ਸਿੰਘ ਸੰਧੂ

ਖਡੂਰ ਸਾਹਿਬ 
'ਆਪ'- ਲਾਲਜੀਤ ਸਿੰਘ ਭੁੱਲਰ
ਕਾਂਗਰਸ - ਕੁਲਬੀਰ ਸਿੰਘ ਜ਼ੀਰਾ
ਸ਼੍ਰੋਮਣੀ ਅਕਾਲੀ ਦਲ - ਵਿਰਸਾ ਸਿੰਘ ਵਲਟੋਹਾ
ਭਾਜਪਾ - ਮਨਜੀਤ ਸਿੰਘ ਮੰਨਾ
ਆਜ਼ਾਦ ਉਮੀਦਵਾਰ - ਅੰਮ੍ਰਿਤਪਾਲ ਸਿੰਘ

ਇਹ ਖ਼ਬਰ ਵੀ ਪੜ੍ਹੋ : ਪੰਜਾਬ 'ਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਮੁਕੰਮਲ, 2 ਕਰੋੜ ਤੋਂ ਵੱਧ ਵੋਟਰ ਪਾਉਣਗੇ ਆਪਣੀ ਵੋਟ 

ਜਲੰਧਰ 
'ਆਪ' - ਪਵਨ ਕੁਮਾਰ ਟੀਨੂੰ
ਕਾਂਗਰਸ - ਚਰਨਜੀਤ ਸਿੰਘ ਚੰਨੀ
ਸ਼੍ਰੋਮਣੀ ਅਕਾਲੀ ਦਲ - ਮੋਹਿੰਦਰ ਸਿੰਘ ਕੇ.ਪੀ.
ਭਾਜਪਾ - ਸੁਸ਼ੀਲ ਕੁਮਾਰ ਰਿੰਕੂ
ਬਸਪਾ - ਐਡਵੋਕੇਟ ਬਲਵਿੰਦਰ ਕੁਮਾਰ

ਹੁਸ਼ਿਆਰਪੁਰ 
'ਆਪ'- ਰਾਜ ਕੁਮਾਰ ਚੱਬੇਵਾਲ
ਕਾਂਗਰਸ - ਯਾਮਿਨੀ ਗੋਮਰ
ਸ਼੍ਰੋਮਣੀ ਅਕਾਲੀ ਦਲ - ਸੋਹਨ ਸਿੰਘ ਠੰਡਲ
ਭਾਜਪਾ - ਅਨੀਤਾ ਸੋਮ ਪ੍ਰਕਾਸ਼

ਅਨੰਦਪੁਰ ਸਾਹਿਬ 
'ਆਪ'- ਮਾਲਵਿੰਦਰ ਸਿੰਘ ਕੰਗ
ਕਾਂਗਰਸ - ਵਿਜੇ ਇੰਦਰ ਸਿੰਗਲਾ
ਸ਼੍ਰੋਮਣੀ ਅਕਾਲੀ ਦਲ - ਪ੍ਰੇਮ ਸਿੰਘ ਚੰਦੂਮਾਜਰਾ
ਭਾਜਪਾ - ਡਾ. ਸੁਭਾਸ਼ ਸ਼ਰਮਾ 
ਬਸਪਾ - ਜਸਵੀਰ ਸਿੰਘ ਗੜ੍ਹੀ

ਲੁਧਿਆਣਾ 
'ਆਪ'- ਅਸ਼ੋਕ ਪਰਾਸ਼ਰ ਪੱਪੀ
ਕਾਂਗਰਸ - ਅਮਰਿੰਦਰ ਸਿੰਘ ਰਾਜਾ ਵੜਿੰਗ
ਸ਼੍ਰੋਮਣੀ ਅਕਾਲੀ ਦਲ - ਰਣਜੀਤ ਸਿੰਘ ਢਿੱਲੋਂ
ਭਾਜਪਾ - ਰਵਨੀਤ ਸਿੰਘ ਬਿੱਟੂ

ਫ਼ਤਹਿਗੜ੍ਹ ਸਾਹਿਬ 
'ਆਪ'- ਗੁਰਪ੍ਰੀਤ ਸਿੰਘ ਜੀ.ਪੀ.
ਕਾਂਗਰਸ - ਅਮਰ ਸਿੰਘ
ਸ਼੍ਰੋਮਣੀ ਅਕਾਲੀ ਦਲ - ਬਿਕਰਮਜੀਤ ਸਿੰਘ ਖਾਲਸਾ
ਭਾਜਪਾ - ਗੇਜਾ ਰਾਮ ਵਾਲਮਿਕ

ਫਰੀਦਕੋਟ 
'ਆਪ' - ਕਰਮਜੀਤ ਅਨਮੋਲ
ਕਾਂਗਰਸ - ਬੀਬੀ ਅਮਰਜੀਤ ਕੌਰ
ਸ਼੍ਰੋਮਣੀ ਅਕਾਲੀ ਦਲ - ਰਾਜਵਿੰਦਰ ਸਿੰਘ
ਭਾਜਪਾ - ਹੰਸ ਰਾਜ ਹੰਸ

ਫਿਰੋਜ਼ਪੁਰ 
'ਆਪ'- ਜਗਦੀਪ ਸਿੰਘ ਕਾਕਾ ਬਰਾੜ
ਕਾਂਗਰਸ - ਸ਼ੇਰ ਸਿੰਘ ਘੁਬਾਇਆ
ਸ਼੍ਰੋਮਣੀ ਅਕਾਲੀ ਦਲ - ਨਿਰਦੇਵ ਸਿੰਘ ਬੌਬੀ ਮਾਨ
ਭਾਜਪਾ - ਰਾਣਾ ਗੁਰਮੀਤ ਸਿੰਘ ਸੋਢੀ

ਬਠਿੰਡਾ 
'ਆਪ' - ਗੁਰਮੀਤ ਸਿੰਘ ਖੁੱਡੀਆਂ
ਕਾਂਗਰਸ - ਜੀਤ ਮੋਹਿੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ - ਹਰਸਿਮਰਤ ਕੌਰ ਬਾਦਲ
ਭਾਜਪਾ - ਪਰਮਪਾਲ ਕੌਰ ਸਿੱਧੂ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)- ਲੱਖਾ ਸਿਧਾਣਾ

ਸੰਗਰੂਰ 
'ਆਪ' - ਗੁਰਮੀਤ ਸਿੰਘ ਮੀਤ ਹੇਅਰ
ਕਾਂਗਰਸ - ਸੁਖਪਾਲ ਸਿੰਘ ਖਹਿਰਾ
ਸ਼੍ਰੋਮਣੀ ਅਕਾਲੀ ਦਲ - ਇਕਬਾਲ ਸਿੰਘ ਝੂੰਦਾਂ
ਭਾਜਪਾ - ਅਰਵਿੰਦ ਖੰਨਾ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)-  ਸਿਮਰਨਜੀਤ ਸਿੰਘ ਮਾਨ

ਪਟਿਆਲਾ 
'ਆਪ' - ਡਾ.  ਬਲਬੀਰ ਸਿੰਘ
ਕਾਂਗਰਸ - ਡਾ. ਧਰਮਵੀਰ ਗਾਂਧੀ
ਸ਼੍ਰੋਮਣੀ ਅਕਾਲੀ ਦਲ - ਐੱਨ.ਕੇ. ਸ਼ਰਮਾ
ਭਾਜਪਾ - ਪਰਨੀਤ ਕੌਰ

ਇਹ ਖ਼ਬਰ ਵੀ ਪੜ੍ਹੋ :  ਲੋਕ ਸਭਾ ਚੋਣਾਂ: ਪੰਜਾਬ 'ਚ ਅੱਜ ਹੋਵੇਗੀ ਵੋਟਿੰਗ, 328 ਉਮੀਦਵਾਰਾਂ ਦੀ ਕਿਸਮਤ ਲਿਖਣਗੇ 2 ਕਰੋੜ ਪੰਜਾਬੀ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News