ਪੰਜਾਬ ਚੋਣ ਕਮੇਟੀ ਨੇ ਰਾਹੁਲ ਗਾਂਧੀ ਨੂੰ ਭੇਜੀ ਲੋਕ ਸਭਾ ਉਮੀਦਵਾਰਾਂ ਦੀ ਸੂਚੀ
Monday, Feb 18, 2019 - 11:06 PM (IST)
ਜਲੰਧਰ, (ਚੋਪੜਾ)-ਪੰਜਾਬ ਪ੍ਰਦੇਸ਼ ਕਾਂਗਰਸ ਦੀ ਚੋਣ ਕਮੇਟੀ ਵਲੋਂ 13 ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੰਖੇਪ ਸੂਚੀ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤੀ ਗਈ ਹੈ। ਇਸ ਸੂਚੀ ’ਚ ਕਾਂਗਰਸ ਦੇ ਉਨ੍ਹਾਂ ਵਿਧਾਇਕਾਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਨੇ 2019 ਦੀਆਂ ਚੋਣਾਂ ਲੜਨ ਲਈ ਅਰਜ਼ੀ ਦਿੱਤੀ ਸੀ ਜਦਕਿ ਕਾਂਗਰਸ ਹਾਈਕਮਾਨ ਨੇ ਪਹਿਲਾਂ ਅਜਿਹਾ ਫੈਸਲਾ ਲਿਆ ਸੀ ਕਿ ਲੋਕ ਸਭਾ ਚੋਣਾਂ ’ਚ ਕਿਸੇ ਵਿਧਾਇਕ ਨੂੰ ਟਿਕਟ ਨਹੀਂ ਦਿੱਤੀ ਜਾਏਗੀ, ਕਿਉਂਕਿ ਲੋਕ ਸਭਾ ਚੋਣਾਂ ਜਿੱਤਣ ਵਾਲੇ ਵਿਧਾਇਕ ਦੇ ਸਬੰਧਤ ਹਲਕੇ ’ਚ 6 ਮਹੀਨਿਆਂ ’ਚ ਉਪ ਚੋਣਾਂ ਕਰਵਾਉਣੀਆਂ ਪੈਣਗੀਆਂ। ਪੰਜਾਬ ’ਚ 7 ਵਿਧਾਇਕਾਂ ਤੇ 1 ਕੈਬਨਿਟ ਮੰਤਰੀ ਨੇ ਟਿਕਟ ’ਤੇ ਦਾਅਵੇਦਾਰੀ ਪ੍ਰਗਟਾਈ ਹੈ ਅਤੇ ਇੰਨੀ ਗਿਣਤੀ ’ਚ ਮੌਜੂਦਾ ਵਿਧਾਇਕਾਂ ਵਿਚੋਂ ਜੇਕਰ ਕੁਝ ਚਿਹਰਿਆਂ ਨੂੰ ਲੋਕ ਸਭਾ ਚੋਣਾਂ ਲੜਾਈਆਂ ਜਾਂਦੀਆਂ ਹਨ ਤਾਂ ਕਾਂਗਰਸ ਉਪ ਚੋਣਾਂ ਦੇ ਝਮੇਲੇ ’ਚ ਨਹੀਂ ਫਸਣਾ ਚਾਹੇਗੀ ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਟਿਕਟ ਵੰਡ ’ਚ ਸਿਰਫ ਜਿੱਤਣ ਦੀ ਸਮਰੱਥਾ ਦੇਖੀ ਜਾਏਗੀ ਅਤੇ ਇਸ ਹਲਕੇ ਤੋਂ ਵਿਧਾਇਕ ਦੇ ਜਿੱਤਣ ਦੀ ਪ੍ਰਬਲ ਸੰਭਾਵਨਾ ਹੋਵੇਗੀ ਤਾਂ ਉਸ ਨੂੰ ਟਿਕਟ ਜ਼ਰੂਰ ਮਿਲਣੀ ਚਾਹੀਦੀ ਹੈ। ਅਜਿਹੇ ਫੈਸਲੇ ਉਪਰੰਤ ਦਾਅਵੇਦਾਰ ਵਿਧਾਇਕਾਂ ਦੇ ਚਿਹਰੇ ਖਿੜ ਗਏ, ਜੋ ਕਿ ਪਹਿਲਾਂ ਪਾਬੰਦੀ ਲੱਗਣ ’ਤੇ ਕੁਝ ਮਾਯੂਸ ਦਿਖਾਈ ਦਿੰਦੇ ਸਨ। ਚੋਣਾਂ ਲੜਨ ਦੇ ਚਾਹਵਾਨ ਵਿਧਾਇਕਾਂ ’ਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਡਾ. ਰਾਜਕੁਮਾਰ ਚੱਬੇਵਾਲ ਅਤੇ ਵਿਧਾਇਕ ਪਵਨ ਆਦੀਆ, ਜਲੰਧਰ ਤੋਂ ਵਿਧਾਇਕ ਸੁਸ਼ੀਲ ਰਿੰਕੂ, ਲੁਧਿਆਣਾ ਹਲਕੇ ਤੋਂ ਰਾਕੇਸ਼ ਪਾਂਡੇ, ਫਿਰੋਜ਼ਪੁਰ ਹਲਕੇ ਤੋਂ ਪੰਜਾਬ ਦੇ ਮੰਤਰੀ ਰਾਣਾ ਸੋਢੀ, ਅੰਮ੍ਰਿਤਸਰ ਤੋਂ ਹਰਪ੍ਰਤਾਪ ਅਜਨਾਲਾ, ਪਟਿਆਲਾ ਤੋਂ ਰਣਦੀਪ ਸਿੰਘ ਨਾਭਾ ਦੇ ਨਾਂ ਸ਼ਾਮਲ ਹਨ।
ਬੀਤੇ ਕੱਲ ਚੰਡੀਗੜ੍ਹ ਦੇ ਕਾਂਗਰਸ ਭਵਨ ’ਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ’ਚ ਪੰਜਾਬ ਚੋਣ ਕਮੇਟੀ ਨੇ 180 ਦਾਅਵੇਦਾਰਾਂ ਦੇ ਨਾਂ ਨੂੰ ਛਾਂਟ ਕੇ ਸਿਰਫ ਮਿਹਨਤੀ ਦਾਅਵੇਦਾਰਾਂ ਦੀ ਸੰਖੇਪ ਸੂਚੀ ਭੇਜਣ ਦਾ ਫੈਸਲਾ ਲਿਆ ਸੀ। ਇੰਝ ਤਾਂ ਕੁਲ 180 ਦਾਅਵੇਦਾਰਾਂ ਨੇ ਟਿਕਟ ਲਈ ਅਰਜ਼ੀ ਕੀਤੀ ਸੀ, ਕਿਉਂਕਿ ਅਰਜ਼ੀਕਰਤਾਵਾਂ ’ਚ ਅਨੇਕਾਂ ਅਜਿਹੇ ਚਿਹਰੇ ਵੀ ਸ਼ਾਮਲ ਸਨ, ਜੋ ਕਿ ਲੋਕ ਸਭਾ ਤਾਂ ਕੀ ਵਿਧਾਨ ਸਭਾ ਚੋਣਾਂ ਤੱਕ ਲੜ ਸਕਣ ’ਚ ਸਮਰੱਥ ਨਹੀਂ ਸਨ ਪਰ ਹਾਈਕਮਾਨ ਵੱਲੋਂ ਵੱਖ-ਵੱਖ ਬੋਰਡਾਂ ਤੇ ਵਿਭਾਗਾਂ ’ਚ ਵੰਡੀਆਂ ਜਾਣ ਵਾਲੀਆਂ ਚੇਅਰਮੈਨੀਆਂ ’ਤੇ ਨਜ਼ਰ ਗੱਢੀ ਨੇਤਾ ਸਿਰਫ 25 ਹਜ਼ਾਰ ਰੁਪਏ ਖਰਚ ਕਰ ਕੇ ਅਰਜ਼ੀ ਦੇਣ ਤੋਂ ਬਾਅਦ ਲੋਕ ਸਭਾ ਟਿਕਟ ਤਾਂ ਨਹੀਂ ਸਗੋਂ ਚੇਅਰਮੈਨੀ ਹਾਸਲ ਕਰਨ ਦੇ ਸੁਪਨੇ ਜ਼ਰੂਰ ਦੇਖਣ ਲੱਗੇ ਸਨ। ਚੋਣ ਕਮੇਟੀ ਦੀ ਮੀਟਿੰਗ ਦੇ ਕੁਝ ਮਿੰਟਾਂ ’ਚ ਹੀ ਅਜਿਹੀਆਂ ਅਰਜ਼ੀਆਂ ਦਾ ਪੱਤਾ ਸਾਫ ਕਰ ਦਿੱਤਾ ਗਿਆ ਅਤੇ ਕਮੇਟੀ ਦੇ ਮੈਂਬਰਾਂ ਲਈ ਸੁਝਾਵਾਂ ਮੁਤਾਬਕ ਮੈਂਬਰਾਂ ਦੀ ਸਲਾਹ ਤੋਂ ਬਾਅਦ ਪੰਜਾਬ ਮਾਮਲਿਆਂ ਦੀ ਮੁਖੀ ਆਸ਼ਾ ਕੁਮਾਰੀ ਨੇ ਗੁਪਤ ਤੌਰ ’ਤੇ 13 ਹਲਕਿਆਂ ਦਾ ਪੈਨਲ ਬਣਾ ਕੇ ਸੂਚੀ ਨੂੰ ਦਿੱਲੀ ’ਚ ਕਾਂਗਰਸ ਦੀ ਨੈਸ਼ਨਲ ਸਕ੍ਰੀਨਿੰਗ ਕਮੇਟੀ ਨੂੰ ਭੇਜ ਦਿੱਤੀ ਹੈ। ਹੁਣ ਸੂਚੀ ’ਚ ਸ਼ਾਮਲ ਨਾਵਾਂ ’ਤੇ ਆਖਰੀ ਮੋਹਰ ਕਾਂਗਰਸ ਪ੍ਰਧਾਨ ਲਾਉਣਗੇ।