ਸਸਤੀ ਹੋਵੇਗੀ ਸ਼ਰਾਬ, ਗਰੁੱਪ ''ਚ ਨਵੇਂ ਠੇਕੇਦਾਰਾਂ ਦੀ ਐਂਟਰੀ ਕਾਰਨ ਵਧੇਗੀ ਪ੍ਰਾਈਸ ਵਾਰ

Thursday, Mar 23, 2023 - 11:53 AM (IST)

ਜਲੰਧਰ (ਪੁਨੀਤ) : ਸ਼ਰਾਬ ਠੇਕਿਆਂ ਦੇ ਗਰੁੱਪਾਂ ਦੀ ਰਿਜ਼ਰਵ ਪ੍ਰਾਈਸ ਵਿਚ ਹੋਈ 2.50 ਫ਼ੀਸਦੀ ਦੀ ਕਟੌਤੀ ਦੇ ਨਾਲ ਮੰਗੇ ਗਏ ਈ-ਟੈਂਡਰ ਪ੍ਰਕਿਰਿਆ ਦੇ ਅੰਤਿਮ ਦਿਨ ਜਲੰਧਰ ਜ਼ੋਨ ਦੇ 17 ਵਿਚੋਂ 7 ਗਰੁੱਪਾਂ ਦਾ ਟੈਂਡਰ ਸਫ਼ਲ ਕਰਾਰ ਦਿੱਤਾ ਗਿਆ ਹੈ। ਲੰਮੇ ਅਰਸੇ ਤੋਂ ਬਾਅਦ ਮਹਾਨਗਰ ਵਿਚ ਨਵੇਂ ਸ਼ਰਾਬ ਠੇਕੇੇਦਾਰਾਂ ਦੀ ਐਂਟਰੀ ਹੋਈ ਹੈ, ਜਿਸ ਨਾਲ ਸ਼ਰਾਬ ਸਸਤੀ ਹੋਣ ਦੀਆਂ ਉਮੀਦਾਂ ਜਾਗ ਪਈਆਂ ਹਨ। ਇਸ ਤੋਂ ਪਹਿਲਾਂ ਮਹਾਨਗਰ ਵਿਚ ਪੁਰਾਣੇ ਠੇਕੇਦਾਰ ਆਪਸ ਵਿਚ ਪੂਲ ਕਰ ਲੈਂਦੇ ਸਨ ਅਤੇ ਮਨਮਾਨੇ ਰੇਟ ’ਤੇ ਸ਼ਰਾਬ ਦੀ ਵਿਕਰੀ ਹੁੰਦੀ ਸੀ। ਹੁਣ ਨਵੇਂ ਚਿਹਰੇ ਆਉਣ ਨਾਲ ਵਿਕਰੀ ਵਧਾਉਣ ਲਈ ਪ੍ਰਾਈਸ ਵਾਰ ਦੇਖਣ ਨੂੰ ਮਿਲੇਗੀ, ਇਸ ਨਾਲ ਸ਼ਰਾਬ ਸਸਤੀ ਉਪਲੱਬਧ ਹੋਵੇਗੀ।

ਇਹ ਵੀ ਪੜ੍ਹੋ :   ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ, ਰਾਡਾਰ 'ਤੇ NRI ਪਤਨੀ

ਜਲੰਧਰ ਜ਼ੋਨ ਦੇ ਸਫ਼ਲ ਹੋਏ 7 ਗਰੁੱਪਾਂ ਦੇ ਟੈਂਡਰ ਤੋਂ ਵਿਭਾਗ ਨੂੰ 255.13 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ, ਇਨ੍ਹਾਂ ਵਿਚ ਜਲੰਧਰ ਵੈਸਟ ਵਿਚ ਆਉਂਦਾ ਬੱਸ ਸਟੈਂਡ ਗਰੁੱਪ ਐੱਨ. ਆਈ. ਆਰ. ਪਾਰਟੀ, ਦਿ ਲਿਕਰ ਗ੍ਰੈਂਡਜ਼ ਟਰੇਡਰਜ਼ ਨੇ 35.35 ਕਰੋੜ ਵਿਚ ਖ਼ਰੀਦਿਆ ਹੈ। ਉਥੇ ਹੀ ਪਟਿਆਲਾ ਦੀ ਪ੍ਰਸਿੱਧ ਫਰਮ ਗੁਰਫਤਿਹ ਇੰਟਰਪ੍ਰਾਈਜ਼ਿਜ਼ ਨੇ ਮਾਡਲ ਟਾਊਨ ਗਰੁੱਪ ਨੂੰ 37.21 ਕਰੋੜ ਰੁਪਏ ਦੀ ਸਫ਼ਲ ਬੋਲੀ ਦੇ ਕੇ ਹਾਸਲ ਕੀਤਾ ਹੈ। ਜਲੰਧਰ ਈਸਟ ਦੀ ਗੱਲ ਕਰੀਏ ਤਾਂ ਇਸ ਜ਼ੋਨ ਵਿਚ ਆਉਂਦੇ ਮਹੱਤਵਪੂਰਨ ਲੰਮਾ ਪਿੰਡ ਗਰੁੱਪ ਨੂੰ ਨਿਹਾਲ ਵਾਈਨ ਨੇ 40.67 ਕਰੋੜ ਰੁਪਏ ਵਿਚ ਹਾਸਲ ਕੀਤਾ ਹੈ, ਜਦਕਿ ਗੁਰਾਇਆ ਗਰੁੱਪ ’ਤੇ ਕ੍ਰਿਸ਼ਨ ਦੇਵ ਐਂਡ ਗਰੁੱਪ ਨੇ 35.32 ਕਰੋੜ ਵਿਚ ਕਬਜ਼ਾ ਜਮਾਇਆ ਹੈ।

ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਨਿਪਟਾ ਲਓ ਇਹ 5 ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਨਵੀਂ ਐਕਸਾਈਜ਼ ਪਾਲਿਸੀ ਅਨੁਸਾਰ ਵਿਭਾਗ ਵੱਲੋਂ 12 ਫ਼ੀਸਦੀ ਵਾਧੇ ਨਾਲ ਮੌਜੂਦਾ ਗਰੁੱਪ ਰੀਨਿਊ ਕਰਵਾਉਣ ਦਾ ਆਫਰ ਦਿੱਤਾ ਗਿਆ ਹੈ, ਜਿਸ ਤਹਿਤ ਸ਼ੁਰੂਆਤ ਵਿਚ ਪੰਜਾਬ ਦੇ 171 ਗਰੁੱਪਾਂ ਵਿਚੋਂ 119 ਗਰੁੱਪ ਤੁਰੰਤ ਪ੍ਰਭਾਵ ਨਾਲ ਰੀਨਿਊ ਹੋ ਗਏ ਹਨ ਅਤੇ 52 ਗਰੁੱਪ ਪੈਂਡਿੰਗ ਹਨ। ਬਾਕੀ ਬਚੇ 49 ਗਰੁੱਪਾਂ ਲਈ ਵਿਭਾਗ ਵੱਲੋਂ ਸੋਮਵਾਰ ਨੂੰ 2.50 ਫ਼ੀਸਦੀ ਕਟੌਤੀ ਨਾਲ ਟੈਂਡਰ ਸੱਦੇ ਗਏ ਸਨ, ਜਿਸ ਤਹਿਤ ਜਲੰਧਰ ਜ਼ੋਨ ਦੇ 17 ਵਿਚੋਂ 7 ਗਰੁੱਪ ਵਿਕ ਗਏ ਹਨ। ਜ਼ੋਨ ਦੇ 17 ਗਰੁੱਪਾਂ ਦੀ ਕੀਮਤ 726 ਕਰੋੜ ਦੇ ਲਗਭਗ ਬਣਦੀ ਹੈ ਅਤੇ ਇਨ੍ਹਾਂ ਵਿਚੋਂ 255 ਕਰੋੜ ਦੇ ਗਰੁੱਪ ਵਿਕਣ ਤੋਂ ਬਾਅਦ ਬਾਕੀ 471 ਕਰੋੜ ਦੇ ਗਰੁੱਪ ਬਚੇ ਹਨ। ਪੰਜਾਬ ਭਰ ਦੇ ਬਾਕੀ ਬਚੇ ਗਰੁੱਪਾਂ ਲਈ ਵਿਭਾਗ ਵੱਲੋਂ ਕੀਮਤਾਂ ਵਿਚ 2 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਪਹਿਲਾਂ ਕੀਤੀ ਗਈ 2.50 ਫ਼ੀਸਦੀ ਅਤੇ ਹੁਣ 2 ਫ਼ੀਸਦੀ ਕੀਮਤ ਹੋਰ ਘੱਟ ਕੀਤੇ ਜਾਣ ਨਾਲ ਮਹਾਨਗਰ ਦੇ ਬਾਕੀ ਬਚੇ ਜੋਤੀ ਚੌਂਕ, ਰੇਲਵੇ ਸਟੇਸ਼ਨ ਦੇ ਗਰੁੱਪਾਂ ਵਿਚ ਕੁੱਲ 4.50 ਫ਼ੀਸਦੀ ਦੀ ਕਟੌਤੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਚਲਾਇਆ ਜਾ ਰਿਹੈ ‘ਕੇ-2’ ਪ੍ਰਾਜੈਕਟ

ਟੈਂਡਰ ਕਰਨ ਲਈ ਹਾਲੇ ਕਾਫ਼ੀ ਸਮਾਂ ਬਾਕੀ ਰਹਿੰਦਾ ਹੈ, ਜਿਸ ਕਾਰਨ ਠੇਕੇਦਾਰ ਆਪਣੇ ਗਰੁੱਪ ਅੱਗੇ ਚਲਾਉਣ ’ਤੇ ਵਿਚਾਰ ਕਰ ਰਹੇ ਹਨ। ਇਸ ਕਾਰਨ ਅਜੇ ਤੱਕ ਮਹਾਨਗਰ ਦੇ ਕਿਸੇ ਵੀ ਗਰੁੱਪ ਵੱਲੋਂ ਸ਼ਰਾਬ ਦੀਆਂ ਕੀਮਤਾਂ ਵਿਚ ਗਿਰਾਵਟ ਨਹੀਂ ਕੀਤੀ ਗਈ। ਕੀਮਤ ਨਾ ਘਟਣ ਕਾਰਨ ਠੇਕਿਆਂ ਤੋਂ ਰੌਣਕ ਗਾਇਬ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਫੋਨ ਨੰਬਰ ਜਾਰੀ ਕਰ ਮੰਗੇ ਸੁਝਾਅ

ਨੋਟ  : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News